ਜਲੰਧਰ: ਡਾ. ਅੰਬੇਡਕਰ ਦੇ ਜੀਵਨ, ਲਿਖਤਾਂ, ਸੰਘਰਸ਼ ਉਪਰ ਗਹਿਰੀ ਖੋਜ਼ ਕਰਨ ਵਾਲੇ, ਮਹੱਤਵਪੂਰਣ ਵਿਸ਼ਿਆਂ ਉਪਰ ਅੱਧੀ ਦਰਜਣ ਤੋਂ ਵੱਧ ਅੰਗਰੇਜ਼ੀ ਭਾਸ਼ਾ ਵਿੱਚ ਪੁਸਤਕਾਂ ਦੀ ਸਿਰਜਣਾ ਕਰਨ ਵਾਲੇ ਅਤੇ ਗੋਆ ਇੰਸਟੀਚਿਊਟ ਆਫ਼ ਮੈਨੇਜ਼ਮੈਂਟ ਦੇ ਪ੍ਰੋ. ਆਨੰਦ ਤੈਲਤੁੰਬੜੇ ਉਪਰ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨਾਂ ਦੀ ਬੇਦਰੇਗ ਵਰਤੋਂ ਕਰਕੇ ਸੀਖਾਂ ਪਿੱਛੇ ਡੱਕਣ ਲਈ ਕੇਂਦਰੀ ਹਕੂਮਤ ਵੱਲੋਂ ਰੱਸੇ ਪੈੜੇ ਵੱਟੇ ਜਾਣ ਦਾ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਨੇ ਹੰਗਾਮੀ ਵਿਚਾਰ-ਚਰਚਾ ਕਰਕੇ ਜ਼ੋਰਦਾਰ ਵਿਰੋਧ ਕੀਤਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਪ੍ਰੋ. ਆਨੰਦ ਤੈਲਤੁੰਬੜੇ ਨੂੰ ਭੀਮਾ ਕੋਰੇਗਾਓ ‘ਚ 1 ਜਨਵਰੀ 2018 ਨੂੰ ਵਾਪਰੀ ਘਟਨਾ ‘ਚ ਸ਼ਾਮਲ ਕਰਨ ਦੀ ਮਨਘੜਤ ਯੋਜਨਾ ਤਹਿਤ ਝੂਠੇ ਕੇਸਾਂ ‘ਚ ਉਲਝਾਇਆ ਜਾ ਰਿਹਾ ਹੈ, ਜਿਸਦੀ ਅੱਜ ਦੇਸ਼ ਭਗਤ ਯਾਦਗਾਰ ਹਾਲ ‘ਚ ਬੈਠਕ ਕਰਕੇ ਤਿੱਖੀ ਆਲੋਚਨਾ ਕੀਤੀ ਗਈ।
ਕਮੇਟੀ ਨੇ ਦੋਸ਼ ਲਾਇਆ ਕਿ ਭੀਮਾ ਕੋਰੇਗਾਓਂ ‘ਚ ਆਏ ਦਲਿਤਾਂ ਦੇ ਹੜ੍ਹ ਤੋਂ ਘਬਰਾ ਕੇ ਆਰ.ਐਸ.ਐਸ. ਦੇ ਜਾਣੇ-ਪਹਿਚਾਣੇ ਵਿਅਕਤੀਆਂ ਨੇ ਹਿੰਸਾ ਕੀਤੀ, ਉਹ ਸ਼ਰੇਆਮ ਕਾਨੂੰਨ ਦੇ ਨੱਕ ਹੇਠ ਸੁਰੱਖਿਅਤ ਰੱਖੇ ਜਾ ਰਹੇ ਹਨ। ਉਲਟਾ ਹਿੰਸਾ ਤੋਂ ਪੀੜਤ ਵਰਗ ਦੀ ਆਵਾਜ਼ ਬਣਨ ਵਾਲੇ ਪ੍ਰੋ. ਆਨੰਦ ਤੈਲਤੁੰਬੜੇ ਵਰਗੇ ਕਿੰਨੇ ਹੀ ਲੇਖਕਾਂ, ਸਾਹਿਤਕਾਰਾਂ, ਕਵੀਆਂ, ਬੁੱਧੀਮਾਨਾਂ, ਸਮਾਜਕ ਜਮਹੂਰੀ ਕਾਰਕੁੰਨਾਂ ਨੂੰ ਚੜ੍ਹਦੇ ਸੂਰਜ ਜੇਲ੍ਹਾਂ ਦੀਆਂ ਕਾਲ਼-ਕੋਠੜੀਆਂ ‘ਚ ਡੱਕਿਆ ਜਾ ਰਿਹਾ ਹੈ।
ਵਿਚਾਰ-ਚਰਚਾ ‘ਚ ਉਪਰੋਕਤ ਆਗੂਆਂ ਸਮੇਤ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ, ਇਤਿਹਾਸ ਕਮੇਟੀ ਦੇ ਕਨਵੀਨਰ ਨੌਨਿਹਾਲ ਸਿੰਘ, ਲਾਇਬਰੇਰੀ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਦੇ ਖਜ਼ਾਨਚੀ ਰਣਜੀਤ ਸਿੰਘ ਅਤੇ ਕਮੇਟੀ ਮੈਂਬਰ ਸੀਤਲ ਸਿੰਘ ਸੰਘਾ, ਚਰੰਜੀ ਲਾਲ ਕੰਗਣੀਵਾਲ ਸ਼ਾਮਲ ਸਨ।
ਕਮੇਟੀ ਨੇ ਸਮੂਹ ਜਮਹੂਰੀ ਅਤੇ ਇਨਸਾਫ਼ਪਸੰਦ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੋ. ਆਨੰਦ ਤੈਲਤੁੰਬੜੇ ਦੀ ਗ੍ਰਿਫ਼ਤਾਰੀ ਉਪਰ ਰੋਕ ਲਵਾਉਣ ਅਤੇ ਉਹਨਾਂ ‘ਤੇ ਮੜ੍ਹੇ ਝੂਠੇ ਕੇਸ ਵਾਪਸ ਕਰਾਉਣ ਲਈ ਇੱਕਜੁੱਟ ਹੋ ਕੇ ਆਵਾਜ਼ ਉਠਾਉਣ।
ਕਮੇਟੀ ਨੇ ਇਹ ਮੰਗ ਵੀ ਕੀਤੀ ਕਿ ਦੇਸ਼ ਭਰ ਅੰਦਰ ਫੜੇ ਸਮੂਹ ਲੋਕ-ਪੱਖੀ ਬੁੱਧੀਜੀਵੀਆਂ, ਸਮਾਜਕ-ਜਮਹੂਰੀ ਕਾਰਕੁੰਨਾਂ ਨੂੰ ਰਿਹਾਅ ਕੀਤਾ ਜਾਏ।
ਯੂ ਕੇ ਤੋਂ ਪ੍ਰੌਗਰੈਸਿਵ ਰਾਈਟਰਜ਼ ਐਸੋਸੀਏਸ਼ਨ, ਸਲੋਹ ਤੇ ਸਭਿਆਚਾਰ ਮੰਚ ਸਲੋਹ ਯੂ.ਕੇ. ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਉਠਾਏ ਗਏ ਕਦਮਾਂ ਨਾਲ ਯਕਜਹਿਤੀ ਜਤਾਉਂਦੀ, ਭਾਰਤ ਸਰਕਾਰ ਦੇ ਲੋਕ-ਪੱਖੀ ਬੁੱਧੀ-ਜੀਵੀਆਂ ਖ਼ਿਲਾਫ਼ ਹਰ ਵਿਤਕਰੇ ਭਰੇ ਕਦਮ ਦੀ ਨਿਖੇਧੀ ਕਰਦੀ ਹੈ- ਦਰਸ਼ਨ ਸਿੰਘ ਢਿਲੋਂ