ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਰਵਾਇਆ ਕਤਲ

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਹਸਤਾ ਕਲਾਂ ਵਿੱਚ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਇਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਅਖੌਤੀ ਰੂਪ ਨਾਲ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਹੈ। ਇਥੇ ਸਥਾਨਕ ਸਿਵਲ ਹਸਪਤਾਲ ਵਿੱਚ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਛਿੰਦਰਪਾਲ ਸਿੰਘ ਦਾ ਲਗਪਗ 16-17 ਸਾਲ ਪਹਿਲਾਂ ਬਲਵੀਰੋ ਬਾਈ ਨਾਲ ਵਿਆਹ ਹੋਇਆ ਸੀ ਅਤੇ ਉਹ ਆਪਣੇ ਮਾਤਾ-ਪਿਤਾ ਤੋਂ ਅੱਲਗ ਆਪਣੇ ਪਰਿਵਾਰ ਨਾਲ ਪਿੰਡ ਵਿੱਚ ਹੀ ਕੁਝ ਦੂਰੀ ਉੱਤੇ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਛਿੰਦਰਪਾਲ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਉਸ ਦਾ ਆਪਣਾ ਕੋਈ ਬੱਚਾ ਨਹੀਂ ਸੀ। ਉਸ ਨੇ ਇਕ ਲੜਕੀ ਗੋਦ ਲਈ ਹੋਈ ਸੀ। ਉਨ੍ਹਾਂ ਦੱਸਿਆ ਕਿ ਛਿੰਦਰਪਾਲ ਸਿੰਘ ਰਾਤ ਨੂੰ ਦਿਹਾੜੀ ਕਰਕੇ ਘਰ ਆਇਆ ਅਤੇ ਉਸ ਦੀ ਪਤਨੀ ਨੇ ਅਖੌਤੀ ਤੌਰ ’ਤੇ ਸਬਜ਼ੀ ਵਿੱਚ ਨਸ਼ੀਲੀ ਵਸਤੂ ਮਿਲਾ ਕੇ ਉਸ ਨੂੰ ਖੁਆ ਕੇ ਬੇਹੋਸ਼ ਕਰ ਦਿੱਤਾ ਅਤੇ ਆਪਣੇ ਪ੍ਰੇਮੀ ਨਾਲ ਮਿਲਕੇ ਛਿੰਦਰਪਾਲ ਸਿੰਘ ਨੂੰ ਜਾਨੋ ਮਾਰ ਦਿੱਤਾ। ਜਿਸ ਤੋਂ ਬਾਅਦ ਇਸ ਔਰਤ ਨੇ ਆਪਣੇ ਗੁਆਂਢੀਆਂ ਨੂੰ ਕਿਹਾ ਕਿ ਅਟੈਕ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਰਾਤ ਲਗਪਗ 12 ਵਜੇ ਛਿੰਦਰਪਾਲ ਸਿੰਘ ਦੇ ਗੁਆਂਢੀ ਨੇ ਇਸ ਘਟਨਾ ਸਬੰਧੀ ਉਨ੍ਹਾਂ ਦੇ ਘਰ ਆ ਕੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੇ ਵੇਖਿਆ ਕਿ ਛਿੰਦਰਪਾਲ ਸਿੰਘ ਦੇ ਗਲੇ ਉੱਤੇ ਨਿਸ਼ਾਨ ਹਨ, ਜਿਸ ਕਾਰਨ ਉਸ ਦੀ ਮੌਤ ਗਲਾ ਦਬਾਉਣ ਕਾਰਨ ਹੋਈ ਹੋ ਸਕਦੀ ਹੈ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਘਟਨਾ ਨੂੰ ਅੰਜ਼ਾਮ ਦੇਣ ਵਾਲੀ ਪਤਨੀ ਬਲਵੀਰੋ ਬਾਈ ਅਤੇ ਉਸ ਦੇ ਪ੍ਰੇਮੀ ਖ਼ਿਲਾਫ਼ ਸਖ਼ਤ ਤੋਂ ਸ਼ਖ਼ਤ ਕਾਰਵਾਈ ਕੀਤੀ ਜਾਵੇ। ਮ੍ਰਿਤਕ ਦੀ ਦੇਹ ਦਾ ਪੋਸਟ ਮਾਰਟਮ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ। ਥਾਣਾ ਸਦਰ ਦੇ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਕਤਲ ਸਬੰਧੀ ਮ੍ਰਿਤਕ ਦੀ ਪਤਨੀ ਬਲਵੀਰੋ ਬਾਈ ਅਤੇ ਉਸ ਦੇ ਪ੍ਰੇਮੀ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਛਾਪੇਮਾਰੀ ਕਰ ਰਹੀ ਹੈ।

Previous articleਪ੍ਰਧਾਨ ਮੰਤਰੀ ਨੇ ਜ਼ਾਬਤੇ ਦੀ ਨਹੀਂ ਕੀਤੀ ਉਲੰਘਣਾ: ਚੋਣ ਕਮਿਸ਼ਨ
Next articleਬਠਿੰਡਾ ਏਮਜ਼: ਬ੍ਰਹਮ ਮਹਿੰਦਰਾ ਨੇ ਹਰਸਿਮਰਤ ਨੂੰ ਘੇਰਿਆ