ਚੰਡੀਗੜ੍ਹ (ਸਮਾਜਵੀਕਲੀ) : ਵਿਦਿਆਰਥੀ ਜਥੇਬੰਦੀ ਸੀਵਾਈਐੱਸਐੱਸ ਦੇ ਆਗੂਆਂ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੀਆਂ ਸਮੈਸਟਰ ਪ੍ਰੀਖਿਆਵਾਂ ਲੈਣ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ। ਇਹ ਜਥੇਬੰਦੀ ਆਮ ਆਦਮੀ ਪਾਰਟੀ ਨਾਲ ਸਬੰਧਤ ਹੈ।
ਜਥੇਬੰਦੀ ਦੇ ਆਗੂਆਂ ਰੇਸ਼ਮ ਸਿੰਘ ਗੋਦਾਰਾ ਅਤੇ ਕਾਬਲ ਸੁਮਾਗ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪ੍ਰੀਖਿਆ ਕੇਂਦਰ ਵਿਦਿਆਰਥੀਆਂ ਦੇ ਘਰਾਂ ਨੇੜਲੇ ਪੀਯੂ ਦੇ ਖੇਤਰੀ ਕੇਂਦਰਾਂ ਅਨੁਸਾਰ ਅਲਾਟ ਕੀਤੇ ਜਾਣਗੇ ਜਦਕਿ ਹਕੀਕਤ ਇਹ ਹੈ ਕਿ ਪੀਯੂ ਦੇ ਬਹੁਤ ਸਾਰੇ ਵਿਦਿਆਰਥੀ ਅਜਿਹੇ ਹਨ ਜੋ ਕਿ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਲੱਦਾਖ, ਕਸ਼ਮੀਰ, ਝਾਰਖੰਡ ਅਤੇ ਹੋਰਨਾਂ ਸੂਬਿਆਂ ਦੇ ਵਸਨੀਕ ਹਨ।
ਇਸ ਲਈ ਪੀਯੂ ਦਾ ਘਰਾਂ ਨੇੜਲੇ ਖੇਤਰੀ ਕੇਂਦਰਾਂ ਅਨੁਸਾਰ ਪ੍ਰੀਖਿਆ ਕੇਂਦਰ ਅਲਾਟ ਕਰਕੇ ਪ੍ਰੀਖਿਆਵਾਂ ਕਰਵਾਉਣ ਦਾ ਫ਼ੈਸਲਾ ਪੂਰੀ ਤਰ੍ਹਾਂ ਤਰਕਹੀਣ ਹੈ ਕਿਉਂਕਿ ਕਰੋਨਾ ਵਾਇਰਸ ਦੇ ਦੌਰ ਵਿੱਚ ਇੰਨੀ ਦੂਰ ਤੋਂ ਵਿਦਿਆਰਥੀਆਂ ਲਈ ਆਉਣਾ ਜਾਣਾ ਮੁਸ਼ਕਿਲ ਹੋਵੇਗਾ ਅਤੇ ਕਰੋਨਾ ਵਾਇਰਸ ਦਾ ਡਰ ਵੀ ਵਿਦਿਆਰਥੀਆਂ ਨੂੰ ਸਤਾ ਰਿਹਾ ਹੋਵੇਗਾ।
ਉਨ੍ਹਾਂ ਮੰਗ ਕੀਤੀ ਕਿ ਪ੍ਰੀਖਿਆਵਾਂ ਰੱਦ ਕਰਕੇ ਫਾਈਨਲ ਸਮੈਸਟਰ ਦੇ ਸਾਰੇ ਵਿਦਿਆਰਥੀਆਂ ਦੇ ਨਤੀਜੇ ਪਿਛਲੀਆਂ ਪ੍ਰੀਖਿਆਵਾਂ ਦੇ ਅਾਧਾਰ ’ਤੇ ਐਲਾਨੇ ਜਾਣ ਜਾਂ ਫਿਰ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਸੱਦ ਕੇ ਸਹਿਮਤੀ ਨਾਲ ਕੋਈ ਫੈਸਲਾ ਕੀਤਾ ਜਾਵੇ। ਊਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਸਿਰਫ਼ ਉਨ੍ਹਾਂ ਵਿਦਿਆਰਥੀਆਂ ਦੀਆਂ ਹੀ ਲਈਆਂ ਜਾਣ ਜਿਹੜੇ ਵਿਦਿਆਰਥੀ ਆਪਣੇ ਪਿਛਲੇ ਨਤੀਜੇ ਤੋਂ ਸੰਤੁਸ਼ਟ ਨਹੀਂ ਹਨ ਤਾਂ ਕਿ ਅਜਿਹੇ ਵਿਦਿਆਰਥੀਆਂ ਨਾਲ ਇਨਸਾਫ ਕੀਤਾ ਜਾ ਸਕੇ।