ਮੁਜ਼ੱਫਰਨਗਰ– ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਮੁਜ਼ੱਫਰਨਗਰ ਅਤੇ ਮੇਰਠ ਦਾ ਅਚਾਨਕ ਦੌਰਾ ਕਰ ਕੇ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) ਖ਼ਿਲਾਫ਼ ਹੋਏ ਹਿੰਸਕ ਪ੍ਰਦਰਸ਼ਨਾਂ ਦੌਰਾਨ ‘ਪੁਲੀਸ ਵਧੀਕੀਆਂ’ ਦਾ ਸ਼ਿਕਾਰ ਬਣੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਕਾਂਗਰਸ ਜਨਰਲ ਸਕੱਤਰ ਨੇ ਸਭ ਤੋਂ ਪਹਿਲਾਂ ਮੁਜ਼ੱਫਰਨਗਰ ਦਾ ਦੌਰਾ ਕੀਤਾ ਜਿਥੇ ਉਹ ਹਿੰਸਾ ਦੌਰਾਨ ਜ਼ਖ਼ਮੀ ਹੋਏ ਕੁਝ ਵਿਅਕਤੀਆਂ ਦੇ ਘਰਾਂ ’ਚ ਗਈ। ਇਸ ਮਗਰੋਂ ਉਹ ਮੇਰਠ ਪਹੁੰਚੀ ਜਿਥੇ ਉਨ੍ਹਾਂ ਸ਼ਹਿਰ ਦੇ ਬਾਹਰਵਾਰ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ।
ਮੁਜ਼ੱਫਰਨਗਰ ’ਚ ਪ੍ਰਿਯੰਕਾ ਨੇ ਮੌਲਾਨਾ ਅਸਦ ਰਜ਼ਾ ਹੁਸੈਨੀ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੂੰ ਸੀਏਏ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਦੌਰਾਨ ਪੁਲੀਸ ਨੇ ਬੁਰੀ ਤਰ੍ਹਾਂ ਕੁੱਟਿਆ ਸੀ। ਉਨ੍ਹਾਂ ਨਾਲ ਸਹਾਰਨਪੁਰ ਤੋਂ ਪਾਰਟੀ ਆਗੂ ਇਮਰਾਨ ਮਸੂਦ ਵੀ ਹਾਜ਼ਰ ਸੀ। ਕਾਂਗਰਸ ਆਗੂ ਨੇ ਕਿਹਾ,‘‘ਮੈਂ ਮੁਸ਼ਕਲ ਦੀ ਇਸ ਘੜੀ ’ਚ ਤੁਹਾਡੇ ਨਾਲ ਖੜ੍ਹੀ ਹਾਂ।’’ ਬਾਅਦ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਹੈ ਅਤੇ ਨਾਬਾਲਗਾਂ ਤੇ ਬੱਚਿਆਂ ਤੱਕ ਨੂੰ ਬ਼ਖਸ਼ਿਆ ਨਹੀਂ ਗਿਆ। ਪ੍ਰਿਯੰਕਾ ਨੇ ਕਿਹਾ ਕਿ ਪੁਲੀਸ ਲੋਕਾਂ ਦੀ ਰਾਖੀ ਅਤੇ ਇਨਸਾਫ਼ ਦਿਵਾਉਣ ਲਈ ਹੁੰਦੀ ਹੈ ਪਰ ਇਥੇ ਇਸ ਦੇ ਬਿਲਕੁਲ ਉਲਟ ਹੋਇਆ। ਉਨ੍ਹਾਂ ਕਿਹਾ ਕਿ ਹੁਸੈਨੀ ਨੂੰ ਪੁਲੀਸ ਨੇ ਮਦਰੱਸੇ ’ਚ ਕੁੱਟਿਆ। ਉਹ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ’ਚ ਮਾਰੇ ਗਏ ਨੂਰ ਮੁਹੰਮਦ ਦੇ ਘਰ ਵੀ ਗਏ। ਕਾਂਗਰਸ ਆਗੂ ਨੇ ਕਿਹਾ ਕਿ ਉਸ ਦੀ ਡੇਢ ਸਾਲਾਂ ਦੀ ਧੀ ਹੈ ਅਤੇ ਪਤਨੀ ਗਰਭਵਤੀ ਹੈ। ‘ਜਿਥੇ ਵੀ ਬੇਇਨਸਾਫ਼ੀ ਹੋਈ ਹੈ, ਅਸੀਂ ਲੋਕਾਂ ਨਾਲ ਖੜ੍ਹੇ ਹੋਵਾਂਗੇ ਅਤੇ ਉਨ੍ਹਾਂ ਨੂੰ ਹਰਸੰਭਵ ਸਹਾਇਤਾ ਦੇਵਾਂਗੇ’ ਉਨ੍ਹਾ ਰੁਕਾਇਆ ਪਰਵੀਨ ਨਾਲ ਵੀ ਮੁਲਾਕਾਤ ਕੀਤੀ ਜਿਸ ਦੇ ਘਰ ’ਚ ਪੁਲੀਸ ਨੇ ਛਾਣ-ਬੀਣ ਕਰਦਿਆਂ ਕੁੱਟਮਾਰ ਕੀਤੀ ਸੀ। ਉਸ ਦੇ ਮੱਥੇ ’ਤੇ 16 ਟਾਂਕੇ ਲੱਗੇ ਹਨ ਅਤੇ ਲੜਕੀ ਦਾ ਦਿਨਾਂ ’ਚ ਨਿਕਾਹ ਹੋਣ ਵਾਲਾ ਹੈ। ਪ੍ਰਿਯੰਕਾ ਨੇ ਕਿਹਾ ਕਿ ਉਨ੍ਹਾਂ ਪਿਛਲੇ ਹਫ਼ਤੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੂੰ ਸੌਂਪੇ ਮੰਗ ਪੱਤਰ ’ਚ ‘ਪੁਲੀਸ ਵਧੀਕੀਆਂ’ ਦਾ ਵੇਰਵਿਆਂ ਨਾਲ ਜ਼ਿਕਰ ਕੀਤਾ ਹੈ। ਉਧਰ ਮੇਰਠ ’ਚ ਪ੍ਰਭਾਵਿਤ ਪਰਿਵਾਰ ਸ਼ਹਿਰ ਦੇ ਬਾਹਰ ਇਕ ਥਾਂ ’ਤੇ ਜੁੜੇ ਜਿਥੇ ਉਨ੍ਹਾਂ ਕਾਂਗਰਸ ਆਗੂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਦੁਖੜੇ ਸੁਣਾਏ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਪੁਲੀਸ ਨੇ 24 ਦਸੰਬਰ ਨੂੰ ਪ੍ਰਿਯੰਕਾ ਗਾਂਧੀ ਅਤੇ ਉਨ੍ਹਾਂ ਦੇ ਭਰਾ ਰਾਹੁਲ ਗਾਂਧੀ ਨੂੰ ਮੇਰਠ ’ਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਸੀ ਅਤੇ ਉਹ ਪ੍ਰਭਾਵਿਤ ਪਰਿਵਾਰਾਂ ਨੂੰ ਮਿਲੇ ਬਿਨਾਂ ਹੀ ਚਲੇ ਗਏ ਸਨ। ਮੇਰਠ ’ਚ ਪ੍ਰਦਰਸ਼ਨਾਂ ਦੌਰਾਨ ਪੰਜ ਵਿਅਕਤੀ ਮਾਰੇ ਗਏ ਸਨ। ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੇ ਬਿਜਨੌਰ ’ਚ ਝੜਪਾਂ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਮਿਲ ਕੇ ਹਮਦਰਦੀ ਪ੍ਰਗਟਾਈ ਸੀ।
INDIA ਪ੍ਰਿਯੰਕਾ ਵੱਲੋਂ ਮੁਜ਼ੱਫਰਨਗਰ ਅਤੇ ਮੇਰਠ ’ਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ