ਮਹਾਰਾਸ਼ਟਰ ਦੀ ਜਿਮਨਾਸਟ ਅਸਮੀ ਅੰਕੁਸ਼ ਬਡਾਡੇ ਅਤੇ ਉਤਰ ਪ੍ਰਦੇਸ਼ ਦੇ ਜਤਿਨ ਕੁਮਾਰ ਕਨੋਜੀਆ ਨੇ ਅੱਜ ਇੱਥੇ ਖੇਲੋ ਇੰਡੀਆ ਯੂਥ ਖੇਡਾਂ ਵਿੱਚ ਸੋਨ ਤਗ਼ਮੇ ਜਿੱਤ ਕੇ ਆਪਣੀ ਵਿਅਕਤੀਗਤ ਤਗ਼ਮਿਆਂ ਦੀ ਗਿਣਤੀ ਤਿੰਨ ਕਰ ਲਈ ਹੈ। ਪਹਿਲੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪ੍ਰਿਯੰਕਾ ਦਾਸਗੁਪਤਾ ਹਾਲਾਂਕਿ ਇੱਕ ਹੋਰ ਸੋਨ ਤਗ਼ਮਾ ਜਿੱਤ ਕੇ ਸਭ ਤੋਂ ਅੱਗੇ ਚੱਲ ਰਹੀ ਹੈ, ਉਸ ਦੇ ਤਗ਼ਮਿਆਂ ਦੀ ਗਿਣਤੀ ਚਾਰ ਹੋ ਗਈ।
ਅਥਲੈਟਿਕਸ ਮੁਕਾਬਲੇ ਅੱਜ ਤੋਂ ਸ਼ੁਰੂ ਹੋਏ ਅਤੇ ਤੁਰੰਤ ਹੀ ਸੁਰਖ਼ੀਆਂ ਵਿੱਚ ਛਾ ਗਏ ਕਿਉਂਕਿ ਪਹਿਲੇ ਹੀ ਦਿਨ ਚਾਰ ਮੀਟ ਰਿਕਾਰਡ ਟੁੱਟ ਗਏ। ਮੱਧ ਪ੍ਰਦੇਸ਼ ਦੇ ਅਰਜੁਨ ਵਾਸਕਲੇ ਨੇ ਲੜਕਿਆਂ ਦੇ ਅੰਡਰ-17 3000 ਮੀਟਰ ਰੇਸ ਜਿੱਤੀ, ਜਦਕਿ ਵਿਵੇਕ ਕੁਮਾਰ ਨੇ ਲੜਕਿਆਂ ਦੇ ਅੰਡਰ-17 ਜੈਵਲਿਨ ਥਰੋਅ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਉਤਰਾਖੰਡ ਦੀ ਅੰਕਿਤਾ ਨੇ ਕੁੜੀਆਂ ਦੇ ਅੰਡਰ-21 5000 ਮੀਟਰ ਮੁਕਾਬਲਿਆਂ ਵਿੱਚ ਨਵਾਂ ਮੀਟ ਰਿਕਾਰਡ (16:38.75 ਸਮਾਂ) ਬਣਾ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ।
ਜਤਿਨ ਕੁਮਾਰ ਕਨੋਜੀਆ ਨੇ ਭੋਗੇਸਵਰੀ ਫੁਕਨਾਨੀ ਇੰਡੋਰ ਸਟੇਡੀਅਮ ’ਤੇ ਲੜਕਿਆਂ (ਅੰਡਰ-17) ਦੇ ਆਰਟਿਸਟਿਕ ਜਿਮਨਾਸਟਿਕਸ ਮੁਕਾਬਲੇ ਵਿੱਚ ਅੱਜ ਵੱਡੇ ਫ਼ਰਕ ਨਾਲ ਸੋਨ ਤਗ਼ਮਾ ਆਪਣੇ ਨਾਮ ਕੀਤਾ। ਉਸ ਨੇ ਸ਼ੁੱਕਰਵਾਰ ਨੂੰ ਵੀ ਹਰਫ਼ਨਮੌਲਾ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ ਸੀ। ਉਸ ਨੇ ਦਾਅ ’ਤੇ ਲੱਗੇ ਪੰਜ ’ਚੋਂ ਤਿੰਨ ਸੋਨ ਤਗ਼ਮੇ ਜਿੱਤੇ। ਕੁੜੀਆਂ ਦੇ ਅੰਡਰ-17 ਵਰਗ ਦੇ ਰਿਦਮਿਕ ਜਿਮਨਾਸਟਿਕਸ ਵਿੱਚ ਕੋਈ ਜਿਮਨਾਸਟ ਮਹਾਰਾਸ਼ਟਰ ਦੀ ਅਸਮੀ ਨੂੰ ਚੁਣੌਤੀ ਨਹੀਂ ਦੇ ਸਕਿਆ ਅਤੇ ਉਸ ਨੇ ਤਿੰਨ ਸੋਨ ਤਗ਼ਮੇ ਆਪਣੀ ਝੋਲੀ ਪਾਏ। ਅਸਾਮ ਦੇ ਉਪਾਸ਼ਾ ਤਾਲੁਕਦਾਰ ਅਤੇ ਸ਼੍ਰੇਆ ਪ੍ਰਵੀਨ ਭੰਗਾਲੇ (ਮਹਾਰਾਸ਼ਟਰ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ।
Sports ਪ੍ਰਿਯੰਕਾ, ਜਤਿਨ ਤੇ ਅਸਮੀ ਨੇ ਜਿੱਤੇ ਸੋਨ ਤਗ਼ਮੇ