ਕਰਜ਼ਦਾਰਾਂ ਤੋਂ ਪ੍ਰੇਸ਼ਾਨ ਹੋ ਕੇ ਪ੍ਰਾਪਰਟੀ ਡੀਲਰ ਪਿੰਡ ਗਿੱਲ ਵਾਸੀ ਜਗਜੀਤ ਸਿੰਘ (58) ਨੇ ਆਪਣੇ ਦਫ਼ਤਰ ’ਚ ਤੇਜ਼ਾਬ ਪੀ ਲਿਆ ਜਿਸ ਤੋਂ ਬਾਅਦ ਉਸ ਦੀ ਸਿਹਤ ਖਰਾਬ ਹੋਣ ਲੱਗੀ। ਉਸ ਦੇ ਭਰਾ ਨੇ ਉਸ ਨੂੰ ਇਲਾਜ ਲਈ ਨੇੜਲੇ ਪ੍ਰਾਈਵੇਟ ਹਸਪਤਾਲ ਪਹੁੰਚਾਇਆ। ਜਿੱਥੋਂ ਉਸ ਨੂੰ ਅਪੋਲੋ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਜਗਜੀਤ ਸਿੰਘ ਦੀ ਦੇਰ ਸ਼ਾਮ ਨੂੰ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡੇਹਲੋਂ ਦੇ ਅਧੀਨ ਆਉਣ ਵਾਲੀ ਚੌਂਕੀ ਮਰਾਡੋ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੁਲੀਸ ਨੇ ਇਸ ਮਾਮਲੇ ’ਚ ਜਗਜੀਤ ਦੇ ਭਰਾ ਕਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਮਾਣਕਵਾਲ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ, ਸੁਰਿੰਦਰ ਕੌਰ, ਜਸਪ੍ਰੀਤ ਕੌਰ, ਅਵਤਾਰ ਸਿੰਘ ਫੌਜੀ ਤੇ ਹਰਬੰਸ ਸਿੰਘ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ’ਚ ਲੱਗੀ ਹੋਈ ਹੈ। ਜਾਂਚ ਅਧਿਕਾਰੀ ਚੌਂਕੀ ਮਰਾਡੋ ਦੇ ਇੰਚਾਰਜ ਏਐਸਆਈ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਪ੍ਰਾਪਰਟੀ ਦੀ ਖਰੀਦ ਫਰੋਖਤ ਦਾ ਕੰਮ ਕਰਦਾ ਸੀ। ਉਸ ਦਾ ਭਰਾ ਕਰਮਜੀਤ ਸਿੰਘ ਵੀ ਉਨ੍ਹਾਂ ਨਾਲ ਕੰਮ ਕਰਦਾ ਸੀ ਤੇ ਉਨ੍ਹਾਂ ਨੇ ਪਿੰਡ ਗਿੱਲ ਦੇ ਕੋਲ ਹੀ ਆਪਣਾ ਦਫ਼ਤਰ ਬਣਾ ਰੱਖਿਆ ਸੀ। ਮੁਲਜ਼ਮਾਂ ਦੇ ਨਾਲ ਉਨ੍ਹਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਸੀ। ਮੁਲਜ਼ਮਾਂ ਕਿਸੇ ਪ੍ਰਾਪਰਟੀ ਦੇ ਪੈਸੇ ਲੈਣੇ ਸਨ ਤਾਂ ਉਹ ਕਾਫ਼ੀ ਪ੍ਰੇਸ਼ਾਨ ਕਰ ਰਹੇ ਸਨ। ਰੋਜ਼ਾਨਾ ਜਗਜੀਤ ਸਿੰਘ ਨੂੰ ਜ਼ਲੀਲ ਕੀਤਾ ਜਾ ਰਿਹਾ ਸੀ। ਮੁਲਜ਼ਮ ਕਿਸੇ ਨਾ ਕਿਸੇ ਗ਼ੱਲ ਨੂੰ ਲੈ ਕੇ ਜਗਜੀਤ ਨੂੰ ਧਮਕਾਉਂਦੇ ਸਨ ਜਿਸ ਕਾਰਨ ਜਗਜੀਤ ਪਿਛਲੇਂ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ। ਵੀਰਵਾਰ ਦੀ ਸਵੇਰੇ ਉਹ ਦਫ਼ਤਰ ਪੁੱਜਿਆ ਤੇ ਕੁਝ ਸਮੇਂ ਬਾਅਦ ਉਸ ਨੇ ਦਫ਼ਤਰ ’ਚ ਰੱਖਿਆ ਤੇਜ਼ਾਬ ਪੀ ਲਿਆ। ਇਸ ਤੋਂ ਬਾਅਦ ਉਸ ਦੀ ਸਿਹਤ ਵਿਗੜਨ ਲੱਗੀ। ਇਸੇ ਦੌਰਾਨ ਉਸ ਦਾ ਭਰਾ ਕਰਮਜੀਤ ਵੀ ਦਫ਼ਤਰ ਪੁੱਜ ਗਿਆ। ਕਰਮਜੀਤ ਦੇ ਆਉਣ ਤੋਂ ਬਾਅਦ ਜਗਜੀਤ ਨੇ ਸਾਰੀ ਗ਼ੱਲ ਉਸ ਨੂੰ ਦੱਸ ਦਿੱਤੀ ਜਿਸ ਤੋਂ ਬਾਅਦ ਕਰਮਜੀਤ ਉਸ ਨੂੰ ਇਲਾਜ ਲਈ ਗਰੇਵਾਲ ਹਸਪਤਾਲ ਲੈ ਗਿਆ। ਜਿੱਥੋ ਡਾਕਟਰਾਂ ਨੇ ਉਸ ਨੂੰ ਅਪੋਲੋ ਹਸਪਤਾਲ ਰੈਫ਼ਰ ਕਰ ਦਿੱਤਾ ਜਿੱਥੇ ਦੇਰ ਸ਼ਾਮ ਨੂੰ ਉਸ ਦੀ ਮੌਤ ਹੋ ਗਈ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਾਲੇ ਪੁਲੀਸ ਗ੍ਰਿਫ਼ਤ ’ਚੋਂ ਬਾਹਰ ਹੈ। ਉਨ੍ਹਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
INDIA ਪ੍ਰਾਪਰਟੀ ਡੀਲਰ ਵੱਲੋਂ ਤੇਜ਼ਾਬ ਪੀ ਕੇ ਖ਼ੁਦਕੁਸ਼ੀ