ਨਵੀਂ ਦਿੱਲੀ (ਸਮਾਜਵੀਕਲੀ) : ਮੁਲਕ ’ਚ ਪ੍ਰਾਈਵੇਟ ਰੇਲ ਗੱਡੀਆਂ ਚਲਾਉਣ ਲਈ ਆਲਮੀ ਪੱਧਰ ਦੀਆਂ ਵੱਡੀਆਂ ਕੰਪਨੀਆਂ ਨੇ ਦਿਲਚਸਪੀ ਦਿਖਾਈ ਹੈ। ਇਨ੍ਹਾਂ ’ਚ ਹਿਉਂਦੇਈ, ਹਿਤਾਚੀ, ਮਿਤਸੂਈ, ਬੌਂਬਾਰਡੀਅਰ, ਅਲਸਟੋਮ, ਮੈਕਕੁਐਰੀ ਅਤੇ ਸੀਮਨਜ਼ ਆਦਿ ਸ਼ਾਮਲ ਹਨ। ਭਾਰਤੀ ਕੰਪਨੀਆਂ ’ਚ ਟਾਟਾ ਰਿਐਲਟੀ, ਅਡਾਨੀ ਪੋਰਟਸ, ਭਾਰਤ ਫੋਰਜ, ਕੇਈਸੀ ਇੰਟਰਨੈਸ਼ਨਲ, ਐੱਸਲ ਗਰੁੱਪ, ਆਈਆਰਸੀਟੀਸੀ ਅਤੇ ਬੀਈਐੱਮਐੱਲ ਵਰਗੇ ਨਾਮ ਸ਼ਾਮਲ ਹਨ।
ਪ੍ਰਾਈਵੇਟ ਰੇਲ ਗੱਡੀਆਂ ਅਪਰੈਲ 2023 ਤੋਂ ਚੱਲਣ ਦੀ ਸੰਭਾਵਨਾ ਹੈ ਅਤੇ ਸਾਰੇ ਡੱਬੇ ਮੇਕ ਇਨ ਇੰਡੀਆ ਨੀਤੀ ਤਹਿਤ ਖ਼ਰੀਦੇ ਜਾਣਗੇ। ਰੇਲਵੇ ਬੋਰਡ ਨੇ ਕਿਹਾ ਹੈ ਕਿ ਪ੍ਰਾਈਵੇਟ ਰੇਲ ਗੱਡੀਆਂ ਦੇ ਕਿਰਾਏ ਹੋਰਾਂ ਦੇ ਬਰਾਬਰ ਹੋਣਗੇ ਅਤੇ ਇਹ ਏਅਰਲਾਈਨਜ਼, ਬੱਸਾਂ ਅਤੇ ਆਵਾਜਾਈ ਦੇ ਹੋਰ ਸਾਧਨਾਂ ਨੂੰ ਧਿਆਨ ’ਚ ਰੱਖ ਕੇ ਤੈਅ ਕੀਤੇ ਜਾਣਗੇ। ਪ੍ਰਾਈਵੇਟ ਰੇਲ ਗੱਡੀਆਂ ਬੰਗਲੂਰੂ, ਚੰਡੀਗੜ੍ਹ, ਜੈਪੁਰ, ਦਿੱਲੀ, ਮੁੰਬਈ, ਪਟਨਾ, ਪ੍ਰਯਾਗਰਾਜ, ਸਿਕੰਦਰਾਬਾਦ, ਹਾਵੜਾ ਅਤੇ ਚੇਨੱਈ ਸਮੇਤ 12 ਥਾਵਾਂ ’ਤੇ ਚੱਲਣਗੀਆਂ। ਇਨ੍ਹਾਂ ਗੱਡੀਆਂ ਲਈ ਵਿੱਤੀ ਟੈਂਡਰ ਅਗਲੇ ਸਾਲ ਫਰਵਰੀ ਜਾਂ ਮਾਰਚ ’ਚ ਮੰਗਵਾਏ ਜਾ ਸਕਦੇ ਹਨ ਅਤੇ ਕੁਟੇਸ਼ਨਾਂ ਲਈ ਬੇਨਤੀ ਦਾ ਕੰਮ ਸਤੰਬਰ ਤੱਕ ਮੁਕੰਮਲ ਹੋਵੇਗਾ।