ਪ੍ਰਾਇਮਰੀ ਖੇਤੀ ਕਰਜ਼ਾ ਸੁਸਾਇਟੀਆਂ ਨੂੰ ਬਹੁਮੰਤਵੀ ਬਣਾਵਾਂਗੇ: ਸ਼ਾਹ

ਅਮਰੇਲੀ (ਸਮਾਜ ਵੀਕਲੀ) : ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਦੀ ਪ੍ਰਾਇਮਰੀ ਖੇਤੀ ਕਰਜ਼ਾ ਸੁਸਾਇਟੀਆਂ ਨੂੰ ਬਹੁ-ਮੰਤਵੀ ਬਣਾਉਣ ਦੀ ਯੋਜਨਾ ਲਗਪਗ ਤਿਆਰ ਹੈ। ਉਨ੍ਹਾਂ ਇੱਥੇ ਸੱਤ ਸਹਿਕਾਰੀ ਸੰਸਥਾਵਾਂ ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਬੀਜ ਉਤਪਾਦਨ ਅਤੇ ਮੰਡੀਕਰਨ ਦੇ ਨਾਲ ਜੈਵਿਕ ਉਤਪਾਦਾਂ ਦੇ ਪ੍ਰਮਾਣੀਕਰਨ ਲਈ ਇੱਕ ਬਹੁ-ਰਾਜੀ ਸਹਿਕਾਰੀ ਸੁਸਾਇਟੀ ਬਣਾਉਣ ਦੀ ਯੋਜਨਾ ਵੀ ਉਲੀਕ ਰਹੀ ਹੈ।

ਸ਼ਾਹ ਨੇ ਕਿਹਾ, ‘‘ਸੇਵਾ ਸਹਿਕਾਰੀ ਮੰਡਲੀ (ਪੀਏਸੀਐੱਸ) ਨੂੰ ਮੰਡੀਕਰਨ, ਗੋਦਾਮਾਂ, ਗੋਬਰ ਗੈਸ ਬਣਾਉਣ, ਬਿਜਲੀ ਦੇ ਬਿੱਲਾਂ ਦੀ ਉਗਰਾਹੀ ਕਰਨ, ਗੈਸ ਵੰਡਣ ਵਾਲੀਆਂ ਏਜੰਸੀਆਂ ਦੀ ਸਹੂਲਤ, ਨਲ ਸੇ ਜਲ ਸਕੀਮ ਆਦਿ ਸਹੂਲਤਾਂ ਨਾਲ ਜੋੜ ਕੇ ਬਹੁ-ਮੰਤਵੀ ਬਣਾਇਆ ਜਾਵੇਗਾ। ਇਸ ਬਹੁਮੰਤਵੀ ਮੰਡਲੀ ਲਈ ਮਾਡਲ ਤਿਆਰ ਹਨ ਅਤੇ ਇਹ ਸਤੰਬਰ ਦੇ ਅਖ਼ੀਰ ਤੱਕ ਜਾਰੀ ਕਰ ਦਿੱਤੀ ਜਾਵੇਗੀ। ਦੇਸ਼ ਦਾ ਪੀਏਸੀਐੱਸ ਬਹੁ-ਉਦੇਸ਼ੀ ਅਤੇ ਲਾਭਕਾਰੀ ਹੋਵੇਗਾ।’’

ਉਨ੍ਹਾਂ ਕਿਹਾ ਕਿ ਸਰਕਾਰ ਦਾ ਦਸੰਬਰ ਤੋਂ ਸ਼ੁਰੂ ਹੋਣ ਵਾਲੇ ਅਗਲੇ ਪੰਜ ਸਾਲਾਂ ਦੌਰਾਨ ਦੇਸ਼ ਵਿੱਚ ਪੀਏਸੀਐੱਸ ਦੀ ਗਿਣਤੀ ਮੌਜੂਦਾ 65,000 ਤੋਂ ਵਧਾ ਕੇ ਤਿੰਨ ਲੱਖ, ਹਰੇਕ ਪੰਚਾਇਤ ਲਈ ਇੱਕ ਕਰਨ ਦਾ ਵੀ ਟੀਚਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਸਿਹਤ, ਬੀਮਾ, ਆਵਾਜਾਈ ਅਤੇ ਸੈਰ-ਸਪਾਟਾ ਵਰਗੇ ਖੇਤਰਾਂ ਵਿੱਚ ਸਹਿਕਾਰੀ ਸਭਾਵਾਂ ਦੀ ਰਜਿਸਟ੍ਰੇਸ਼ਨ ਦੀ ਸਹੂਲਤ ਦੇ ਨਾਲ ਇੱਕ ਨਵੀਂ ਸਹਿਕਾਰੀ ਨੀਤੀ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੁਦਰਤੀ ਖੇਤੀ ’ਤੇ ਜ਼ੋਰ ਦੇਣ ਦੇ ਮੰਤਵ ਨਾਲ ਜੈਵਿਕ ਉਤਪਾਦਾਂ ਦੇ ਮੰਡੀਕਰਨ ਲਈ ਇੱਕ ਬਹੁ-ਰਾਜੀ ਸਹਿਕਾਰੀ ਸਭਾ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਦਾ ਸਿੱਧਾ ਲਾਭ ਜੈਵਿਕ ਖੇਤੀ ਨਾਲ ਜੁੜੇ ਕਿਸਾਨਾਂ ਨੂੰ ਹੋਵੇਗਾ।

Previous articleਫਰੌਡ ਗੇਮਿੰਗ ਐਪ ਕੇਸ ਦਾ ਮੁੱਖ ਮੁਲਜ਼ਮ ਈਡੀ ਦੀ ਗ੍ਰਿਫ਼ਤ ਤੋਂ ਬਾਹਰ
Next articleਕੈਮੀਕਲ ਫੈਕਟਰੀ ਵਿੱਚ ਧਮਾਕੇ ਕਾਰਨ 4 ਹਲਾਕ, 20 ਜ਼ਖ਼ਮੀ