ਨਵੀਂ ਦਿੱਲੀ- ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਸ਼ੇਖਰ ਵੇਮਪਤੀ ਨੇ ਬੀਬੀਸੀ ਵੱਲੋਂ ਇਕ ਪੁਰਸਕਾਰ ਸਮਾਗਮ ਲਈ ਦਿੱਤੇ ਸੱਦੇ ਨੂੰ ਨਾਂਹ ਆਖ ਦਿੱਤੀ ਹੈ। ਵੇਮਪਤੀ ਨੇ ਬ੍ਰਿਟਿਸ਼ ਬਰਾਡਕਾਸਟਰ ਨੂੰ ਨਾਂਹ ਆਖਣ ਲਈ ਉਸ ਵੱਲੋਂ ਦਿੱਲੀ ਹਿੰਸਾ ਦੌਰਾਨ ਕੀਤੀ ‘ਇਕਪਾਸੜ’ ਰਿਪੋਰਟਿੰਗ ਦਾ ਹਵਾਲਾ ਦਿੱਤਾ ਹੈ।
ਬੀਬੀਸੀ ਨੇ ਪ੍ਰਸਾਰ ਭਾਰਤੀ ਦੇ ਮੁਖੀ ਨੂੰ 8 ਮਾਰਚ ਨੂੰ ਨਵੀਂ ਦਿੱਲੀ ’ਚ ਭਾਰਤੀ ਮਹਿਲਾ ਖਿਡਾਰੀਆਂ ਨੂੰ ਪੁਰਸਕਾਰ ਦੇਣ ਲਈ ਰੱਖੇ ਸਮਾਗਮ ਵਿੱਚ ਸ਼ਿਰਕਤ ਲਈ ਸੱਦਾ ਭੇਜਿਆ ਸੀ। ਵੇਮਪਤੀ ਨੇ ਬੀਬੀਸੀ ਦੇ ਡਾਇਰੈਕਟਰ ਜਨਰਲ ਟੋਨੀ ਹਾਲ ਨੂੰ ਲਿਖੇ ਪੱਤਰ ਵਿੱਚ ਕਿਹਾ, ‘ਮੈਂ ਬੜੇ ਸਤਿਕਾਰ ਨਾਲ ਤੁਹਾਡੇ ਵੱਲੋਂ ਭੇਜੇ ਸੱਦੇ ਨੂੰ, ਬੀਬੀਸੀ ਵੱਲੋਂ ਦਿੱਲੀ ਹਿੰਸਾ ਬਾਬਤ ਕੀਤੀ ਹਾਲੀਆ ਕਵਰੇਜ ਦੇ ਹਵਾਲੇ ਨਾਲ ਨਾਂਹ ਆਖਦਾ ਹਾਂ। ਆਲਮੀ ਪੱਧਰ ਦਾ ਸਰਕਾਰੀ ਬਰਾਡਕਾਸਟਰ ਹੋਣ ਦੇ ਨਾਤੇ, ਬੀਬੀਸੀ ਵੱਲੋਂ ਦਿੱਲੀ ਹਿੰਸਾ ਬਾਰੇ ਇਕਪਾਸੜ ਰਿਪੋਰਟਿੰਗ ਕਰਨਾ ਨਿਰਾਸ਼ਾਜਨਕ ਹੈ।’ ਚਾਰ ਮਾਰਚ ਦੀ ਤਰੀਕ ਵਾਲੇ ਇਸ ਪੱਤਰ ਵਿੱਚ ਬੀਬੀਸੀ ਦੀ ਰਿਪੋਰਟ ਵਿੱਚ ਆਈਬੀ ਅਧਿਕਾਰੀ ਦੇ ਕਤਲ ਨੂੰ ਲੈ ਕੇ ਧਾਰੀ ਚੁੱਪੀ ’ਤੇ ਵੀ ਉਜਰ ਜਤਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਲ ਆਲਮ ਦੇ ਵਡੇਰੇ ਹਿੱਤਾਂ ਤੇ ਭਲੇ ਲਈ ਬੀਬੀਸੀ ਤੇ ਪ੍ਰਸਾਰ ਭਾਰਤੀ ਨੂੰ ਸਰਹੱਦਾਂ ਦੀ ਵਲਗਣ ਤੋਂ ਉਪਰ ਉੱਠ ਕੇ ਮੁਲਕਾਂ ਦੀ ਪ੍ਰਭਸੱਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ।
HOME ਪ੍ਰਸਾਰ ਭਾਰਤੀ ਦੇ ਸੀਈਓ ਨੇ ਬੀਬੀਸੀ ਦਾ ਸੱਦਾ ਮੋੜਿਆ