ਪ੍ਰਸ਼ਾਸਨ ਦੇ ਦਖ਼ਲ ਮਗਰੋਂ ਖੁੱਲ੍ਹੇ ਬੁਰਜ ਹਰੀ ਸਿੰਘ ਦੇ ਆਰਓ ਦੇ ਜਿੰਦਰੇ

ਅੱਤ ਦੀ ਗਰਮੀ ਵਿਚ ਪਿਛਲੇ ਤਿੰਨ ਦਿਨਾਂ ਤੋਂ ਪੀਣ ਵਾਲੇ ਪਾਣੀ ਲਈ ਤਰਸੇ ਬੁਰਜ ਹਰੀ ਸਿੰਘ ਵਾਸੀਆਂ ਨੂੰ ਅੱਜ ਚੌਥੇ ਦਿਨ ਉਦੋਂ ਪੀਣ ਲਈ ਪਾਣੀ ਨਸੀਬ ਹੋਇਆ ਜਦੋਂ ਲਾਗਲੇ ਪਿੰਡ ਤਲਵੰਡੀ ਰਾਏ ਦੇ ਪੰਪ ਅਪਰੇਟਰ ਜਗਦੀਸ਼ ਸਿੰਘ ਨੇ ਆਰਓ ਪਲਾਂਟ ਦੇ ਜਿੰਦਰੇ ਖੋਲ੍ਹ ਕੇ ਮੋਟਰ ਚਲਾਈ। ਬੀਤੇ ਦਿਨ ਪਿੰਡ ਦੀ ਸਰਪੰਚ ਭੁਪਿੰਦਰ ਕੌਰ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਰਾਏਕੋਟ ਨੂੰ ਲਿਖਤੀ ਸ਼ਿਕਾਇਤ ਕਰ ਕੇ ਦੋਸ਼ ਲਾਇਆ ਸੀ ਕਿ ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਦੀ ਕਥਿਤ ਸ਼ਹਿ ’ਤੇ ਉਸ ਦੇ ਭਤੀਜੇ ਪੰਪ ਅਪਰੇਟਰ ਸ਼ੁਕਰਪਾਲ ਸਿੰਘ ਨੇ ਪਿੰਡ ਦੇ ਆਰਓ ਪਲਾਂਟ ’ਤੇ ਤਾਲੇ ਲਾ ਕੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਨਤੀਜੇ ਵਜੋਂ ਪਿੰਡ ਵਾਸੀਆਂ ਨੂੰ ਪਾਣੀ ਨਸੀਬ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਕਾਫ਼ੀ ਸ਼ਿਕਾਇਤਾਂ ਮਿਲਣ ਬਾਅਦ ਪੰਚਾਇਤ ਨੇ ਮਤਾ ਪਾਸ ਕਰ ਕੇ ਅਪਰੇਟਰ ਬਦਲਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਭੇਜਿਆ ਸੀ। ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਰਓ ਪਲਾਂਟ ਨੂੰ ਚਲਾਉਣ ਵਾਲੀ ਨਿੱਜੀ ਕੰਪਨੀ ਦੇ ਮੈਨੇਜਰ ਅਮਿਤ ਗੁਲਾਟੀ ਨੂੰ ਜਦੋਂ ਇਸ ਮਾਮਲੇ ਦੇ ਹੱਲ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਸੇ ਤਰ੍ਹਾਂ ਦੀ ਲੜਾਈ ਤੋਂ ਬਚਣ ਲਈ ਤਕਨੀਸ਼ਨ ਗੁਰਦੀਪ ਸਿੰਘ ਨੂੰ ਭੇਜ ਕੇ ਤਾਲਾ ਲਗਵਾ ਦਿੱਤਾ ਸੀ। ਦੂਜੇ ਪਾਸੇ ਸਾਬਕਾ ਸਰਪੰਚ ਪ੍ਰਕਾਸ਼ ਸਿੰਘ, ਸ਼ੁਕਰਪਾਲ ਸਿੰਘ, ਨੰਬਰਦਾਰ ਜਸਵਿੰਦਰ ਸਿੰਘ, ਪੰਚ ਸੁਖਦੇਵ ਸਿੰਘ ਨੇ ਪਿੰਡ ਦੀ ਮੌਜੂਦਾ ਸਰਪੰਚ ’ਤੇ ਪਿੰਡ ਦੇ ਆਰਓ ਸਿਸਟਮ ਨੂੰ ਜਿੰਦਰਾ ਲਗਾਉਣ ਦੇ ਦੋਸ਼ ਲਾਏ ਤੇ ਪਿੰਡ ਦੇ ਕੁਝ ਲੋਕਾਂ ਸਮੇਤ ਐੱਸਡੀਐੱਮ ਰਾਏਕੋਟ ਡਾ. ਹਿਮਾਂਸ਼ੂ ਦੇ ਦਫ਼ਤਰ ਬਾਹਰ ਰੋਸ ਪ੍ਰਗਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੰਗ ਪੱਤਰ ਵੀ ਦਿੱਤਾ। ਉਨ੍ਹਾਂ ਕਿਹਾ ਕਿ ਸਰਪੰਚ ਭੁਪਿੰਦਰ ਕੌਰ ਨੇ ਆਰਓ ’ਤੇ ਕੰਮ ਕਰ ਰਹੇ ਅਪਰੇਟਰ ਨੂੰ ਬਦਲਾਉਣ ਲਈ ਇਹ ਸਭ ਕੁਝ ਕੀਤਾ ਹੈ। ਇਸ ਮਗਰੋਂ ਐੱਸਡੀਐੱਮ ਨੇ ਜਲ ਸਪਲਾਈ ਅਧਿਕਾਰੀਆਂ ਨੂੰ ਪਾਣੀ ਫ਼ੌਰੀ ਚਾਲੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜਲ ਸਪਲਾਈ ਵਿਭਾਗ ਦੇ ਐੱਸਡੀਓ ਵਿਨੋਦ ਕੁਮਾਰ ਦੇ ਦਖ਼ਲ ਬਾਅਦ ਲਾਗਲੇ ਪਿੰਡ ਤਲਵੰਡੀ ਰਾਏ ਦੇ ਅਪਰੇਟਰ ਜਗਦੀਸ਼ ਸਿੰਘ ਨੂੰ ਪਾਣੀ ਸਪਲਾਈ ਬਹਾਲ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਮੌਕੇ ਮੌਜੂਦਾ ਅਤੇ ਸਾਬਕਾ ਸਰਪੰਚ ਤੋਂ ਇਲਾਵਾ ਉਨ੍ਹਾਂ ਦੇ ਹਮਾਇਤੀਆਂ ਵਿਚ ਤਕਰਾਰਬਾਜ਼ੀ ਵੀ ਹੋਈ।

Previous articleਆਹਲੂਵਾਲੀਆ ਦੀ ਤਾਜਪੋਸ਼ੀ ਮੌਕੇ ਕਾਂਗਰਸੀ ਵਿਧਾਇਕ ਗ਼ੈਰਹਾਜ਼ਰ
Next articleਗੁਜਰਾਤ: ਰਾਹੁਲ ਨੂੰ ਮਾਣਹਾਨੀ ਦੇ ਦੋ ਮਾਮਲਿਆਂ ’ਚ ਨਵੇਂ ਸਿਰਿਓਂ ਸੰਮਨ