ਚੰਡੀਗੜ੍ਹ ਇੰਟਕ ਦੇ ਸੱਦੇ ’ਤੇ ਅੱਜ ਸਰਕਾਰੀ ਹਸਪਤਾਲ ਸੈਕਟਰ-32 ਦੇ ਕਰਮਚਾਰੀਆਂ ਤੇ ਹੋਰਨਾਂ ਸੰਸਥਾਵਾਂ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਹਸਪਤਾਲ ਦੇ ਸਾਹਮਣੇ ਚੰਡੀਗੜ੍ਹ ਪ੍ਰਸ਼ਾਸਨ ਦਾ ਪੁਤਲਾ ਸਾੜਿਆ।
ਇਸ ਮੌਕੇ ਸੰਬੋਧਨ ਕਰਦਿਆਂ ਇੰਟਕ ਪ੍ਰਧਾਨ ਨਸੀਬ ਜਾਖੜ ਨੇ ਕਿਹਾ ਕਿ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਕਰਮਚਾਰੀਆਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਲਈ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੰਗਾਂ ਮਨਵਾਉਣ ਲਈ ਉਨ੍ਹਾਂ ਨੇ 25 ਸਤੰਬਰ ਨੂੰ ਭੁੱਖ ਹੜਤਾਲ ਕੀਤੀ ਸੀ ਅਤੇ 11 ਅਕਤੂਬਰ ਨੂੰ ਮੈਂਬਰ ਪਾਰਲੀਮੈਂਟ ਕਿਰਨ ਖੇਰ ਦਾ ਘਿਰਾਓ ਵੀ ਕੀਤਾ ਸੀ ਪਰ ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਊਟਸੋਰਸਿੰਗ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਕੋਈ ਪਾਲਿਸੀ ਨਹੀਂ ਹੈ। ਦਸ ਤੋਂ ਪੰਦਰਾਂ ਸਾਲ ਤੱਕ ਨੌਕਰੀ ਕਰਨ ਦੇ ਬਾਅਦ ਵੀ ਮੁਲਾਜ਼ਮਾਂ ਨੂੰ ਬਿਨਾਂ ਨੋਟਿਸ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਬਰਾਬਰ ਕੰਮ ਬਰਾਬਰ ਤਨਖਾਹ ਨਹੀਂ ਦਿੱਤੀ ਜਾ ਰਹੀ ਤੇ ਹੋਰਨਾਂ ਮੰਗਾਂ ਨੂੰ ਪ੍ਰਸ਼ਾਸਨ ਵੱਲੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਰੋਸ ਪ੍ਰਦਰਸ਼ਨ ਵਿੱਚ ਸਰਕਾਰੀ ਹਸਪਤਾਲ ਸੈਕਟਰ-32 ਦਾ ਸੁਰੱਖਿਆ ਅਮਲਾ, ਅਟੈਂਡੈਂਟ ਯੂਨੀਅਨ, ਸਫ਼ਾਈ ਕਰਮਚਾਰੀ ਯੂਨੀਅਨ, ਨਰਸਿੰਗ ਯੂਨੀਅਨ, ਚੰਡੀਗੜ੍ਹ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਮੁਲਾਜ਼ਮਾਂ ਸਮੇਤ ਹੋਰ ਕਈ ਸਰਕਾਰੀ ਅਤੇ ਗੈਰਸਰਕਾਰੀ ਮੁਲਾਜ਼ਮ ਯੂਨੀਅਨਾਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਢੀਂਡਸਾ, ਚੇਅਰਮੈਨ (ਇੰਟਕ) ਰਾਕੇਸ਼ ਕੁਮਾਰ, ਸਕੱਤਰ ਅਸ਼ਵਨੀ ਕੁਮਾਰ, ਪ੍ਰੈੱਸ ਸਕੱਤਰ ਰਣਜੀਤ, ਜਨਰਲ ਸਕੱਤਰ ਘਨ੍ਹੱਈਆ ਲਾਲ, ਸੁਖਬੀਰ ਆਦਿ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ 17 ਦਸੰਬਰ ਨੂੰ ਸੈਕਟਰ 25 ਵਿਚ ਰੈਲੀ ਕਰਕੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਮੁਲਾਜ਼ਮ ਆਗੂ ਪੂਰੇ ਰੋਹ ਵਿੱਚ ਸਨ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਮਨਕੇ ਉਨ੍ਹਾਂ ਨਾਲ ਇਨਸਾਫ਼ ਕੀਤਾ ਜਾਵੇ ਤਾਂ ਕਿ ਹੜਤਾਲ ਦੀ ਨੌਬਤ ਨਾ ਆਵੇ।
INDIA ਪ੍ਰਸ਼ਾਸਨ ਖ਼ਿਲਾਫ਼ ਮੁਲਾਜ਼ਮ ਜਥੇਬੰਦੀਆਂ ਦਾ ਰੋਹ ਭੜਕਿਆ