ਨਵੀਂ ਦਿੱਲੀ (ਸਮਾਜਵੀਕਲੀ) : ਸੁਪਰੀਮ ਕੋਰਟ ਨੇ ਕਾਰਕੁਨ-ਵਕੀਲ ਪ੍ਰਸ਼ਾਂਤ ਭੂਸ਼ਨ ਵੱਲੋਂ ਇਕ ਟਵੀਟ ਜ਼ਰੀਏ ਜੁਡੀਸ਼ਰੀ ਖ਼ਿਲਾਫ਼ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਅਦਾਲਤੀ ਹੱਤਕ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹੀ ਨਹੀਂ ਸਿਖਰਲੀ ਅਦਾਲਤ ਨੇ ਟਵਿੱਟਰ ਖ਼ਿਲਾਫ਼ ਵੀ ਹੱਤਕ ਕਾਰਵਾਈ ਆਰੰਭ ਕੀਤੀ ਹੈ।
ਭੂਸ਼ਨ ਨੇ ਕੁਝ ਕਥਿਤ ਅਪਮਾਨਜਨਕ ਟਿੱਪਣੀਆਂ ਟਵਿੱਟਰ ’ਤੇ ਪੋਸਟ ਕੀਤੀਆਂ ਸਨ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲਾ ਬੈਂਚ ਬੁੱਧਵਾਰ ਨੂੰ ਇਸ ’ਤੇ ਸੁਣਵਾਈ ਕਰੇਗਾ। ਭੂਸ਼ਨ ਜੁਡੀਸ਼ਰੀ ਨਾਲ ਜੁੜੇ ਮੁੱਦਿਆਂ ਨੂੰ ਲਗਾਤਾਰ ਉਭਾਰ ਰਿਹਾ ਹੈ ਤੇ ਉਨ੍ਹਾਂ ਕੋਵਿਡ-19 ਮਹਾਮਾਰੀ ਦਰਮਿਆਨ ਸੁਪਰੀਮ ਕੋਰਟ ਵੱਲੋਂ ਪਰਵਾਸੀ ਕਾਮਿਆਂ ਨਾਲ ਜੁੜੇ ਮੁੱਦਿਆਂ ਨਾਲ ਸਿੱਝਣ ਦੇ ਤੌਰ-ਤਰੀਕਿਆਂ ਬਾਰੇ ਉੱਂਚੀ ਸੁਰ ’ਚ ਆਪਣਾ ਮਤ ਰੱਖਿਆ ਸੀ।
ਭੂਸ਼ਨ ਨੇ ਭੀਮਾ-ਕੋਰੇਗਾਓਂ ਕੇਸ ’ਚ ਮੁਲਜ਼ਮ ਤੇ ਜੇਲ੍ਹ ਵਿੱਚ ਬੰਦ ਕਾਰਕੁਨਾਂ ਵਰਵਰਾ ਰਾਓ ਤੇ ਸੁਧਾ ਭਾਰਦਵਾਜ ਨਾਲ ਕੀਤੇ ਜਾ ਰਹੇ ਵਿਹਾਰ ਬਾਰੇ ਵੀ ਬਿਆਨ ਦਿੱਤੇ ਸਨ।