ਮੁੰਬਈ (ਸਮਾਜ ਵੀਕਲੀ): ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਇੱਥੇ ਐੱਨਸੀਪੀ ਪ੍ਰਧਾਨ ਸ਼ਰਦ ਪਵਾਰ ਨਾਲ ਉਨ੍ਹਾਂ ਦੀ ਇਥੇ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਕਰੀਬ ਤਿੰਨ ਘੰਟਿਆਂ ਤੱਕ ਹੋਈ ਗੱਲਬਾਤ ਮਗਰੋਂ ਸਿਆਸੀ ਹਲਕਿਆਂ ’ਚ ਨਵੀਆਂ ਸਿਆਸੀ ਪੇਸ਼ਬੰਦੀਆਂ ਦੀ ਚਰਚਾ ਛਿੜ ਗਈ ਹੈ। ਐੱਨਸੀਪੀ ਦੇ ਸੂਤਰਾਂ ਨੇ ਕਿਹਾ ਕਿ ਦੋਹਾਂ ਨੇ ਮੌਜੂਦਾ ਸਿਆਸੀ ਹਾਲਾਤ ’ਤੇ ਵਿਚਾਰ ਵਟਾਂਦਰਾ ਕੀਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਸ੍ਰੀ ਪਵਾਰ ਨਾਲ ਦੁਪਹਿਰ ਦੀ ਰੋਟੀ ਵੀ ਖਾਧੀ। ਦੁਪਹਿਰ ਕਰੀਬ 2 ਵਜੇ ਜਦੋਂ ਮੁਲਾਕਾਤ ਖ਼ਤਮ ਹੋਈ ਤਾਂ ਘਰ ਦੇ ਬਾਹਰ ਜੁੜੇ ਮੀਡੀਆ ਕਰਮੀਆਂ ਨਾਲ ਪ੍ਰਸ਼ਾਂਤ ਅਤੇ ਸ਼ਰਦ ਪਵਾਰ ਨੇ ਕੋਈ ਗੱਲ ਨਾ ਕੀਤੀ। ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਅਤੇ ਤਾਮਿਲ ਨਾਡੂ ’ਚ ਡੀਐੱਮਕੇ ਦੀ ਜਿੱਤ ਮਗਰੋਂ ਪ੍ਰਸ਼ਾਂਤ ਕਿਸ਼ੋਰ ਦੀ ਸ੍ਰੀ ਪਵਾਰ ਨਾਲ ਇਹ ਪਹਿਲੀ ਮੁਲਾਕਾਤ ਸੀ।
ਸ੍ਰੀ ਕਿਸ਼ੋਰ ਨੇ ਦੋਵੇਂ ਪਾਰਟੀਆਂ ਦੀ ਵਿਧਾਨ ਸਭਾ ਚੋਣਾਂ ’ਚ ਜਿੱਤ ਦੀ ਰਣਨੀਤੀ ਬਣਾਈ ਸੀ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਹ ਹੁਣ ਸਿਆਸੀ ਰਣਨੀਤੀਕਾਰ ਦੀ ਭੂਮਿਕਾ ’ਚ ਨਹੀਂ ਹਨ। ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਕਿਹਾ ਕਿ ਕਈ ਆਗੂ ਕਿਸ਼ੋਰ ਦੇ ਸੰਪਰਕ ’ਚ ਸਨ ਜਦਕਿ ਐੱਨਸੀਪੀ ਦੇ ਛਗਨ ਭੁਜਬਲ ਨੇ ਕਿਹਾ ਕਿ ਉਨ੍ਹਾਂ ਨੂੰ ਮੀਟਿੰਗ ਦੇ ਏਜੰਡੇ ਦੀ ਜਾਣਕਾਰੀ ਨਹੀਂ ਹੈ। ਉਂਜ ਉਨ੍ਹਾਂ ਕਿਹਾ ਕਿ ਕਿਸ਼ੋਰ ਵੱਲੋਂ ਦਿੱਤੇ ਗਏ ਸੁਝਾਵਾਂ ’ਤੇ ਸ਼ਰਦ ਪਵਾਰ ਜ਼ਰੂਰ ਧਿਆਨ ਦੇਣਗੇ। ਜ਼ਿਕਰਯੋਗ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ 2019 ’ਚ ਊਧਵ ਠਾਕਰੇ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly