ਪ੍ਰਵਾਸੀ ਮਜ਼ਦੂਰਾਂ ਦੀ ਅਹਿਮੀਯਤ ਸਮਝਣ ਦਾ ਸਮਾਂ

ਹਰਪ੍ਰੀਤ ਸਿੰਘ ਬਰਾੜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿਚ ਦੂਜ਼ੀ ਵਾਰ ਲਾਕਡਾਊਨ ਲਾਗੂ ਕਰਨ ਦੇ ਪਹਿਲੇ ਦਿਨ ਹੀ ਜਿਸ ਤਰ੍ਹਾਂ ਇਕ ਵਾਰ ਫਿਰ ਮੁੰਬਈ, ਸੂਰਤ, ਹੈਦਰਾਬਾਦ ਅਤੇ ਕਈ ਹੋਰ ਦੂਜੇ ਸ਼ਹਿਰਾਂ ਵਿਚ ਮਜ਼ਦੂਰਾਂ ਦਾ ਹਜ਼ੂਮ ਆਪਣੇ ਪਿੰਡਾ ਵੱਲ ਜਾਣ ਦੇ ਲਈ ਸੜਕਾਂ ‘ਤੇ ਆ ਗਿਆ, ਉਸ ਤੋਂ ਸਾਫ ਹੈ ਕਿ ਤਮਾਮ ਕੋਸ਼ਿਸ਼ਾਂ ਦੇ ਬਾਵਜ਼ੂਦ ਵੀ ਪ੍ਰਵਾਸੀ ਮਜ਼ਦੂਰ ਸੂਬੇ ਅਤੇ ਕੇਂਦਰ ਦੀਆਂ ਸਰਕਾਰਾਂ ‘ਤੇ ਯਕੀਨ ਨਹੀਂ ਕਰ ਪਾ ਰਹ਼ੇ ਹਨ। ਅੱਜ ਵੀ ਮਜ਼ਦੂਰ ਆਪਣੀ ਜਾਨ ਨੂੰ ਦਾਅ ‘ਤੇ ਲਾ ਕੇ ਆਪਣੇ ਪਿੰਡਾ ਵੱਲ ਜਾਣ ਲਈ ਤਿਆਰ ਹਨ।ਅਜਿਹਾ ਕਿਊਂ ਹੈ? ਅਜਿਹਾ ਇਸ ਲਈ ਹੈ ਕਿੳਂੁ਼ਕਿ ਮਜ਼ਦੂਰਾਂ ਦੇ ਦਿਲ-ਦਿਮਾਗ ‘ਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਉਹ ਚਾਹੇ ਜ਼ੋ ਮਰਜ਼ੀ ਕਰ ਲੈਣ, ਪਰ ਸ਼ਹਿਰੀ ਮੱਧ-ਵਰਗ ਉਨ੍ਹਾਂ ਪ੍ਰਤੀ ਕੋਈ ਅਪਣੱਤ ਜਾਂ ਲਗਾਅ ਨਹੀਂ ਰੱਖਦਾ।

ਸਰਕਾਰਾਂ ਵੀ ਆਪਣੀਆਂ ਤਮਾਮ ਨੀਤੀਆਂ ਅਤੇ ਰਣਨੀਤੀਆਂ ਖਾਂਦੇ-ਪੀਂਦੇ ਮੱਧਵਰਗ ਨੂੰ ਧਿਆਨ ‘ਚ ਰੱਖਕੇ ਹੀ ਬਣਾਉਂਦੀਆਂ ਹਨ। ਇਹ ਇਕ ਬਹੁਤ ਵੱਡੀ ਟੀਸ ਹੈ, ਅਤੇ ਇਹ ਟੀਸ ਮਜ਼ਦੂਰਾਂ ਦੇ ਦਿਲਾਂ ਵਿਚੋਂ ਉਦੋਂ ਹੀ ਨਿੱਕਲ ਸਕਦੀ ਹੇ, ਜਦੋਂ ਅਸੀਂ ਉਨ੍ਹਾਂ ਪ੍ਰਤੀ ਇਮਾਨਦਾਰੀ ਨਾਲ ਅਪਣੱਤ ਦੀ ਭਾਵਨਾ ਰੱਖੀਏ।

ਕਿਉਂਕਿ ਲਾਕਡਾਊਨ ਦੇ ਪਹਿਲੇ ਗੇੜ ਦੌਰਾਨ ਸਰਕਾਰ ਦੀ ਸ਼ੁਰੂਆਤੀ ਕੋਸ਼ਿਸ਼ ਇਹੋ ਸੀ ਕਿ ਜਿੱਥੇ-ਜਿੱਥੇ ਵੀ ਪ੍ਰਵਾਸੀ ਮਜ਼ਦੂਰ ਰਹਿ ਰਹੇ ਹਨ, ਉਨ੍ਹਾਂ ਨੂੰ ਉਥੇ ਹੀ ਰੋਕ ਦਿੱਤਾ ਜਾਵੇ।ਜਦਕਿ ਲੱਖਾਂ ਦੀ ਗਿਣਤੀ ‘ਚ ਇਹ ਲੋਕ ਆਪਣੇ ਘਰਾਂ ਨੂੰ ਜਾਣ ਲਈ ਤਿਆਰ ਸਨ।ਜਿਆਦਾਤਰ ਲੋਕਾਂ ਨੇ ਤਾਂ ਸਰਕਾਰੀ ਟਰਾਂਸਪੋਰਟ ਬੰਦ ਹੋਣ ਕਾਰਨ ਪੈਦਲ ਚੱਲ ਸੈਂਕੜੇ ਮੀਲ ਸਫ਼ਰ ਤੈਅ ਕਰਨ ਦਾ ਫੈਸਲਾ ਲਿਆ ਸੀ।ਹਾਲਾਂਕਿ ਜੋ ਜਿੱਥੇ ਸੀ, ਉਥੇ ਹੀ ਰੋਕ ਦਿੱਤਾ ਗਿਆ, ਪਰ ਕਾਫੀ ਹੱਦ ਤੱਕ ਲੋਕ ਆਪਣੇ ਘਰਾਂ ਜਾਂ ਆਪਣੇ ਜਿਲਿ੍ਹਆਂ ਦੀਆਂ ਹੱਦਾਂ ਤੱਕ ਪਹੁੰਚਣ *ਚ ਸਫਲ ਰਹੇ।ਜਿਹੜੇ ਅੱਧ ਵਿਚਾਲੇ ਫਸ ਗਏ ਉਨ੍ਹਾਂ ਨੂੰ ਨੇੜੇ ਦੇ ਸਕੂਲਾਂ-ਕਾਲਜਾਂ *ਚ ਬਣੇ ਇਕਾਂਤਵਾਸ ਕੇਂਦਰਾਂ ‘ਚ ਦਾਖਲ ਕਰ ਦਿੱਤਾ ਗਿਆ।

ਇਹ ਪ੍ਰਵਾਸੀ ਮਜ਼ਦੂਰ ਭਾਵੇਂ ਜਿੱਥੇ ਵੀ ਸਨ, ਉਨ੍ਹਾਂ ਕੋਲ ਨਾ ਤਾਂ ਕੰਮ ਸੀ ਅਤੇ ਨਾ ਹੀ ਬਚਤ ‘ਚ ਜੋੜਿਆ ਕੋਈ ਪੈਸਾ।ਇਸ ਕਰਕੇ ਇਨ੍ਹਾਂ ਲਈ ਆਪਣਾ ਢਿੱਡ ਭਰਨਾ ਇਕ ਵੱਡੀ ਚੁਣੌਤੀ ਬਣ ਗਈ ਸੀ ਅਤੇ ਇਹ ਮਜ਼ਦੂਰ ਦੇਸ਼ ਦੇ ਕਈ ਹਿੱਸਿਆਂ ‘ਚ ਭੁੱਖਮਰੀ ਦੇ ਕੰਡੇ ਆਣ ਖੜੇ ਹੋ ਗਏ ਸਨ। ਮੇਰਠ ਅਤੇ ਗੁਜਰਾਤ ਦੇ ਸੂਰਤ ਵਿਖੇ ਰੋਟੀ ਨਾ ਮਿਲਣ ਕਾਰਨ ਹਿੰਸਕ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਸਨ। ਬੁਲੰਦਸ਼ਹਿਰ ਦੇ ਡਿਬਾਈ ਇਲਾਕੇ ‘ਚ ਬਣੇ ਇਕਾਂਤਵਾਸ ਕੇਂਦਰ ਵਿਚੋਂ ਭੁੱਖੇ ਰਹਿਣ ਕਾਰਨ ਲੋਕ ਖਿੜਕੀਆ ਤੋੜ ਕੇ ਬਾਹਰ ਭੱਜਦੇ ਵੀ ਨਜਰ ਆਏ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਦੇਸ਼ ਦੇ ਵਿਕਾਸ ਦੇ ਲਈ ਪ੍ਰਵਾਸੀ ਮਜ਼ਦੂਰਾਂ ਦੀ ਬਹੁਤ ਜਰੂਰਤ ਹੈ। ਇਸ ਲਈ ਸਰਕਾਰ ਦੀ ਫਿਲਹਾਲ ਦੀ ਮੁੱਖ ਚਿੰਤਾ ਪ੍ਰਵਾਸੀ ਮਜ਼ਦੂਰਾਂ ਦੇ ਲਈ ਦੋ ਵਕਤ ਦੀ ਰੋਟੀ ਮੁਹੱਈਆ ਕਰਵਾਉਣ ਦੀ ਹੋਣੀ ਚਾਹੀਦੀ ਹੈ।

ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਰਾਜਾਂ ‘ਚ ਪ੍ਰਵਾਸੀ ਮਜ਼ਦੂਰਾਂ ਦਾ ਪੂਰਾ ਖਿਆਲ ਰੱਖਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਲਈ ਇਕ ਕੇਂਦਰੀ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ, ਜੋ ਪ੍ਰਵਾਸੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਕੇਂਦਰ, ਸਟੇਟ ਅਤੇ ਜਿਲਿ੍ਹਆਂ ਦੇ ਸਬੰਧਤ ਅਦਾਰਿਆਂ ਤੱਕ ਪਹੁੰਚਾਉਣ ਦਾ ਕੰਮ ਕਰੇਗਾ।ਕਿਉ਼ਕਿ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਲੰਮੇ ਸਮੇਂ ਤੱਕ ਪ੍ਰਵਾਸੀ ਮਜ਼ਦੂਰਾਂ ਨੂੰ ਖਾਣ-ਪੀਣ ਦਾ ਸਮਾਨ ਮੁਫਤ ਉਪਲਬਧ ਨਹੀਂ ਕਰਵਾ ਸਕਦੇ, ਇਸ ਲਈ ਕਾਰਪੋਰੇਟ ਜਗਤ ਨੂੰ ਵੀ ਇਸ ਕੰਮ *ਚ ਸ਼ਾਮਲ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ।

ਸਾਡੇ ਦੇਸ਼ ਦੇ 150 ਜਿਲਿ੍ਹਆਂ ਵਿਚੋਂ ਜਿਆਦਾਤਰ ਮਜ਼ਦੂਰ ਕੰਮ ਦੀ ਤਲਾਸ਼ ‘ਚ ਬਹਾਰ ਨਿਕੱਲਦੇ ਹਨ। ਇਹ ਸਿਲਸਿਲਾ ਪਿਛਲੇ 100 ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਮੁੱਖ ਰੂਪ *ਚ ਇਹ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਗਰੀਬ ਜਿਲ੍ਹੇ ਹਨ। ਪਰ ਹੁਣ ਆਰਥਕ ਪੱਖੋਂ ਚੰਗੇ ਇਲਕਿਆਂ ਵਿਚੋਂ ਵੀ ਮਜ਼ਦੂਰ ਲੋਕ ਬਾਹਰ ਨਿਕੱਲਣ ਲੱਗੇ ਹਨ।ਪਹਿਲਾਂ ਇਨ੍ਹਾਂ ਦੀ ਦੌੜ, ਦਿੱਲੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਸ਼ਹਿਰੀ ਖੇਤਰਾਂ ਤੱਕ ਹੀ ਹੁੰਦੀ ਸੀ, ਫਸਲ ਦੇ ਸੀਜ਼ਨ *ਚ ਇਹ ਪੰਜਾਬ ਅਤੇ ਹੋਰ ਉੱਤਰੀ ਇਲਾਕਿਆਂ ਤੱਕ ਵੀ ਚਲੇ ਜਾਂਦੇ ਸਨ ਪਰ ਹੁਣ ਇਹ ਭਾਸ਼ਾ ਦੀ ਤੰਗੀ ਦੇ ਬਾਵਜ਼ੂਦ ਚੇਨੱਈ ਅਤੇ ਹੈਦਰਾਬਾਦ ਵੀ ਜਾ ਰਹੇ ਹਨ। ਕੇਰਲ *ਚ ਵੀ 20 ਲੱਖ ਤੋਂ ਜਿਆਦਾ ਪ੍ਰਵਾਸੀ ਮਜ਼ਦੂਰ ਕੰਮ ਕਰ ਰਹੇ ਹਨ, ਜ਼ੋ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਹੀ ਹਨ। ਕੇਰਲ *ਚ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਜਿਆਦਾ ਹੋਣ ਦੇ ਦੋ ਮੁੱਖ ਕਾਰਨ ਹਨ, ਪਹਿਲਾ ਵਿਦੇਸ਼ਾਂ ਤੋਂ ਆਏ ਪੈਸੇ ਕਰਨ ਪ੍ਰਵਾਸੀ ਮਜ਼ਦੂਰਾਂ ਨੂੰ ਹੋਰ ਸੂਬਿਆਂ ਦੀ ਬਰਾਬਰੀ *ਚ ਜਿਆਦਾ ਮਜ਼ਦੂਰੀ ਮਿਲਦੀ ਹੈ। ਦੂਜਾ ਇਹ ਕਿ ਕੇਰਲ ‘ਚ ਸਾਖ਼ਰਤਾ ਦਰ ਜਿਆਦਾ ਹੋਣ ਕਾਰਨ ਪੜ੍ਹੇ-ਲਿਖੇ ਲੋਕ ਮਜ਼ਦੂਰੀ ਜਿਹਾ ਛੋਟਾ ਕੰਮ ਨਹੀਂ ਕਰਨਾ ਚਾਹੁੰਦੇ।ਉੱਤਰ ਭਾਰਤ ਦੇ ਘੱਟ ਪੜ੍ਹੇ ਲਿਖੇ ਅਤੇ ਅਨਪੜ੍ਹ ਲੋਕ ਇਹਨਾਂ ਕੰਮਾਂ ਨੂੰ ਰਾਜੀ ਖੁਸ਼ੀ ਕਰਨ ਦੇ ਲਈ ਤਿਆਰ ਹਨ।

ਇਹੋ ਕਾਰਨ ਹੈ ਕਿ ਕੇਰਲ ‘ਚ ਪ੍ਰਵਾਸੀ ਮਜ਼ਦੂਰਾਂ ਦੇ ਲਈ ਇਸ ਲਾਕਡਾਊਨ ਦੌਰਾਨ ਸਭ ਤੋਂ ਜਿਆਦਾ ਕੈਂਪ ਹਨ। ਵੈਸੇ ਵੀ ਫ਼ਸਲ ਦੀ ਕਟਾਈ ਦੇ ਮਹੀਨਿਆਂ (ਅਪੈ੍ਰੇਲ ਅਤੇ ਮਈ) ‘ਚ ਇਹ ਪ੍ਰਵਾਸੀ ਮਜਦੂਰ ਆਪਣੇ ਪਿੰਡਾ ਨੂੰ ਵਾਪਸ ਚਲੇ ਜਾਂਦੇ ਹਨ। ਕਿਉਂਕਿ ਹੁਣ ਆਪਾਂ ਅਪ੍ਰੈਲ ਦੇ ਅੱਧ ਵਿਚ ਹਾਂ ਅਤੇ ਇਹ ਪ੍ਰਵਾਸੀ ਵੀ ਸ਼ਹਿਰਾਂ ਨੂੰ ਛੱਡ ਚੁੱਕੇ ਹਨ, ਇਸ ਲਈ ਉਨ੍ਹਾਂ ਨੇ ਇਸ ਸਾਲ ਦੇ ਕੰਮ ਦੀ ਅਗਲੀ ਯੋਜਨਾ ਬਦਲ ਦਿੱਤੀ ਹੈ, ਉਹ ਦੁਚਿੱਤੀ ਵਾਲੇ ਹਲਾਤਾਂ ਵਿਚ ਹਨ।

ਜਦੋਂ ਤੱਕ ਵਾਇਰਸ ਦਾ ਖ਼ਤਰਾ ਨਹੀਂ ਟਲ ਜਾਂਦਾ, ਬਹੁਤ ਸਾਰੇ ਲੋਕ ਆਪਣੇ ਪਿੰਡਾ ਵਿਚ ਹੀ ਰੁਕ ਜਾਣਗੇ।ਨਤੀਜ਼ਨ ਸ਼ਹਿਰਾਂ ਵਿਚ ਕਾਮਿਆਂ ਦੀ ਬਹੁਤ ਜਿਆਦਾ ਕਮੀਂ ਆਵੇਗੀ, ਖਾਸਕਰ ਉਸਾਰੀ ਅਤੇ ਛੋਟੇ ਉਦਯੋਗਾਂ ਨੂੰ ਮਜ਼ਦੂਰਾਂ ਦੀ ਕਮੀ ਦਾ ਜਿਆਦਾ ਸਾਹਮਣਾ ਕਰਨਾ ਪਵੇਗਾ।

ਜਿਵੇਂ ਕਿ ਇਹ ਸਪਸ਼ਟ ਹੈ ਕਿ ਕਰੋਨਾ ਵਾਇਰਸ ਨਾਲ ਸਾਡੀ ਅਰਥਵਿਵਸਥਾ ‘ਤੇ ਡੰਘੀ ਸੱਟ ਵੱਜਣ ਵਾਲੀ ਹੈ ਅਤੇ ਅਰਥਵਿਵਸਥਾ ਨੂੰ ਮੁੜ ਲੀਹ ‘ਤੇ ਲਿਆਉਣ ਦੇ ਲਈ ਪ੍ਰਵਾਸੀ ਮਜ਼ਦੂਰਾ ਦਾ ਬਹੁਤ ਅਹਿਮ ਰੋਲ ਹੈ। ਇਸ ਲਈ ਇਹ ਬਹੁਤ ਜਰੂਰੀ ਹੈ ਕਿ ਸਰਕਾਰ ਪ੍ਰਵਾਸੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਵੀ ਤੁਰੰਤ ਕਰੇ। ਪੇਂਡੂ ਭਾਰਤ ਵਿਚੋਂ ਮਜ਼ਦੂਰ ਦੋ ਹੀ ਕਾਰਨਾ ਕਰਕੇ ਘਰੋਂ ਬਾਹਰ ਨਿਕੱਲਦੇ ਹਨ।ਆਪਣੀ ਆਰਥਕ ਹਾਲਤ ਬਿਹਤਰ ਕਰਨ ਦੇ ਲਈ ਅਤੇ ਆਪਣੀ ਪਿੱਤਰੀ ਥਾਂ ਦੀ ਬਦਹਾਲੀ ਤੋਂ ਬਚਣ ਦੇ ਲਈ। ਕਿਸੇ ਵੀ ਦੇਸ਼ ਦੇ ਵਿਕਾਸ ਦੇ ਲਈ ਪ੍ਰਵਾਸ ਜ਼ਰੂਰੀ ਹੈ, ਪਰ ਆਪਣੀ ਮੂਲ ਰਿਹਾਇਸ਼ ਦੇ ਥਾਂ ਦੀ ਬਦਹਾਲੀ ਕਰਕੇ ਕੀਤੇ ਜਾਣ ਵਾਲੇ ਪ੍ਰਵਾਸ ਨੂੰ ਘੱਟ ਕਰਨ ਦੀ ਲੋੜ ਹੈ। ਨਾਲ ਹੀ, ਪ੍ਰਵਾਸੀ ਮਜ਼ਦੂਰਾਂ ਦੇ ਲਈ ਚੱਲ ਰਹੀਆਂ ਕਲਿਆਣ ਯੋਜਨਾਵਾ ਠੋਸ ਰੂਪ *ਚ ਲਾਗੂ ਕੀਤੀਆਂ ਜਾਣੀਆਂ ਬਹੁਤ ਲਾਜ਼ਮੀ ਹਨ, ਤਾਂ ਕਿ ਉਹ ਜਿਥੇ ਵੀ ਕੰਮ ਕਰਨ ਦੇ ਲਈ ਜਾਣ ਉਨ੍ਹਾਂ ਨੂੰ ਆਪਣੀ ਮੂਲ ਰਿਹਾਇਸ਼ ਵਾਂਗ ਰਾਸ਼ਨ ਕਾਰਡ ‘ਤੇ ਪੂਰੀਆਂ ਸਹੂਲਤਾਂ ਆਦਿ ਵੀ ਮਿਲ ਸਕਣ ਤਾਂ ਜੋ ਉਨ੍ਹਾਂ ਨੂੰ ਮੌਜ਼ੁਦਾਂ ਹਲਾਤਾਂ ਵਾਂਗ ਉਨ੍ਹਾਂ ਨੂੰ ਭੁੱਖ ਨਾਲ ਸੰਘਰਸ਼ ਕਰਨ ਦੀ ਲੋੜ ਨਾ ਪਵੇ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ

Previous articleਨਿਊਯਾਰਕ ਦੇ ਹਸਪਤਾਲਾਂ ‘ਚ ਸਿੱਖਾਂ ਵੱਲੋਂ ਫ੍ਰੀ ਖਾਣੇ ਦੇ ਪ੍ਰਬੰਧ
Next articleBowling to players like Dhoni gives you important insight: Anderson