ਵਾਸ਼ਿੰਗਟਨ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਭਾਰਤਵੰਸ਼ੀ ਅਮਰੀਕੀ ਐੱਮਪੀ ਪ੍ਰਮਿਲਾ ਜੈਪਾਲ ਕਾਰਨ ਸੰਸਦੀ ਕਮੇਟੀ ਨੂੰ ਮਿਲਣ ਦਾ ਪ੍ਰੋਗਰਾਮ ਰੱਦ ਕਰਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ‘ਚ ਮਜ਼ਬੂਤ ਦਾਅਵੇਦਾਰ ਬਣੀ ਸੈਂਡਰਸ ਅਤੇ ਐਲਿਜ਼ਾਬੈੱਥ ਵਾਰੇਨ ਸਹਿਤ ਦੋ ਹੋਰ ਅਮਰੀਕੀ ਐੱਮਪੀ ਹੁਣ ਜੈਪਾਲ ਦੇ ਸਮਰਥਨ ਵਿਚ ਉਤਰ ਆਏ ਹਨ।
ਜੈਪਾਲ ਨੇ ਦਾਅਵਾ ਕੀਤਾ ਸੀ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਸੰਸਦੀ ਕਮੇਟੀ ਨਾਲ ਮਿਲਣ ਦਾ ਪ੍ਰੋਗਰਾਮ ਸਿਰਫ਼ ਇਸ ਲਈ ਰੱਦ ਕਰ ਦਿੱਤਾ ਸੀ ਕਿਉਂਕਿ ਉਸ ਕਮੇਟੀ ਦਾ ਹਿੱਸਾ ਉਹ ਵੀ ਸੀ। ਪ੍ਰਮਿਲਾ ਜੈਪਾਲ ਉਹੀ ਐੱਮਪੀ ਹੈ ਜੋ ਸੰਸਦ ਵਿਚ ਕਸ਼ਮੀਰ ਸਬੰਧੀ ਮਤਾ ਲਿਆਈ ਸੀ ਅਤੇ ਭਾਰਤ ਤੋਂ ਧਾਰਾ 370 ਦੀ ਸਮਾਪਤੀ ਪਿੱਛੋਂ ਜੰਮੂ-ਕਸ਼ਮੀਰ ਵਿਚ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰਨ ਦਾ ਅਪੀਲ ਕੀਤੀ ਸੀ।
ਸੈਂਡਰਸ, ਵਾਰੇਨ ਅਤੇ ਹੋਰ ਐੱਮਪੀਜ਼ ਨੇ ਸ਼ੁੱਕਰਵਾਰ ਨੂੰ ਜੈਪਾਲ ਦੇ ਸਮਰਥਨ ਵਿਚ ਟਵੀਟ ਕੀਤਾ ਜਿਸ ਵਿਚ ਜੈਸ਼ੰਕਰ ਅਤੇ ਭਾਰਤ ‘ਤੇ ਅਮਰੀਕੀ ਐੱਮਪੀ ਦੀ ਆਵਾਜ਼ ਨੂੰ ਖ਼ਾਮੋਸ਼ ਕਰਵਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵਾਰੇਨ ਨੇ ਇਕ ਟਵੀਟ ਵਿਚ ਕਿਹਾ ਕਿ ਅਮਰੀਕਾ ਅਤੇ ਭਾਰਤ ਮਹੱਤਵਪੂਰਣ ਭਾਈਵਾਲ ਹਨ ਪ੍ਰੰਤੂ ਇਹ ਤਦ ਹੀ ਸਫਲ ਹੋ ਸਕਦਾ ਹੈ ਜਦੋਂ ਗੱਲਬਾਤ ਵਿਚ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਲਾਂ ਨੂੰ ਤਰਜੀਹ ਦਿੱਤੀ ਜਾਏ।