ਹਲਕਾ ਸ਼ੁਤਰਾਣਾ ਦੇ ਪਿੰਡ ਕੁਲਾਰਾਂ ’ਚ ਅੱਜ ਸਵੇਰੇ ਚੋਣ ਪ੍ਰਚਾਰ ਲਈ ਪੁੱਜੀ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਤੇ ਹਲਕਾ ਵਿਧਾਇਕ ਨਿਰਮਲ ਸਿੰਘ ਨੂੰ ਪਿੰਡ ਵਾਸੀਆਂ ਨੇ ਕਾਲੀਆਂ ਝੰਡੀਆਂ ਦਿਖਾਈਆਂ। ਇਸ ਕਾਰਨ ਸਮਾਗਮ ਦੇ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਵਿਚਾਲੇ ਤਕਰਾਰ ਵੱਧ ਗਈ ਤੇ ਦੋਵਾਂ ਧਿਰਾਂ ਵਿਚਕਾਰ ਇੱਟਾਂ-ਰੋੜੇ ਵੀ ਚੱਲੇ ਜਿਸ ਨਾਲ 3 ਮਹਿਲਾਵਾਂ ਸਮੇਤ 4 ਵਿਅਕਤੀ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਿੰਡ ਗੋਬਿੰਦ ਨਗਰ ਕੁਲਾਰਾਂ ਦੇ ਸਰਪੰਚ ਹਰਦੀਪ ਸਿੰਘ ਵੱਲੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਸਮਾਗਮ ਕੀਤਾ ਗਿਆ ਸੀ, ਪਰ ਪਿੰਡ ਦੇ ਹੀ ਦਰਸ਼ਨ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਪ੍ਰਨੀਤ ਕੌਰ ਦੇ ਇਸ ਸਮਾਗਮ ਦਾ ਵਿਰੋਧ ਕਰਦਿਆਂ ਕਾਲੀਆਂ ਝੰਡੀਆਂ ਦਿਖਾਉਣ ਦਾ ਪ੍ਰੋਗਰਾਮ ਉਲੀਕ ਦਿੱਤਾ। ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਹਲਕਾ ਵਿਧਾਇਕ ਨਿਰਮਲ ਸਿੰਘ ਨਾਲ ਮੌਕੇ ’ਤੇ ਪੁੱਜੇ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਦਾ ਯਤਨ ਕੀਤਾ। ਸਮਾਗਮ ਖਤਮ ਹੋਇਆ ਤਾਂ ਸਮਾਗਮ ਦੇ ਪ੍ਰਬੰਧਕਾਂ ਅਤੇ ਵਿਰੋਧ ਕਰ ਰਹੇ ਪਿੰਡ ਵਾਸੀਆਂ ਵਿਚਾਲੇ ਤਕਰਾਰ ਵੱਧ ਗਿਆ ਤੇ ਦੋਵੇਂ ਪਾਸਿਓਂ ਇੱਟਾਂ-ਰੋੜੇ ਚੱਲਣੇ ਸ਼ੁਰੂ ਹੋ ਗਏ। ਸਥਿਤੀ ਵਿਗੜਦੀ ਦੇਖ ਪੁਲੀਸ ਨੇ ਹਲਕਾ ਲਾਠੀਚਾਰਜ ਕਰਕੇ ਲੋਕਾਂ ਨੂੰ ਖਦੇੜਿਆ। ਦੋਵਾਂ ਧਿਰਾਂ ਦੇ ਕੁਝ ਵਿਅਕਤੀਆਂ ਨੂੰ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਅਤੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਮਾਗਾਮ ਦੇ ਪ੍ਰਬੰਧਕ ਤੇ ਪਿੰਡ ਦੇ ਸਰਪੰਚ ਹਰਦੀਪ ਸਿੰਘ ਨੇ ਦੋਸ਼ ਲਗਾਇਆ ਕਿ ਇਹ ਹੁੱਲੜਬਾਜ਼ੀ ਅਕਾਲੀਆਂ ਵੱਲੋਂ ਕੀਤੀ ਗਈ ਹੈ ਜਿਸ ਵਿੱਚ ਬਾਹਰੋਂ ਆਏ ਹਥਿਆਰਬੰਦ ਲੋਕ ਜ਼ਿਆਦਾ ਗਿਣਤੀ ਵਿਚ ਸਨ। ਉਨ੍ਹਾਂ ਦੱਸਿਆ ਕਿ ਇੱਟਾਂ-ਰੋੜੇ ਵੱਜਣ ਕਾਰਨ ਉਨ੍ਹਾਂ ਦੀ ਮਾਤਾ ਨੱਛਤਰ ਕੌਰ ਅਤੇ ਜਸਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋਏ ਹਨ।ਦੂਜੇ ਪਾਸੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਰਪੰਚੀ ਦੀ ਚੋਣ ਵਿਚ ਹਾਰੇ ਦਰਸ਼ਨ ਸਿੰਘ ਨੇ ਕਿਹਾ ਕਿ ਪਿੰਡ ਵਾਸੀ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਸਨ ਪਰ ਹਰਦੀਪ ਸਿੰਘ ਨੇ ਪਹਿਲਾਂ ਹੀ ਬਾਹਰੋਂ ਹਥਿਆਰਬੰਦ ਗੁੰਡੇ ਬੁਲਾਏ ਹੋਏ ਸਨ ਜਿਨ੍ਹਾਂ ਉਨ੍ਹਾਂ ਉੱਪਰ ਹਮਲਾ ਕਰ ਦਿਤਾ ਤੇ ਔਰਤਾਂ ਤੇ ਹੋਰ ਲੋਕਾਂ ਦੀ ਮਾਰਕੁੱਟ ਕੀਤੀ। ਇਸ ’ਚ ਸੁਖਵਿੰਦਰ ਕੌਰ ਪਤਨੀ ਨਿਰਮਲ ਸਿੰਘ ਅਤੇ ਜਸਵੀਰ ਕੌਰ ਪਤਨੀ ਦੀਦਾਰ ਸਿੰਘ ਗੰਭੀਰ ਜ਼ਖ਼ਮੀ ਹੋ ਗਈਆਂ। ਸਦਰ ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਸਮਾਗਮ ਤੋਂ ਬਾਅਦ ਦੋਵੇਂ ਧਿਰਾਂ ਵਿਚਕਾਰ ਕੁਝ ਪੱਥਰਬਾਜ਼ੀ ਹੋਈ ਸੀ ਜਿਸ ਨੂੰ ਤੁਰੰਤ ਰੋਕ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਫ਼ਿਲਹਾਲ ਕਿਸੇ ਵੀ ਧਿਰ ਵੱਲੋਂ ਸ਼ਿਕਾਇਤ ਨਹੀਂ ਦਿੱਤੀ ਗਈ।
HOME ਪ੍ਰਨੀਤ ਕੌਰ ਨੂੰ ਕਾਲੀਆਂ ਝੰਡੀਆਂ ਦਿਖਾਉਣ ’ਤੇ ਚੱਲੇ ਇੱਟਾਂ-ਰੋੜੇ