ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਸੰਸਦ ਦੇ ਸੈਸ਼ਨ ਵਿਚ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਚੁੱਕੇ। ਪੰਜਾਬ ਦੇ ਇਨ੍ਹਾਂ ਦੋਵਾਂ ਸੰਸਦ ਮੈਂਬਰਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਕਰਜ਼ੇ ਵਿਚ ਡੁੱਬੇ ਹੋਏ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਕਰਜ਼ਿਆਂ ਵਿਚੋਂ ਬਾਹਰ ਕੱਢਣ ਲਈ ਹੋਰ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰਨੀਤ ਕੌਰ ਨੇ ਮੰਗ ਕੀਤੀ ਕਿ ਸੂਬੇ ਦੇ ਸਰਹੱਦੀ ਖੇਤਰ ਦੇ ਵਿਕਾਸ ਲਈ ਕੇਂਦਰ ਸਰਕਾਰ ਵਿਸ਼ੇਸ਼ ਪੈਕੇਜ ਦਾ ਐਲਾਨ ਕਰੇ। ਭਗਵੰਤ ਮਾਨ ਨੇ ਆਪਣੀ ਦੂਸਰੀ ਪਾਰੀ ਦੌਰਾਨ ਮਾਂ ਬੋਲੀ ਵਿਚ ਆਪਣੀ ਗੱਲ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ੂਬ ਟਕੋਰਾਂ ਲਾਈਆਂ। ਉਨ੍ਹਾਂ ਕਿਹਾ ਕਿ ਫ਼ਕੀਰ ਨਾ ਤਾ 10 ਲੱਖ ਦੇ ਸੂਟ ਪਾਉਂਦੇ ਹਨ ਅਤੇ ਨਾ ਹੀ ਬੈਂਕਾਂ ਨੂੰ ਲੁੱਟਣ ਵਾਲਿਆਂ ਨਾਲ ਯਾਰੀਆਂ ਪੁਗਾਉਂਦੇ ਹਨ।ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਦੇ ਮਾਰੇ ਵਿਦੇਸ਼ਾਂ ਵਿਚ ਜਾ ਕੇ ਰੋਟੀ ਦਾ ਜੁਗਾੜ ਕਰਨ ਲਈ ਮਜਬੂਰ ਹਨ। ਪੰਜਾਬ ਦੇ ਜਿਹੜੇ ਗੱਭਰੂ ਕਿਸੇ ਵੇਲੇ ਫ਼ੌਜ ਵਿਚ ਬੜੇ ਚਾਅ ਨਾਲ ਭਰਤੀ ਹੁੰਦੇ ਸਨ, ਉਹ ਅੱਜ ਸਾਊਦੀ ਅਰਬ ਦੇ ਟਿੱਬਿਆਂ ਵਿਚ ਜਾ ਕੇ ਦਿਹਾੜੀਆਂ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਉਦਯੋਗ ਉੱਜੜ ਰਿਹਾ ਹੈ।
INDIA ਪ੍ਰਨੀਤ ਕੌਰ ਤੇ ਭਗਵੰਤ ਮਾਨ ਨੇ ਸੰਸਦ ’ਚ ਉਠਾਏ ਕਿਸਾਨਾਂ ਦੇ ਮੁੱਦੇ