ਨਵੀਂ ਦਿੱਲੀ (ਸਮਾਜਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁੱਕਰਵਾਰ ਨੂੰ ਲੇਹ ਦੌਰੇ ਦੌਰਾਨ ਲੱਦਾਖ ’ਚ ਫ਼ੌਜੀ ਜਵਾਨਾਂ ਨੂੰ ਸੰਬੋਧਨ ’ਤੇ ਵਿਅੰਗ ਕਰਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਇਹ ਉਨ੍ਹਾਂ ਲਈ ‘ਰਾਜ ਧਰਮ’ ਦੀ ਪਾਲਣਾ ਕਰਨ ਤੇ ਦੇਸ਼ ਦੇ ਲੋਕਾਂ ਨੂੰ ਚੀਨ ਦੀ ਘੁਸਪੈਠ ਬਾਰੇ ਸਚਾਈ ਦੱਸਣ ਦਾ ਸਮਾਂ ਹੈ।
ਕਾਂਗਰਸੀ ਆਗੂ ਕਪਿਲ ਸਿੱਬਲ ਨੇ ਅੱਜ ਵਰਚੁਅਲ ਪ੍ਰੈੱਸ ਮਿਲਣੀ ’ਚ ਲੱਦਾਖ ਦੇੇ ਪੈਂਗੌਂਗ ਸੋ ਖੇਤਰ ’ਚ ਚੀਨ ਵੱਲੋਂ ਉਸਾਰੇ ਢਾਂਚੇ ਦੀਆਂ ਮਈ ਅਤੇ ਜੂਨ ਵਿਚਾਲੇ ਸੈਟੇਲਾਈਟ ਰਾਹੀਂ ਲਈਆਂ ਗਈਆਂ ਤਸਵੀਰਾਂ ਦਿਖਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਸਚਾਈ ਬਿਆਨ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਵੀ ਕਿਹਾ ਕਿ ਉਹ ‘ਭਰਮ ਅਤੇ ਧੋਖੇ’ ਵਾਲੀ ਰਾਜਨੀਤੀ ਬੰਦ ਕਰਕੇ ਚੀਨ ਨੂੰ ‘ਢੁੱਕਵਾਂ’ ਜਵਾਬ ਦਿੰਦਿਆਂ ਭਾਰਤੀ ਖੇਤਰਾਂ ਦੀ ਰੱਖਿਆ ਕਰਨ।
ਇਸੇ ਦੌਰਾਨ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਲੱਦਾਖ ਦੇ ਦੇਸ਼ ਭਗਤ ਲੋਕ ਚੀਨ ਦੀ ਘੁਸਪੈਠ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ, ਜਿਸ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਭਾਰਤ ਨੂੰ ਭਾਰੀ ਕੀਮਤ ਅਦਾ ਕਰਨੀ ਪੈ ਸਕਦੀ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ ਕਿ ਸਰਕਾਰ ਨੂੰ ਲੱਦਾਖ ਤੇ ਪੂਰੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਚੀਨ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।