ਨਵੀਂ ਦਿੱਲੀ (ਸਮਾਜਵੀਕਲੀ) :ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਉਨ੍ਹਾਂ ਦੇ ਬਿਆਨ ਕਿ ‘ਕੋਈ ਵੀ ਭਾਰਤੀ ਖੇਤਰ ’ਚ ਨਹੀਂ ਹੈ ਅਤੇ ਨਾ ਹੀ ਕਿਸੇ ਨੇ ਇਸ ਦੀ ਕਿਸੇ ਚੌਕੀ ’ਤੇ ਕਬਜ਼ਾ ਕੀਤਾ ਹੈ’ ਨੂੰ ਲੈ ਕੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤੀ ਇਲਾਕੇ ਚੀਨੀ ਗੁੱਸੇ ਅੱਗੇ ਛੱਡ ਦਿੱਤੇ ਹਨ।
ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਨੇ ਭਾਰਤੀ ਖੇਤਰ ਚੀਨੀ ਗੁੱਸੇ ਦੀ ਭੇਟ ਚੜ੍ਹਾ ਦਿੱਤੇ ਹਨ। ਜੇਕਰ ਜ਼ਮੀਨ ਚੀਨ ਦੀ ਸੀ ਤਾਂ ਸਾਡੇ ਫ਼ੌਜੀ ਕਿਉਂ ਸ਼ਹੀਦ ਹੋਏ? ਉਹ ਕਿੱਥੇ ਸ਼ਹੀਦ ਹੋਏ ਹਨ।’ ਉਨ੍ਹਾਂ ਨੇ ਅਸਲ ਕੰਟਰੋਲ ਰੇਖਾ ਵਿਵਾਦ ਬਾਰੇ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਚੀਨ ਨੇ ਭਾਰਤੀ ਖੇਤਰ ਕਿਵੇਂ ਮੱਲ ਲਏ ਅਤੇ ਭਾਰਤੀ ਜਵਾਨਾਂ ਨੂੰ ਲਦਾਖ ’ਚ ‘ਸ਼ਹੀਦ ਹੋਣ ਲਈ ਨਿਹੱਥੇ’ ਕਿਉਂ ਭੇਜਿਆ ਗਿਆ।