ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਦਿੱਲੀ ਵਿੱਚ ਰਸਮੀ ਧਰਨੇ ਦੇਣ ਦੀ ਥਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਕਰ ਪ੍ਰਧਾਨ ਮੰਤਰੀ ਦੇ ਘਰ ਅੱਗੇ ਮਰਨ ਵਰਤ ’ਤੇ ਬੈਠਣ ਤਾਂ ਕੇਂਦਰ ਸਰਕਾਰ ਮਿੰਟੋ-ਮਿੰਟੀ ਸਾਰੇ ਮਸਲੇ ਹੱਲ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਜਿਹੇ ਕੰਮਾਂ ਵਾਸਤੇ ਹੁੰਦਾ ਹੈ, ਨਾ ਕਿ ਸੈਰ ਕਰਨ ਲਈ। ਜੇ ਕੈਪਟਨ ਮਰਨ ਵਰਤ ’ਤੇ ਬੈਠਣ ਤਾਂ ਅਕਾਲੀ ਦਲ ਵੀ ਇਸ ਦੀ ਹਮਾਇਤ ਕਰੇਗਾ।
ਸ੍ਰੀ ਬਾਦਲ ਨੇ ਇਹ ਟਿੱਪਣੀ ਅੱਜ ਇਥੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਵਾਂਗ ਜੇ ਪੰਜਾਬ ਸਰਕਾਰ ਵੀ ਪੂਰੇ ਸੂਬੇ ਨੂੰ ਮੰਡੀ ਐਲਾਨ ਦਿੰਦੀ ਤਾਂ ਗਵਰਨਰ ਨੇ ਸੋਧ ਬਿੱਲਾਂ ’ਤੇ ਸਹੀ ਪਾ ਦੇਣੀ ਸੀ। ਉਨ੍ਹਾਂ ਵਿਅੰਗ ਕੀਤਾ ਕਿ ਉਹ ਮੁੱਖ ਮੰਤਰੀ ਕਾਹਦਾ, ਜਿਹੜਾ ਰਾਸ਼ਟਰਪਤੀ ਨੂੰ ਹੀ ਨਾ ਮਿਲ ਸਕੇ। ਉਨ੍ਹਾਂ ਕਾਂਗਰਸ ਪਾਰਟੀ ਨੂੰ ਅਪੀਲ ਕੀਤੀ ਕਿ ਅਜਿਹੇ ਮੁੱਖ ਮੰਤਰੀ ਨੂੰ ਪਾਰਟੀ ’ਚੋਂ ਹੀ ਕੱਢ ਦੇਣਾ ਚਾਹੀਦਾ ਹੈ।