ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਬੱਚਿਆਂ ਰਾਹੁਲ ਤੇ ਪ੍ਰਿਯੰਕਾ ਦੀ ਸੁਰੱਖਿਆ ਵਾਪਸ ਨਹੀਂ ਲਈ ਗਈ ਹੈ ਸਗੋਂ ਇਸ ’ਚ ਬਦਲਾਅ ਕਰਕੇ ‘ਜ਼ੈੱਡ-ਪਲੱਸ’ ਕਰ ਦਿੱਤਾ ਗਿਆ ਹੈ। ਐੱਸਪੀਜੀ (ਸੋਧ) ਬਿੱਲ ’ਤੇ ਲੋਕ ਸਭਾ ’ਚ ਬਹਿਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਬਦਲਾਖੋਰੀ ਦੇ ਨਜ਼ਰੀਏ ਨਾਲ ਕੋਈ ਕਾਰਵਾਈ ਨਹੀਂ ਕਰਦੀ ਹੈ ਪਰ ਕਾਂਗਰਸ ਨੇ ਬੀਤੇ ’ਚ ਅਜਿਹੇ ਕਈ ਫ਼ੈਸਲੇ ਲਏ ਸਨ। ਇਸ ਦੌਰਾਨ ਐੱਸਪੀਜੀ (ਸੋਧ) ਬਿੱਲ ਲੋਕ ਸਭਾ ’ਚ ਪਾਸ ਹੋ ਗਿਆ ਜਿਸ ਤਹਿਤ ਹੁਣ ਐੱਸਪੀਜੀ ਸਿਰਫ਼ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਨਾਲ ਰਹਿੰਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ’ਚ ਹੀ ਤਾਇਨਾਤ ਹੋਵੇਗੀ।
ਸ੍ਰੀ ਸ਼ਾਹ ਨੇ ਕਿਹਾ,‘‘ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਐੱਸਪੀਜੀ ਐਕਟ ’ਚ ਸੋਧ ਗਾਂਧੀ ਪਰਿਵਾਰ ਦੀ ਸੁਰੱਖਿਆ ਵਾਪਸ ਲੈਣ ਲਈ ਕੀਤੀ ਜਾ ਰਹੀ ਹੈ। ਗਾਂਧੀ ਪਰਿਵਾਰ ਦੀ ਸੁਰੱਖਿਆ ਵਾਪਸ ਨਹੀਂ ਲਈ ਗਈ ਹੈ ਸਗੋਂ ਇਸ ’ਚ ਬਦਲਾਅ ਕਰਕੇ ਜ਼ੈੱਡ-ਪਲੱਸ ਕਰ ਦਿੱਤਾ ਗਿਆ ਹੈ ਜਿਸ ਤਹਿਤ ਆਧੁਨਿਕ ਸੁਰੱਖਿਆ ਦੇ ਨਾਲ ਨਾਲ ਮੁਲਕ ’ਚ ਐਂਬੂਲੈਂਸ ਦੀ ਸਹੂਲਤ ਵੀ ਦਿੱਤੀ ਜਾਵੇਗੀ।’’ ਉਨ੍ਹਾਂ ਕਿਹਾ ਕਿ ਜਦੋਂ ਸਾਬਕਾ ਪ੍ਰਧਾਨ ਮੰਤਰੀਆਂ ਚੰਦਰਸ਼ੇਖਰ, ਇੰਦਰ ਕੁਮਾਰ ਗੁਜਰਾਲ ਅਤੇ ਮਨਮੋਹਨ ਸਿੰਘ ਤੋਂ ਐੱਸਪੀਜੀ ਸੁਰੱਖਿਆ ਵਾਪਸ ਲਈ ਗਈ ਸੀ ਤਾਂ ਕਿਸੇ ਨੇ ਇਕ ਵੀ ਸ਼ਬਦ ਨਹੀਂ ਬੋਲਿਆ ਸੀ। ਗਾਂਧੀ ਪਰਿਵਾਰ ਤੋਂ ਐੱਸਪੀਜੀ ਸੁਰੱਖਿਆ ਵਾਪਸ ਲਏ ਜਾਣ ਮਗਰੋਂ ਸਰਕਾਰ ਨੇ ਐੱਸਪੀਜੀ ਸੋਧ ਬਿੱਲ ਲਿਆਂਦਾ ਹੈ।
HOME ਪ੍ਰਧਾਨ ਮੰਤਰੀ ਤੇ ਪਰਿਵਾਰਕ ਮੈਂਬਰਾਂ ਨੂੰ ਹੀ ਮਿਲੇਗੀ ਐੱਸਪੀਜੀ