ਨਵੀਂ ਦਿੱਲੀ (ਸਮਾਜਵੀਕਲੀ) – ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟੋਨੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਵਿਡ-19 ਮਹਾਮਾਰੀ ਦੌਰਾਨ ਦੇਸ਼ ਭਰ ਵਿੱਚ ਚੱਲ ਰਹੇ ਲੌਕਡਾਊਨ ਵਿੱਚ ਭੁੱਖ ਨਾਲ ਮਰਨ ਵਾਲੇ ਲੋਕਾਂ ਦਾ ਬਚਾਅ ਕਰਨ ਲਈ ਦਖ਼ਲ ਦੇਣ।
ਉਨ੍ਹਾਂ ਕਿਹਾ ਕਿ ਦੇਸ਼ ਦੀ ਜ਼ਮੀਨੀ ਹਕੀਕਤ ਬਹੁਤ ਖ਼ਰਾਬ ਹੈ ਅਤੇ ਪ੍ਰਧਾਨ ਮੰਤਰੀ ਗਰੀਬ ਅਤੇ ਲੋੜਵੰਦਾਂ ਦੇ ਨਾਲ ਨਾਲ ਅਰਥਚਾਰੇ ਨੂੰ ਪੈਰਾਂ ਸਿਰ ਕਰਨ ਲਈ ਰਾਹਤ ਪੈਕੇਜ ਦਾ ਐਲਾਨ ਕਰਨ। ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਸ੍ਰੀ ਐਂਟੋਨੀ ਨੇ ਕਿਹਾ ਕਿ ਦੇਸ਼ ਬਹੁਤ ਮਾੜੇ ਹਾਲਾਤ ’ਚੋਂ ਗੁਜ਼ਰ ਰਿਹਾ ਹੈ ਜੇ ਪ੍ਰਧਾਨ ਮੰਤਰੀ ਨੇ ਛੇਤੀ ਦਖ਼ਲ ਨਾ ਦਿੱਤਾ ਤਾਂ ਕਰੋਨਾ ਵਾਇਰਸ ਦੇ ਨਾਲ ਨਾਲ ਭੁੱਖ ਨਾਲ ਵੀ ਲੋਕ ਮਰਨੇ ਸ਼ੁਰੂ ਹੋ ਜਾਣਗੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਰਵਾਸੀ ਮਜ਼ਦੂਰਾਂ ਅਤੇ ਗਰੀਬ ਤੇ ਲੋੜਵੰਦ ਤਬਕਿਆਂ ਦੇ ਲੋਕਾਂ ਦੀ ਇਸ ਔਖੀ ਘੜੀ ’ਚ ਬਾਂਹ ਫੜੀ ਜਾਵੇ ਅਤੇ ਇਨ੍ਹਾਂ ਨੂੰ ਰਾਸ਼ਨ ਦੇ ਨਾਲ ਨਾਲ ਨਕਦੀ ਵੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਇਸ ਮਹਾਮਾਰੀ ਦੌਰਾਨ ਮਰ ਰਹੀਆਂ ਸਨਅਤਾਂ ਲਈ ਵੀ ਠੋਸ ਰਾਹਤ ਪੈਕੇਜ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਛੇਤੀ ਤੋਂ ਛੇਤੀ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਕਰੋੜਾਂ ਦੀ ਗਿਣਤੀ ਵਿੱਚ ਪਿਤਰੀ ਰਾਜਾਂ ਵਿੱਚ ਗਏ ਪਰਵਾਸੀ ਆਪਣੇ ਘਰਾਂ ਨੇੜੇ ਹੀ ਨੌਕਰੀ ਦੀ ਤਲਾਸ਼ ਵਿੱਚ ਹਨ।