ਪ੍ਰਧਾਨ ਨਵਜੋਤ ਸਿੱਧੂ ਨੇ ‘ਮਿਸ਼ਨ-2022’ ਲਈ ਤਿਆਰੀ ਵਿੱਢੀ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਵਿਧਾਨ ਸਭਾ ਚੋਣਾਂ ਲਈ ਤਿਆਰੀ ਵਿੱਢ ਦਿੱਤੀ ਹੈ। ਉਨ੍ਹਾਂ ਅੱਜ ਇੱਥੇ ਕਾਂਗਰਸ ਭਵਨ ’ਚ ਪਾਰਟੀ ਦੇ ਆਗੂਆਂ ਤੋਂ ਫੀਡਬੈਕ ਲੈਣੀ ਸ਼ੁਰੂ ਕੀਤੀ ਹੈ ਤਾਂ ਜੋ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕੀਤਾ ਜਾ ਸਕੇ। ਸਿੱਧੂ ਨੇ ਅਗਾਮੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਢਾਂਚੇ ਨੂੰ ਨਵੇਂ ਸਿਰਿਓਂ ਉਲੀਕਣ ਲਈ ਅੱਜ ਜ਼ਿਲ੍ਹਾ ਪੱਧਰ ਅਤੇ ਕਾਂਗਰਸ ਦੇ ਵੱਖ-ਵੱਖ ਸੈੱਲਾਂ ਦੇ ਮੁੱਖ ਆਗੂਆਂ ਨਾਲ ਮੰਥਨ ਕੀਤਾ।

ਪ੍ਰਧਾਨ ਨੇ ਸਾਰਿਆਂ ਆਗੂਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਦੇਣ ਲਈ ਕਿਹਾ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਕਾਰਜਕਾਰੀ ਪ੍ਰਧਾਨਾਂ- ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਡੈਨੀ ਤੇ ਪਵਨ ਗੋਇਲ ਨੇ ਅੱਜ ਸਾਂਝੇ ਤੌਰ ’ਤੇ ਪਾਰਟੀ ਦੇ 35 ਵਿਭਾਗਾਂ/ਸੈੱਲਾਂ ਨਾਲ ਜੁੜੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਆਗੂਆਂ ਤੋਂ ਅਗਲੀਆਂ ਚੋਣਾਂ ਨੂੰ ਲੈ ਕੇ ਵਿਉਂਤਬੰਦੀ ਬਾਰੇ ਮਸ਼ਵਰੇ ਲਏ। ਮੀਟਿੰਗ ਦਾ ਮਕਸਦ ਪਾਰਟੀ ਦੇ ਅਲੱਗ-ਅਲੱਗ ਸੈੱਲਾਂ ਅਤੇ ਵਿੰਗਾਂ ਨੂੰ ਮਜ਼ਬੂਤ ਕਰਨਾ ਹੈ।

ਵੇਰਵਿਆਂ ਅਨੁਸਾਰ ਪਾਰਟੀ ਆਗੂਆਂ ਨੇ ਨਵਜੋਤ ਸਿੱਧੂ ਨੂੰ ਨੁਕਤੇ ਸੁਝਾਏ ਹਨ ਅਤੇ ਵਰਕਰਾਂ ’ਚ ਮੁੜ ਜਾਨ ਫੂਕਣ ਲਈ ਪੰਜਾਬ ਦੇ ਦੌਰੇ ਕਰਨ ਦੀ ਸਲਾਹ ਦਿੱਤੀ ਹੈ। ਪਾਰਟੀ ਵਰਕਰਾਂ ਦੇ ਗ਼ਿਲੇ-ਸ਼ਿਕਵਿਆਂ ਤੋਂ ਆਗੂਆਂ ਨੇ ਨਵੇਂ ਪ੍ਰਧਾਨ ਨੂੰ ਜਾਣੂ ਕਰਾਇਆ ਹੈ। ਚੇਤੇ ਰਹੇ ਕਿ ਨਵਜੋਤ ਸਿੱਧੂ ਨੇ ਤਾਜਪੋਸ਼ੀ ਵਾਲੇ ਦਿਨ ਕਿਹਾ ਸੀ ਕਿ ਉਹ 15 ਅਗਸਤ ਤੋਂ ਆਪਣਾ ਬਿਸਤਰਾ ਕਾਂਗਰਸ ਭਵਨ ਵਿਚ ਲਾ ਲੈਣਗੇ। ਇਹ ਵਾਅਦਾ ਕੀਤਾ ਸੀ ਕਿ ਉਹ ਵਰਕਰਾਂ ਨੂੰ ਪੂਰਾ ਮਾਣ-ਸਤਿਕਾਰ ਦੇਣਗੇ ਅਤੇ ਹਰ ਵਰਕਰ ਹੁਣ ਪ੍ਰਧਾਨ ਬਣ ਗਿਆ ਹੈ।

ਪਤਾ ਲੱਗਾ ਹੈ ਕਿ ਉਹ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਣਗੇ। ਨਵੇਂ ਪ੍ਰਧਾਨ ਵੱਲੋਂ ਬੂਥ ਪੱਧਰ ’ਤੇ ਕਮੇਟੀਆਂ ਕਾਇਮ ਕਰਨ ਦੀ ਯੋਜਨਾਬੰਦੀ ਹੈ। ਪੰਜਾਬ ਵਿਚ ਨਵਾਂ ਜਥੇਬੰਦਕ ਢਾਂਚਾ ਵੀ ਖੜ੍ਹਾ ਕੀਤਾ ਜਾਣਾ ਹੈ ਜਿਸ ਨੂੰ ਲੈ ਕੇ ਗਰਾਊਂਡ ਵਰਕ ਕੀਤਾ ਜਾ ਰਿਹਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਨੂੰ ਢੁੱਕਵੇਂ ਮੁਆਵਜ਼ੇ ਲਈ ਗਡਕਰੀ ਨੂੰ ਮਿਲਣਗੇ ਕੈਪਟਨ
Next articleਮਕਬੂਜ਼ਾ ਕਸ਼ਮੀਰ: ਇਮਰਾਨ ਦੀ ਪਾਰਟੀ ਪਹਿਲੀ ਵਾਰ ਬਣਾਏਗੀ ਸਰਕਾਰ