ਸਰਕਾਰ ਦੇ ਸਖਤ ਸਟੈਂਡ ਕਾਰਨ ਹੀ ਹਿੰਸਾ ਨੂੰ ਠੱਲ੍ਹ ਪੈਣ ਦਾ ਦਾਅਵਾ
ਲਖਨਊ- ਨਵੇਂ ਨਾਗਰਿਕਤਾ ਕਾਨੂੰਨ ਵਿਰੁੱਧ ਉੱਤਰ ਪ੍ਰਦੇਸ਼ ਵਿੱਚ ਪੁਲੀਸ ਵੱਲੋਂ ਮੁਜ਼ਾਹਰਾਕਾਰੀਆਂ ਉੱਤੇ ਢਾਹੇ ਜਬਰ ਸਬੰਧੀ ਸਰਕਾਰ ਦੀ ਆਲੋਚਨਾ ਕਰ ਰਹੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਦੋ ਟੁੱਕ ਜਵਾਬ ਦਿੰਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਲਏ ਸਖਤ ਸਟੈਂਡ ਕਾਰਨ ਹੀ ਸੂਬੇ ਵਿੱਚ ਸ਼ਾਂਤੀ ਸਥਾਪਿਤ ਹੋ ਸਕੀ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਮੁਜ਼ਾਹਰਿਆਂ ਦੌਰਾਨ 19 ਵਿਅਕਤੀ ਪੁਲੀਸ ਦੀਆਂ ਗੋਲੀਆਂ ਕਾਰਨ ਮਾਰੇ ਜਾ ਚੁੱਕੇ ਹਨ। ਨਰਿੰਦਰ ਮੋਦੀ ਦੀ ਅਗਵਾਈ ਹੇਠ ਕੌਮੀ ਜਮਹੂਰੀ ਗੱਠਜੋੜ ਸਰਕਾਰ ਵੱਲੋਂ ਲਾਗੂ ਕੀਤੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸਭ ਤੋਂ ਵੱਧ ਹਿੰਸਾ ਉੱਤਰ ਪ੍ਰਦੇਸ਼ ਵਿੱਚ ਹੀ ਹੋਈ ਹੈ। ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਲੋਕਾਂ ਦਾ ਇਹ ਮੰਨਣਾ ਹੈ ਕਿ ਦੇਸ਼ ਵਿੱਚ ਵਸਦੇ 14 ਫੀਸਦੀ ਮੁਸਲਿਮ ਭਾਈਚਾਰੇ ਨਾਲ ਬੇਇਨਸਾਫ਼ੀ ਹੋ ਰਹੀ ਹੈ। ਦੂਜੇ ਪਾਸੇ ਉੱਤਰ ਪ੍ਰਦੇਸ਼ ਵਿੱਚ ਪਿਛਲੇ ਹਫ਼ਤੇ ਤੋਂ ਭਾਵੇਂ ਹਿੰਸਕ ਮੁਜ਼ਾਹਰੇ ਘੱਟ ਗਏ ਹਨ ਪਰ ਕਿਤੇ ਕਿਤੇ ਮੁਜ਼ਾਹਰੇ ਅਜੇ ਵੀ ਹੋ ਰਹੇ ਹਨ। ਨਵੇਂ ਕਾਨੂੰਨ ਵਿਰੁੱਧ ਮੁਜ਼ਾਹਰੇ ਘੱਟਣ ਪਿੱਛੇ ਮੁੱਖ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਅਜਿਹਾ ਉਨ੍ਹਾਂ ਵੱਲੋਂ ਲਏ ਸਖਤ ਸਟੈਂਡ ਕਾਰਨ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਵਿੱਚ ਸ਼ੁੱਕਰਵਾਰ ਨੂੰ ਪਾਈ ਪੋਸਟ ਵਿੱਚ ਕਿਹਾ ਹੈ,‘ ਹਰ ਦੰਗਾਕਾਰੀ ਸਦਮੇ ਵਿੱਚ ਹੈ। ਹਰ ਇੱਕ ਵਿਘਨਕਾਰੀ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਯੋਗੀ ਸਰਕਾਰ ਦੀ ਸਖਤੀ ਦੇਖ ਕੇ ਹਰ ਇੱਕ ਚੁੱਪ ਹੈ।’ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ,‘ ਤੁਸੀਂ ਜੋ ਚਾਹੁੰਦੇ ਹੋ ਕਰੋ, ਪਰ ਨੁਕਸਾਨ ਦੀ ਪੂਰਤੀ ਉਨ੍ਹਾਂ ਤੋਂ ਹੀ ਕੀਤੀ ਜਾਵੇਗੀ, ਜੋ ਇਸ ਲਈ ਜ਼ਿੰਮੇਵਾਰ ਹੋਣਗੇ।’ ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਵੀ ਸੂਬਾ ਸਰਕਾਰ ਨੇ ਕਿਹਾ ਸੀ ਕਿ ਉਸ ਨੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ 200 ਤੋਂ ਵੱਧ ਲੋਕਾਂ ਤੋਂ ਲੱਖਾਂ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਇਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਦੂਜੇ ਪਾਸੇ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਜਥੇਬੰਦੀਆਂ ਨੇ ਮੁੱਖ ਮੰਤਰੀ ਦੇ ਦਾਅਵਿਆਂ ਦੀ ਸਖਤ ਆਲੋਚਨਾ ਕੀਤੀ ਹੈ ਕਿ ਉਹ ਏਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਤੇ ਲੋੜ ਤੋਂ ਵੱਧ ਤਾਕਤ ਦੀ ਵਰਤੋਂ ਸਹੀ ਠਹਿਰਾ ਰਹੇ ਹਨ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੇਸ਼ ਭਰ ਵਿੱਚ ਇਸ ਅੰਦੋਲਨ ਦੌਰਾਨ ਕੁਲ 25 ਵਿਅਕਤੀ ਪੁਲੀਸ ਗੋਲੀ ਨਾਲ ਮਾਰੇ ਗਏ ਹਨ ਅਤੇ ਇਕੱਲੇ ਉੱਤਰ ਪ੍ਰਦੇਸ਼ ਵਿਚ ਹੀ 19 ਮੌਤਾਂ ਹੋਈਆਂ ਹਨ। ਇਸ ਦੌਰਾਨ ਹੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਤੋਂ ਦੇਸ਼ ਵਿੱਚ ਮੁਸਲਿਮਾਂ ਦੇ ਭਵਿੱਖ ਬਾਰੇ ਚਿੰਤਾ ਹੋਣੀ ਸੁਭਾਵਿਕ ਹੈ। ਇਸ ਵੀਡੀਓ ਵਿੱਚ ਸੂਬੇ ਦਾ ਇੱਕ ਸੀਨੀਅਰ ਪੁਲੀਸ ਅਧਿਕਾਰੀ ਮੁਜ਼ਾਹਰਾਕਾਰੀਆਂ ਨੂੰ ਇਹ ਕਹਿ ਰਿਹਾ ਹੈ,‘ਜੇ ਤੁਸੀਂ ਇੱਥੇ ਨਹੀਂ ਰਹਿਣਾ ਚਾਹੁੰਦੇ ਤਾਂ ਤੁਸੀ ਪਾਕਿਸਤਾਨ ਚਲੇ ਜਾਓ।’ ਇਸ ਦੌਰਾਨ ਹੀ ਸੀਨੀਅਰ ਅਧਿਕਾਰੀ ਅਖਿਲੇਸ਼ ਨਾਰਾਇਣ ਸਿੰਘ ਨੇ ਏਜੰਸੀ ਨੂੰ ਆਪਣਾ ਪੱਖ ਸਪਸ਼ਟ ਕਰਦਿਆਂ ਕਿਹਾ ਕਿ ਕੁੱਝ ਮੁਜ਼ਾਹਰਾਕਾਰੀ ਪਾਕਿਸਤਾਨ ਪੱਖੀ ਨਾਅਰੇ ਲਾ ਰਹੇ ਸਨ। ਇਸ ਸਥਿਤੀ ਵਿੱਚ ਉਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਕਿਹਾ ਕਿ ਉਹ ਪਾਕਿਸਤਾਨ ਚਲੇ ਜਾਣ। ਇਸ ਦੌਰਾਨ ਹੀ ਕਾਂਗਰਸ ਪਾਰਟੀ ਨੇ ਸਰਕਾਰ ਦੀ ਸਖਤੀ ਵਿਰੁੱਧ ਸ਼ਨਿਚਰਵਾਰ ਤੋਂ ਦੇਸ਼ ਵਿੱਚ ‘ਸੰਵਿਧਾਨ ਬਚਾਓ-ਭਾਰਤ ਬਚਾਓ ਮੁਹਿੰਮ ਆਰੰਭ ਦਿੱਤੀ ਹੈ।’ ਇੱਕ ਵਿਦਿਆਰਥੀ ਆਗੂ ਅਖਿਲੇਸ਼ ਤੋਮਰ ਨੇ ਸਖਤੀ ਵਿਰੁੱਧ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਸਾਨੂੰ ਜੇਲ੍ਹਾਂ ਵਿੱਚ ਸੁੱਟ ਸਕਦੇ ਹਨ, ਸਾਡੀਆਂ ਜਾਇਦਾਦਾਂ ਕੁਰਕ ਕਰ ਸਕਦੇ ਹਨ ਪਰ ਉਹ ਸਾਨੂੰ ਰੋਸ ਮੁਜ਼ਾਹਰੇ ਕਰਨ ਤੋਂ ਨਹੀਂ ਰੋਕ ਸਕਦੇ। ਦੂਜੇ ਪਾਸੇ ਕਾਨੂੰਨ ਪੱਖੀਆਂ ਨੇ ਝੌਂਪੜ ਪੱਟੀ ਇਲਾਕਿਆਂ ਵਿੱਚ ਲੋਕਾਂ ਨੂੰ ਠੰਢੇ ਕਰਨ ਲਈ ਵੀ ਯਤਨ ਆਰੰਭੇ ਹਨ।