ਪ੍ਰਕ੍ਰਿਤਾਂ ਉੱਤੇ ਪੰਜਾਬੀ ਦੀ ਪੈੜ

– ਸ. ਨਾਜਰ ਸਿੰਘ

ਪ੍ਰਕ੍ਰਿਤ ਬੋਲੀਆਂ ਦਾ Geographia ਮੱਗਧ ਦੇਸ਼ ਨਾਲ ਸਬੰਧਤ ਹੈ। ਪਾਲੀ ਬੋਲੀ ਨੂੰ ਵੀ ਪ੍ਰਕ੍ਰਿਤਾਂ ਵਿੱਚ ਮੰਨਿਆ ਜਾਂਦਾ ਹੈ। ਰਾਈਸ ਡੇਵੀਡ ਅਨੁਸਾਰ ਪਾਲੀ ਸਿਧਾਰਥ (ਬੁੱਧ) ਦੀ ਮਾਂ ਬੋਲੀ ਹੈ। ਜਿਸ ਦਾ ਸਮਾਂ 7ਵੀਂ ਸਦੀ B.C.  ਮੰਨਿਆਂ ਜਾਂਦਾ ਹੈ। ਉਹ ਇਸ ਨੂੰ ਕੌਸ਼ਲ ਦੇਸ਼ ਦੇ ਲੋਕਾਂ ਦੀ ਬੋਲੀ ਮੰਨਦਾ ਹੈ। ਇਸ ਦੇਸ਼ ਦਾ Geographia ਨੇਪਾਲ ਤੋਂ ਲੈ ਕੇ ਗੰਗਾ ਤੱਕ ਮੰਨਦਾ ਹੈ। ਪਾਲੀ ਨੂੰ ਮਾਗਧੀ ਬੋਲੀ ਵੀ ਕਿਹਾ ਜਾਂਦਾ ਹੈ। ਮਾਗਧੀ ਦਾ ਮਤਲਬ ਹੈ-ਮੱਗਧ ਦੇਸ਼ ਦੀ ਬੋਲੀ। ਪਾਲੀ ਬੋਲੀ ਦਾ ਉਭਾਰ ਇਸ ਕਰਕੇ ਹੋਇਆ ਕਿਉਂਕਿ ਅਸ਼ੋਕ ਬਾਦਸ਼ਾਹ ਨੇ ਪਾਲੀ ਬੋਲੀ ਨੂੰ ਸਰਕਾਰੀ ਬੋਲੀ ਐਲਾਨਿਆ ਸੀ। ਜਿੱਥੇ-ਜਿੱਥੇ ਅਸ਼ੋਕ ਦਾ ਰਾਜ ਰਿਹਾ ਉੱਥੇ ਦੀ ਸਰਕਾਰੀ ਬੋਲੀ ਵੀ ਪਾਲੀ ਬਣੀ ਰਹੀ। ਬਾਕੀ ਪ੍ਰਕ੍ਰਿਤਾਂ ਇੰਨੀਆਂ ਤਰੱਕੀ ਨਹੀ ਕਰ ਸਕੀਆਂ ਕਿਉਂਕਿ ਉਹਨਾਂ ਨੂੰ ਸਰਕਾਰੀ ਸਰਪ੍ਰਸਤੀ ਹਾਸਿਲ ਨਾ ਹੋ ਸਕੀ। ਪਰ ਬਹੁਤ ਸਾਰੇ ਲਿਖਾਰੀਆਂ ਨੇ ਆਪਣੀਆ ਰਚਨਾਵਾਂ ਪ੍ਰਕ੍ਰਿਤਾਂ ਵਿੱਚ ਲਿਖੀਆ ਅਤੇ ਇਹਨਾਂ ਲਿਖਤਾਂ ਨੂੰ ਦੇਖ ਕੇ ਉਹਨਾਂ ਵਿੱਚ ਇਹ ਖਿਆਲ਼ ਪੈਦਾ ਹੋਇਆ ਕਿ ਪ੍ਰਕ੍ਰਿਤਾ ਦਾ ਵੀ ਕੋਈ ਆਪਣਾ ਬੋਲ ਢੰਗਾ (ਗਰੈਮਰ) ਲਿਖਿਆ ਜਾਵੇ ਤਾਂ ਕਿ ਇਸ ਬੋਲੀ ਵਿੱਚ ਕਵਿਤਾ, ਵਾਰਤਾ ਅਤੇ ਸਾਹਿਤ ਲਿਖਿਆ ਜਾ ਸਕੇ। ਪ੍ਰਕ੍ਰਿਤ ਗਰੈਮਰ ਵਿੱਚ ਕਈ ਵਿਆਕਰਨੀਆ ਦਾ ਨਾਂ ਆਉਂਦਾ ਹੈ ਉਹਨਾਂ ਨੇ ਪਹਿਲੀ ਸਦੀ B.C. ਤੋਂ ਲੈ ਕੇ 17 ਸਦੀ ਅਧ ਤੱਕ ਪ੍ਰਕ੍ਰਿਤਾਂ ਤੇ ਕੰਮ ਕੀਤਾ ਹੈ। ਜਿਹਨਾਂ-ਜਿਹਨਾਂ ਨੇ ਪ੍ਰਕ੍ਰਿਤਾਂ ਦਾ ਗਰੈਮਰ ਲਿਖਿਆ ਉਹਨਾਂ ਦੇ ਨਾਮ ਪ੍ਰਕ੍ਰਿਤ ਡਿਕਸ਼ਨਰੀ ਵਿੱਚ ਲਿਖੇ ਹੋਏ ਮਿਲਦੇ ਹਨ। ਸੱਭ ਤੋਂ ਪੁਰਾਣਾ ਪ੍ਰਕ੍ਰਿਤ ਗਰੈਮਰ ਵਰਰੁੱਚੀ ਦਾ ਲਿਖਿਆ ਮੰਨਿਆ ਜਾਂਦਾ ਹੈ। ਪ੍ਰਕ੍ਰਿਤਾਂ ਤੋਂ ਪਹਿਲਾ ਸੰਸਕ੍ਰਿਤ ਗਰੈਮਰ ਲਿਖੇ ਜਾ ਚੁੱਕੇ ਸਨ। ਜਿਹਨਾਂ ਤੋਂ ਪ੍ਰਭਾਵਿਤ ਹੋ ਕੇ ਵਰਰੁੱਚੀ ਨੇ ਪ੍ਰਕ੍ਰਿਤ ਗਰੈਮਰ ਲਿਖਿਆ। ਪਾਣਿਨੀ ਦੇ ਅਸ਼ਟਅਧਿਆਏ ਅਨੁਸਾਰ ਉਸ ਤੋਂ ਪਹਿਲਾ ਸੰੰਸਕ੍ਰਿਤ ਦੇ 60 ਗਰੈਮੇਰੀਅਨ ਹੋ ਚੁੱਕੇ ਸਨ ਅਤੇ ਮਜ਼ਬੂਰੀ ਕਰਕੇ ਪ੍ਰਕ੍ਰਿਤ ਵਿਆਕਰਨੀਆ ਨੇ ਸੰੰਸਕ੍ਰਿਤ ਦੀ Terminology ਹੀ ਵਰਤੀ ਕਿਉਂਕਿ ਉਹ ਆਪਣੀ Terminology ਛੇਤੀ ਤਿਆਰ ਨਹੀ ਕਰ ਸਕੇ ਅਤੇ ਉਹਨਾਂ ਨੇ ਪ੍ਰਕ੍ਰਿਤਾਂ ਦੇ ਗਰੈਮਰ ਵਿੱਚ ਸੰਸਕ੍ਰਿਤ ਦੀ Terminology ਦਾ ਸਹਾਰਾ ਹੀ ਲਿਆ।

ਪੰਜਾਬੀ ਦਾ ਵਿਸਥਾਰ ਪੱਛਮ ਵਿੱਚ ਸਿੰਧ ਤੋਂ ਲੈ ਕੇ ਸੂਬਾ ਸਰਹੱਦ ਅਤੇ ਭਾਰਤ ਦੇ ਸਰਸਵਤੀ ਨਦੀ ਤੱਕ ਹੈ। ਪੰਜਾਬੀ ਦਾ ਸਾਹਿਤ ਸਾਨੂੰ ਬਹੁਤ ਪੁਰਾਣਾ ਨਹੀ ਮਿਲਦਾ ਹੈ। ਸਾਨੂੰ ਪੰਜਾਬੀ ਦਾ ਇਤਿਹਾਸ 11ਵੀਂ ਸਦੀ ਤੋਂ ਮਿਲਦਾ ਹੈ। ਜਿਹੜਾ ਸਾਨੂੰ ‘ਪੰਜਾਬੀ ਸਾਹਿਤ ਦਾ ਇਤਿਹਾਸ’ ਤੋਂ ਪਤਾ ਲਗਦਾ ਹੈ ਜੋ ਪੰਜਾਬੀ ਭਾਸ਼ਾ ਵਿਭਾਗ ਵਲੋਂ ਛਪਿਆ ਹੋਇਆ ਹੈ। ਪੰਜਾਬੀ ਆਮ ਲੋਕਾਂ ਦੀ ਬੋਲੀ ਰਹੀ ਹੈ ਅਤੇ ਲੋਕਾਂ ਨੇ ਆਪਣੇ ਜਜ਼ਬੇ ਅਖਾਣਾ ਅਤੇ ਮੁਹਾਵਰਿਆ ਰਾਹੀਂ ਪ੍ਰਗਟ ਕੀਤੇ। ਇਸ ਤੋਂ ਪਤਾ ਲਗਦਾ ਹੈ ਕਿ ਇਹ ਬਹੁਤ ਪੁਰਾਣੀ ਬੋਲੀ ਹੈ। ਇਸ ਬੋਲੀ ਨੂੰ ਸਰਕਾਰ ਦੀ ਸਰਪ੍ਰਸਤੀ ਦੀ ਬਜਾਏ ਲੋਕਾਂ ਦੀ ਸਰਪ੍ਰਸਤੀ ਹਾਸਿਲ ਰਹੀ ਹੈ। ਜਿਸ ਬੋਲੀ ਨੂੰ ਲੋਕਾਂ ਦੀ ਸਰਪ੍ਰਸਤੀ ਹਾਸਿਲ ਹੁੰਦੀ ਹੈ, ਉਹ ਬੋਲੀ ਕਦੇ ਮਰਦੀ ਨਹੀ ਹੈ। ਸੋ ਜਿਹੜੇ ਲੋਕ ਇਹ ਤੌਖਲ਼ਾ ਜ਼ਾਹਿਰ ਕਰਦੇ ਹਨ ਕਿ ਇਹ ਬੋਲੀ ਮਰ ਜਾਵੇਗੀ ਤਾਂ ਇਹ ਉਹਨਾਂ ਦਾ ਭੁਲੇਖਾ ਹੈ।

ਸਾਨੂੰ Archaeology ਦੀ ਖੋਜ ਤੋਂ ਪਤਾ ਲਗਦਾ ਹੈ ਕਿ ਜਿਹਨਾਂ ਬਾਹਰਲੀਆਂ ਕੌਮਾਂ ਨੇ ਪੰਜਾਬ ਤੇ ਰਾਜ ਕੀਤਾ ਉਹਨਾਂ ਨੇ ਆਪਣੀਆਂ ਬੋਲੀਆਂ ਨੂੰ ਹੀ ਸਰਪ੍ਰਸਤੀ ਦਿੱਤੀ ਅਤੇ ਪੰਜਾਬੀਆਂ ਦੀ ਇਹ ਮਜ਼ਬੂਰੀ ਬਣ ਗਈ ਉਹ ਉਹਨਾਂ ਦੀ ਬੋਲੀ ਸਿੱਖਣ ਅਤੇ ਨਹੀ ਤਾਂ ੳੇਹ ਰਾਜ ਕਾਜ ਵਿੱਚ ਪਿਛੜ ਜਾਣਗੇ। ਜਿਹਨਾਂ ਸਿਲਾਲੇਖਾਂ ਨੂੰ Archaeology ਵਾਲਿਆ ਨੇ ਪੜਿਆ ਹੈ, ਉਹ ਗ੍ਰੀਕ, ਪਾਲੀ, ਸੰਸਕ੍ਰਿਤ, ਤੁਰਾਨੀ ਅਤੇ ਤੁਰਕੀ ਅਤੇ ਦੇਸੀ ਪ੍ਰਕ੍ਰਿਤਾਂ ਹਨ। ਪ੍ਰਕ੍ਰਿਤਾਂ ਦਾ ਸਬੂਤ R.S.ਪੰਡਿਤ ਨੇ ਆਪਣੀ ਸੰਸਕ੍ਰਿਤ ਕਿਤਾਬ ਦੇ ਅੰਗਰੇਜੀ ਟ੍ਰਾਂਸਲੇਸ਼ਨ ਵਿੱਚ ਲਿਖਿਆ ਹੈ ਕਿ ਪ੍ਰਕ੍ਰਿਤਾਂ 4 ਸਦੀ ਵਿੱਚ ਸੈਂਟਰਲ ਏਸ਼ੀਆ ਵਿੱਚ ਚਲਦੀਆ ਰਹੀਆਂ ਹਨ। ਇੰਜ ਉਹਨਾਂ ਬੋਲੀਆ ਦੇ ਸ਼ਬਦ ਦੇਸੀ ਪੰਜਾਬੀ ਵਿੱਚ ਆ ਗਏ। ਇਸ ਤਰ੍ਹਾਂ ਜਿੱਥੇ ਉਹਨਾਂ ਨੇ ਸ਼ਬਦ ਦਿੱਤੇ ਹਨ ਉੱਥੇ ਉਹਨਾਂ ਨੇ ਪੰਜਾਬੀ ਤੋਂ ਸ਼ਬਦ ਲਏ ਵੀ ਹਨ।

Dr. G.A. Grierson ਨੇ ਪਸਾਚੀ ਬੋਲੀ ਤੇ ਕਿਤਾਬ ਲਿਖੀ ਹੈ, ਜਿਸ ਦਾ ਨਾਮ ‘The Pasachi Language’ ਹੈ। ਇਸ ਵਿੱਚ ਉਸ ਨੇ ਅਸ਼ੋਕ ਦੇ ਸ਼ਾਹਬਾਜ਼ਗੜੀ ਦੇ ਸਿਲਾਲੇਖ ਵੀ ਦਿੱਤੇ ਹਨ। ਉਸ ਨੇ ਪਸਾਚੀ ਵਿੱਚ ਪੰਜਾਬੀ ਦੇ ਅਨੇਕਾਂ ਸ਼ਬਦ ਵੀ ਦਿੱਤੇ ਹਨ ਜਿਵੇਂ ਧੀ, ਡਿਊੜ, ਸੱਤ, ਅੱਠ ਅਤੇ ਹੋਰ ਅਨੇਕਾਂ ਸ਼ਬਦ ਵੀ ਮਿਲਦੇ ਹਨ। ਅਸੀਂ ਅੱਜ ਵੀ ਉਕਤ ਸ਼ਬਦਾਂ ਦੀ ਵਰਤੋਂ ਪੰਜਾਬੀ ਵਿੱਚ ਕਰਦੇ ਹਾਂ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬੀ ਅਸ਼ੋਕ ਤੋਂ ਪਹਿਲਾ ਦੀ ਬੋਲੀ ਜਾਂਦੀ ਹੈ ਅਤੇ ਤਾਂ ਹੀ ਪੰਜਾਬੀ ਦੇ ਸ਼ਬਦ ਪਾਲੀ ਵਿੱਚ ਆਏ ਸਨ।

ਗੁਨਾਢਿਆ ਨਾਮ ਦਾ ਇੱਕ ਵਿਦਵਾਨ ਹੋਇਆ ਸੀ, ਜਿਸ ਦਾ ਸਮਾਂ ਲਗਭਗ 2000 ਸਾਲ ਮੰਨਿਆ ਜਾਂਦਾ ਹੈ। ਉਸਨੇ ਪਸਾਚੀ ਬੋਲੀ ਵਿੱਚ ਕਹਾਣੀਆਂ ਦਾ ਸੰਗ੍ਰਹਿ ਲਿਖਿਆ ਜਿਸ ਦਾ ਨਾਂ ‘ਬਡਕਹਾ’ ਹੈ ਜਿਸ ਦਾ ਪਿੱਛੋਂ ਵਿਦਵਾਨਾਂ ਨੇ ਸੰਸਕ੍ਰਿਤ ਵਿੱਚ ਇਸ ਦਾ ਉਲੱਥਾ ਕੀਤਾ ਜਿਹੜਾ ਕਿ ਅੱਜ ਸਾਨੂੰ ਨਹੀ ਮਿਲਦਾ ਹੈ। ਪਰ ਇਸ ਦਾ ਸੱਤਵੀ ਅਤੇ ਅੱਠਵੀਂ ਸਦੀ ਦੇ ਸੰਸਕ੍ਰਿਤ ਦੇ ਵਿਦਵਾਨਾਂ ਦੀਆਂ ਲਿਖਤਾਂ ਵਿੱਚ ਇਸ ਦਾ ਵਰਣਨ ਮਿਲਦਾ ਹੈ।

ਪ੍ਰਕ੍ਰਿਤਾਂ ਦੇ ਲਗਭਗ 200 ਕੁ ਧਾਤੂ ਪੰਜਾਬੀ ਦੇ ਧਾਤੂਆਂ ਨਾਲ ਮਿਲਦੇ ਹਨ। ਜਿਵੇਂ ਜਾ, ਸੁਣ ਅਤੇ ਰੱਖ ਅਦਿ। ਇਸ ਤੋਂ ਇਲਾਵਾ ਹੋਰ ਅਨੇਕਾਂ ਸ਼ਬਦ ਵੀ ਮਿਲਦੇ ਹਨ ਜਿਵੇਂ ਕਿਰਿਆ ਵਿਸ਼ੇਸ਼ਣ:- ਏਵਡ ਅਤੇ ਜੇਵਡ ਆਦਿ ਜੋ ਸਾਨੂੰ ਗੁਰਬਾਣੀ ਅਤੇ ਪ੍ਰਕ੍ਰਿਤਾਂ ਵਿੱਚ ਮਿਲਦੇ ਹਨ। ਨਾਮ:-ਧੀ, ਪੁੱਤ, ਅੱਜ ਅਦਿ। ਗਿਣਤੀ ਵਾਲੇ ਸ਼ਬਦ ਜਿਵੇਂ ਸੱਤ, ਅੱਠ, ਨੋਂ, ਦਸ, ਡਿਊੜ, ਦੋ ਅਤੇ ਬਡ ਆਦਿ।

          ਗਰੈਮੈਟੀਕਲੀ ਢਾਂਚਾ:-ਪ੍ਰਕ੍ਰਿਤਾਂ ਅਤੇ ਪਾਲੀ ਵਿੱਚ ਖਰਵਾ ਸ਼ਾ ਅਤੇ ਤਾਲਵੀ ਸ਼ਾ ਨਹੀ ਹੈ ਅਤੇ ਨਾ ਹੀ ਪੰਜਾਬੀ ਵਿੱਚ ਹੈ। ਪ੍ਰਕ੍ਰਿਤਾਂ ਅਤੇ ਪਾਲੀ ਵਿੱਚ ‘ੜ’ ਦੀ ਧੁਨੀ ਨਹੀ ਹੈ। ਪਰ ‘ਲ਼’ ਦੀ ਧੁਨੀ ਮੌਜੂਦ ਹੈ। ਜਦਕਿ ਪੰਜਾਬੀ ਵਿੱਚ ‘ੜ’ ਅਤੇ ‘ਲ਼’ ਦੋਨੇਂ ਧੁਨੀਆਂ ਮੌਜੂਦ ਹੈ।ਆਯੋਗੇਵਾਹਾ (:) ਦੀ ਧੁਨੀ ਨਾ ਤਾਂ ਪ੍ਰਕ੍ਰਿਤਾਂ ਵਿੱਚ ਹੈ ਅਤੇ ਨਾ ਹੀ ਪੰਜਾਬੀ ਵਿੱਚ ਮੌਜੂਦ ਹੈ। ਪੰਜਾਬੀ ਦੇ ਅੱਖਰਾਂ ਵਿੱਚ ਪੈਰੀ ‘ਹ’ ( ੍ਹ) ਪਾਉਣ ਦਾ ਰਿਵਾਜ਼ ਹੈ ਜਦਕਿ ਪ੍ਰਕ੍ਰਿਤਾ ਵਿੱਚ ਬੁਲੰਂਦ ਧੁਨੀ ਦੀ ਆਵਾਜ਼ ਲਿਖਣ ਲਈ ਦੋ ਅੱਖਰ ਲਿਖਣ ਦਾ ਰਿਵਾਜ ਹੈ

ਗੁਰਬਾਣੀ ਵਿੱਚ ਸਾਨੂੰ ਕਿਤੇ ਵੀ ਅੱਧਕ ( ੱ ) ਦੀ ਵਰਤੋਂ ਨਹੀ ਮਿਲਦੀ ਹੈ। ਪਰ ਅੱਜ ਪੰਜਾਬੀ ਵਿੱਚ ਬੁਲੰਦ ਧੁਨੀ ਨੂੰ ਲਿਖਣ ਲਈ ਅੱਧਕ ( ੱ ) ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬੀ ਵਿੱਚ ਬੁਲੰਦ ਧੁਨੀ ਲਈ ਬਿੰਦੀ ਅਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਬੁਲੰਦ ਨਾਸਲ ਧੁਨੀ ਲਈ ਟਿੱਪੀ ਅਤੇ ਨਰਮ Nasal ਧੁਨੀ ਲਈ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਸੰਸਕ੍ਰਿਤ ਦੀ ‘ਰਿਰੀ’ ਅਤੇ ‘ਲੱਲਰੀ’ ਧੁਨੀ ਦਾ ਪ੍ਰਕ੍ਰਿਤਾਂ ਵਿੱਚ ਲਿਖਣ ਦਾ ਰਿਵਾਜ਼ ਨਹੀ ਹੈ। ਇਸੇ ਤਰਾਂ ਨਾ ਹੀ ਇਸ ਧੁਨੀਆਂ ਦਾ ਗੁਰਬਾਣੀ ਅਤੇ ਪੰਜਾਬੀ ਵਿੱਚ ਲਿਖਣ ਦਾ ਰਿਵਾਜ਼ ਹੈ।ਪੰਜਾਬੀ ਵਿੱਚ ਸਧਾਰਨ ‘ਰ’ ਲਿਖਣ ਦਾ ਹੀ ਰਿਵਾਜ਼ ਹੈ। ਪੰਜਾਬੀ ਦੀ ਪੁਰਾਣੀ ਲਿੱਪੀ ਟਾਕਰੀ ਹੈ ਜਿਸ ਵਿੱਚ ਨਰਮ ਆਵਾਜ਼ ਲਈ ਅੱਖਰ ਪੈਰੀ ਪਾਉਣ ਦਾ ਰਿਵਾਜ਼ ਹੈ। ਪਰ ਅੱਜ ਕੱਲ ਪ੍ਰਕ੍ਰਿਤਾਂ ਅਤੇ ਪਾਲੀ ਦੇਵਨਾਗਰੀ ਵਿੱਚ ਲਿਖਣ ਕਾਰਨ ਇਹ ਬੋਲੀਆਂ ਇਹਨਾਂ ਦੇ ਨਿਯਮਾਂ ਦੇ ਹੀ ਅਨੁਸਾਰੀ ਹਨ। ਦੇਵਨਾਗਰੀ ਵਿੱਚ ਵੀ ਅੱਖਰ ਪੈਰੀ ਪਾਉਣ ਦਾ ਰਿਵਾਜ਼ ਹੈ। ਦੇਵਨਾਗਰੀ ਵਿੱਚ ਬੁਲੰਦ ਆਵਾਜ਼ ਲਿਖਣ ਲਈ ਇੱਕ ਅੱਖਰ ਅੱਧਾ ਅਤੇ ਇੱਕ ਅੱਖਰ ਪੂਰਾ ਲਿਖਿਆ ਜਾਂਦਾ ਹੈ। ਇਹ ਰਿਵਾਜ਼ ਹੁਣ ਪਾਲੀ ਅਤੇ ਪ੍ਰਕ੍ਰਿਤਾਂ ਵਿੱਚ ਵੀ ਪ੍ਰਚੱਲਿਤ ਹੋ ਗਿਆ ਹੈ। ਪਾਲੀ ਅਤੇ ਪ੍ਰਕ੍ਰਿਤਾਂ ਵਿੱਚ ਇਹਨਾਂ ਦੇ ਗਰੈਮੇਰੀਅਨਾਂ ਨੇ ਦੋ Gender ਅਤੇ ਦੋ Number ਮੰਨੇ ਹਨ। ਇਸੇ ਤਰਾਂ ਪਾਲੀ ਅਤੇ ਪ੍ਰਕ੍ਰਿਤਾਂ ਵਿੱਚ 5 ਵਿਭਕਤੀਆਂ (Case Ending) ਮੰਨੀਆਂ ਜਾਂਦੀਆ ਹਨ ਜਦਕਿ ਪੰਜਾਬੀ ਵਿੱਚ 4 ਵਿਭਕਤੀਆਂ (Case Ending) ਹਨ।ਬਹੁਬਚਨ ਲਈ ਜਿਹੜਾ ਢੰਗ ਪ੍ਰਕ੍ਰਿਤਾਂ ਅਤੇ ਪਾਲੀ ਵਿੱਚ ਵਰਤਿਆਂ ਜਾਂਦਾ ਹੈ, ਉਹ ਪੰਜਾਬੀ ਵਿੱਚ ਵੱਖਰੇ ਢੰਗ ਨਾਲ ਵਰਤਿਆਂ ਜਾਂਦਾ ਹੈ।ਪ੍ਰਕ੍ਰਿਤਾ ਅਤੇ ਪਾਲੀ ਨੇ ਸੰਸਕ੍ਰਿਤ ਵਾਂਗ 9 Tense ਹੀ ਮੰਨੇ ਹਨ।ਜਦਕਿ ਪੰਜਾਬੀ ਵਿੱਚ ਮੇਰੇ ਅਨੁਸਾਰ 8 Tense ਹੀ ਹਨ। ਆਮ ਵਿਦਵਾਨ ਸੰਸਕ੍ਰਿਤ ਵਾਂਗ ਪੰਜਾਬੀ ਵਿੱਚ 9 Tense ਹੀ ਮੰਨਦੇ ਹਨ। ਪ੍ਰਕ੍ਰਿਤ ਵਿੱਚ ਕ੍ਰਿਦੰਤ ਸੰਸਕ੍ਰਤ ਵਾਂਗ ਹੀ ਮੰਨੇ ਜਾਂਦੇ ਹਨ। ਪਰ ਪੰਜਾਬੀ ਵਿੱਚ ਕ੍ਰਿਦੰਤ ਮੇਰੇ ਅਨੁਸਾਰ 4 ਹੀ ਹਨ।

The Language Science’ ਦੇ ਕਰਤਾ ਡਾ. ਮੈਕਸ ਮੂਲਰ ਅਨੁਸਾਰ ਸੰਸਾਰ ਦੀਆਂ ਕਈ ਬੋਲੀਆਂ ਮਰ ਚੁੱਕੀਆਂ ਹਨ ਜਿਹਨਾਂ ਵਿੱਚ ਪ੍ਰਕ੍ਰਿਤਾਂ, ਪਾਲੀ, ਲੈਟੀਨ, ਸੰਸਕ੍ਰਿਤ, ਹੈਬਰੂ ਅਤੇ ਕਈ ਹੋਰ ਯੁੂਰਪੀ ਬੋਲੀਆਂ ਆਦਿ। ਜਦਕਿ ਪੰਜਾਬੀ ਅੱਜ ਵੀ ਲੋਕ ਬੋਲਦੇ ਹਨ।ਅੱਜ ਇਹ ਸੰਸਾਰ ਦੇ ਅੱਠਵੇਂ ਪੱਧਰ ਦੀ ਬੋਲੀ ਹੈ। ਪੰਜਾਬੀ ਦਾ ਪੱਧਰ ਹੋਰ ਵੀ ਉੱਪਰ ਉੱਠ ਸਕਦਾ ਹੈ ਜੇ ਸਾਰੇ ਪੰਜਾਬੀ ਬੋਲਦੇ ਲੋਕ ਪੰਜਾਬੀ ਰਿਕਾਰਡ ਕਰਵਾਉਣ। ਪੰਜਾਬੀ ਬੋਲੀ ਹੋਰ ਅੱਗੇ ਵੱਧ ਸਕਦੀ ਹੈ ਕਿਉਂਕਿ ਜਾਪਾਨ ਵਾਂਗ ਇਸ ਦਾ Geographia ਤੰਗ ਨਹੀ ਹੈ। ਸੋ ਪੰਜਾਬ ਦਾ Geographia ਪੰਜਾਬੀ ਬੋਲੀ ਨੂੰ ਅੱਗੇ ਵੱਧਣ ਫੁੱਲਣ ਵਿੱਚ ਸਹਾਈ ਹੋ ਸਕਦਾ ਹੈ। ਪੰਜਾਬੀ ਨੂੰ ਕਈ ਦੇਸ਼ਾ ਵਿੱਚ ਮਾਨਤਾ ਮਿਲੀ ਹੋਈ ਹੈ। ਜਿਹੜੇ ਲੋਕ ਕੁੱਛ ਕੁ ਵਰ੍ਹੇ ਪਹਿਲਾ ਸ਼ੱਕ ਕਰਦੇ ਸੀ ਕਿ ਪੰਜਾਬੀ 50 ਕੁ ਵਰਿਆ ਤੱਕ ਮਰ ਜਾਵੇਗੀ, ਪਰ ਪੰਜਾਬੀ ਤਾਂ ਅਜੇ ਤੱਕ ਮਰੀ ਨਹੀ ਪਰ ਉਹ ਲੋਕ ਆਪ ਮਰ ਗਏ।

ਡਾ. ਆਰੀਆਣੀ ਨੇ ਇੱਕ ਕਿਤਾਬ ਲਿਖੀ, ਜਿਸ ਦਾ ਨਾਂ ‘ਮਾਗਧੀ ਭਾਸ਼ਾ’ ਸੀ। ਇਸ ਵਿੱਚ ਦੱਸਿਆ ਗਿਆ ਮਾਗਧੀ ਦਾ ਲੋਕਲ ਨਾਂ ਮੱਗਹਈ ਪ੍ਰਚੱਲਿਤ ਹੈ, ਜਿਸ ਦੇ ਰੂਪ ਜੈਨੀਆਂ ਦੇ ਪ੍ਰਕ੍ਰਿਤਾਂ ਨਾਲ ਮਿਲਦੇ ਹਨ। ਉਕਤ ਕਿਤਾਬ ਵਿੱਚ ਉਸ ਨੇ ਪ੍ਰਕ੍ਰਿਤਾਂ ਦੇ ਕਈ ਸ਼ਬਦ ਦਿੱਤੇ ਹਨ ਜਿਹਨਾਂ ਦੇ ਰੂਪ ਸੰਸਕ੍ਰਿਤ ਅਤੇ ਹਿੰਦੀ ਨਾਲੋਂ ਵੱਖਰੇ ਹਨ। ਪੰਜਾਬ ਵਿੱਚ ਪੰਜਾਬੀ ਬੋਲੀ ਲਈ ਰਾਜਨੀਤਿਕ ਅੰਦੋਲਨਾਂ ਕਰਕੇ ਪੰਜਾਬੀ ਸੂਬੇ ਦੀ ਸਰਕਾਰੀ ਬੋਲੀ ਬਣ ਗਈ। ਜਦਕਿ ਮੱਗਧ ਦੇ ਇਲਾਕੇ ਵਿੱਚ ਉਹਨਾਂ ਨੇ ਆਪਣੀ ਮੱਗਹਈ ਬੋਲੀ ਲਈ ਕੋਈ ਰਾਜਨੀਤਿਕ ਅੰਦੋਲਨ ਨਹੀ ਚਲਾਇਆ। ਇੱਥੋ ਇਹ ਪਤਾ ਚਲਦਾ ਹੈ ਕਿ ਉਹਨਾਂ ਲੋਕਾਂ ਵਿੱਚ ਆਪਣੀ ਬੋਲੀ ਲਈ ਕੋਈ ਰਾਜਨੀਤਿਕ ਇੱਛਾ ਸ਼ਕਤੀ ਪੈਦਾ ਨਹੀ ਹੋਈ ਕਿ ਉਹ ਆਪਣੀ ਬੋਲੀ ਨੂੰ ਰਾਜ ਬੋਲੀ ਬਣਾ ਸਕਣ।

ਜੇ ਇਤਿਹਾਸਕ ਦ੍ਰਿਸ਼ਟੀ ਨਾਲ ਦੇਖੀਏ ਤਾਂ ਪ੍ਰਕ੍ਰਿਤਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆਂ ਗਿਆ ਹੈ। ਜਿਵੇਂ ਕਿ ਜੈਨੀਆਂ ਦੀ ਪ੍ਰਕ੍ਰਿਤਾਂ ਅਤੇ ਬੋਧੀਆਂ ਦੀ ਪਾਲੀ ਵਿੱਚ ਕਾਫੀ ਸਾਹਿਤ ਲਿਖਿਆ ਹੋਇਆਂ ਹੈ ਜਿਵੇਂ ਅਚਾਰਿਆ ਹੇਮਚੰਦਰ ਨੇ ‘ਸਿੱਧਹੇਮ ਸ਼ਬਦਨੁਸ਼ਾਸ਼ਨ’ ਆਦਿ ਲਿਖਿਆ। ਸਮਰਾਟ ਅਸ਼ੋਕ ਦੇ ਬੁੱਧ ਧਰਮ ਮੰਨਣ ਕਰਕੇ ਪਾਲੀ ਬੋਲੀ ਨੂੰ ਵਿਕਸਿਤ ਹੋਣ ਦਾ ਮੌਕਾ ਮਿਲਿਆ ਅਤੇ ਧਾਰਮਿਕ ਆਗੂਆਂ ਨੇ ਵੀ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਇਸ ਬੋਲੀ ਵਿੱਚ ਲਿਖੀਆ ਅਤੇ ਇਸ ਤੋਂ ਇਲਾਵਾ ਧਾਰਮਿਕ ਗ੍ਰੰਥ ਅਤੇ ਉਪਦੇਸ਼ਆਤਮਕ ਕਹਾਣੀਆਂ ਵੀ ਲਿਖੀਆਂ ਹਨ। ਇਸ ਤਰਾਂ ਇਕ ਰਾਜ ਸ਼ਕਤੀ ਅਤੇ ਦੂਜਾ ਧਰਮ ਦੀ ਸ਼ਕਤੀ ਨੇ ਇਸ ਨੂ ਅੱਗੇ ਵਧਾਇਆ ਜਿੱਥੇ-ਜਿੱਥੇ ਅਸ਼ੋਕ ਦਾ ਸਾਮਰਾਜ ਰਿਹਾ ਉੱਥੇ ਬੁੱਧ ਧਰਮ ਅਤੇ ਪਾਲੀ ਬੋਲੀ ਵੀ ਗਈ। ਜਿੱਥੇ ਤੱਕ ਅਸ਼ੋਕ ਦਾ ਰਾਜ ਸੀ ਉਸਨੇ ਉੱਥੇ ਆਪਣੇ ਫਰਮਾਨ ਪਾਲੀ ਬੋਲੀ ਵਿੱਚ ਥੰਮਾਂ ਉੱਤੇ ਖੁਦਵਾਏ ਅਤੇ ਨਾਲ ਹੀ ਉਸ ਨੇ ਲੋਕਲ ਬੋਲੀ ਦੇ ਸ਼ਬਦ ਵੀ ਆਪਣੇ ਫਰਮਾਨਾਂ ਵਿੱਚ ਵਰਤੇ, ਕਿਉਕਿ ਲੋਕਲ ਵਿਦਵਾਨਾਂ ਨੇ ਵੀ ਆਪਣੇ ਸ਼ਬਦ ਪਾਲੀ ਵਿੱਚ ਵਰਤੇ ਸਨ। ਇਸ ਤੋਂ ਇਹ ਪਤਾ ਲਗਦਾ ਹੈ ਕਿ ਪਾਲੀ ਤੋਂ ਇਲਾਵਾ ਲੋਕ ਹੋਰ ਅਨੇਕਾਂ ਬੋਲੀਆਂ ਬੋਲਦੇ ਸਨ। ਲੋਕਲ ਲੋਕਾਂ ਦੀਆਂ ਬੋਲੀਆਂ ਨੂੰ ਸਰਕਾਰੀ ਸਰਪ੍ਰਸਤੀ ਨਾ ਮਿਲਣ ਕਰਕੇ ਇਹ ਲੋਕਲ ਬੋਲੀਆਂ ਲਿਖਤੀ ਤੌਰ ਤੇ ਲੋਕਾਂ ਸਾਹਮਣੇ ਨਹੀ ਆ ਸਕੀਆਂ। ਸਿੰਧ ਦੇ ਉਪਰਲੇ ਇਲਾਕੇ ਵਿੱਚ ਪਸਾਚੀ ਦਾ ਬੋਲਿਆਂ ਜਾਣਾ ਮੰਨਿਆਂ ਜਾਂਦਾ ਸੀ, ਇਸ ਦਾ ਜ਼ਿਕਰ ਮਾਰਕੰਡੇ, ਗੁਨਾਡਾ, ਵਰਰੁੱਚੀ ਅਤੇ ਆਚਾਰਿਆ ਹੇਮਚੰਦਰ ਆਦਿ ਦੀਆਂ ਰਚਨਾਵਾਂ ਵਿੱਚ ਮਿਲਦਾ ਹੈ। ਗੁਨਡਾ ਨੇ ਪਸਾਚੀ ਵਿੱਚ ਬਹੁਤ ਵੱਡਾ ਕਹਾਣੀਆਂ ਦਾ ਗ੍ਰੰਥ ਲਿਖਿਆ ਜਿਸ ਨੂੰ ‘ਵਡਕਹਾ’ ਕਿਹਾ ਜਾਂਦਾ ਹੈ। ਇਹ ਸ਼ਬਦ ਪੰਜਾਬੀ ਵਿੱਚ ਆਮ ਹੀ ਵਰਤਿਆਂ ਜਾਂਦਾ ਹੈ। ਸੰਸਕ੍ਰਿਤ ਵਿਦਵਾਨਾਂ ਨੇ ਪਸਾਚੀ ਨੂੰ ਘਟੀਆ ਦ੍ਰਿਸ਼ਟੀ ਨਾਲ ਦੇਖਿਆ ਅਤੇ ਇਹ ਬੋਲੀ ਬੋਲਣ ਵਾਲਿਆ ਨੂੰ ਘਟੀਆ ਸਮਝਿਆ।ਪਸਾਚੀ ਬੋਲੀ ਭੂਤਾਂ ਦੀ ਬੋਲੀ ਮੰਨੀ ਜਾਂਦੀ ਸੀ। ਮਹਾਂਭਾਰਤ ਵਿੱਚ ਪੰਜਾਬ ਦੇ ਲੋਕਾਂ ਲਈ ਘਟੀਆਂ ਸ਼ਬਦ ਵਰਤੇ ਜਿਵੇਂ ਵਾਹਿਕ ਆਦਿ।ਸੰਸਕ੍ਰਿਤ ਅਤੇ ਪਾਲੀ ਵਾਲੇ ਲੋਕ ਇਹਨਾਂ ਲੋਕਾਂ ਨੂੰ ਸਤਿਕਾਰ ਨਹੀ ਦਿੰਦੇ ਸਨ। ਜੇ ਇਹ ਸਤਿਕਾਰ ਕਰਦੇ ਹੁੰਦੇ ਤਾਂ ਲੋਕਾਂ ਨੂੰ ਭੂਤ ਜਾਂ ਹੋਰ ਨਾਵਾਂ ਨਾਲ ਨਾ ਪੁਕਾਰਦੇ।

ਅਸ਼ੋਕ ਸਿਰਫ ਸਾਮਰਾਜ ਪੱਖੀ ਹੀ ਸੀ। ਉਸਨੇ ਵੀ ਰਾਜ ਦੀਆਂ ਲੋਕਲ ਬੋਲੀਆਂ ਨੂੰ ਸਰਕਾਰੀ ਸਰਪ੍ਰਸਤੀ ਨਹੀ ਦਿੱਤੀ। ਇਸੇ ਤਰਾਂ ਸੰਸਕ੍ਰਿਤ ਵਿਦਵਾਨਾਂ ਦੀ ਲੋਕ ਬੋਲੀ ਨਹੀ ਸੀ ਪਰ ਉਹਨਾਂ ਨੇ ਧਰਮ ਸ਼ਾਸ਼ਤਰ ਸੰਸਕ੍ਰਿਤ ਵਿੱਚ ਹੀ ਲਿਖੇ। ਸੰਸਕ੍ਰਿਤ ਵਿਦਵਾਨ ਲੋਕਲ ਬੋਲੀਆਂ ਨੂੰ ਨੀਚ ਬੋਲੀਆ ਸਮਝਦੇ ਸਨ ਅਤੇ ਇਹਨਾਂ ਬੋਲੀਆਂ ਨੂੰ ਬੋਲਣ ਵਾਲੇ ਲੋਕਾਂ ਨੂੰ ਵੀ ਨੀਚ ਸਮਝਦੇ ਸਨ। ਇੱਥੋ ਇਹ ਪਤਾ ਲਗਦਾ ਹੈ ਕਿ ਰਾਜ ਅਤੇ ਧਰਮ ਵਿੱਚ ਕਿੰਨੀ ਸ਼ਕਤੀ ਹੈ ਅਤੇ ਲੋਕਾਂ ਦੇ ਦਿਮਾਗ ਤੇ ਕਿੰਨਾ ਅਸਰ ਛੱਡਦਾ ਹੈ।

ਮਹਿਮੂਦ ਗਜ਼ਨਵੀ ਨੇ ਜਿੱਤ ਮਗਰੋਂ ਲਹੌਰ ਦਰਬਾਰ ਵਿੱਚ ਫਾਰਸੀ ਨੂੰ ਸਰਕਾਰੀ ਬੋਲੀ ਬਣਾਇਆ। ਉਸ ਤੋਂ ਪਹਿਲਾ ਲਹੌਰ ਦਰਬਾਰ ਦੇ ਰਾਜਿਆ ਦੀ ਬੋਲੀ ਸੰਸਕ੍ਰਿਤ ਸੀ ਅਤੇ ਲਿੱਪੀ ਟਾਕਰੀ ਵਰਤਦੇ ਸਨ। ਚੰਬੇ ਦੇ ਰਾਜਿਆ ਦੀ ਦਰਬਾਰ ਦੀ ਸਰਕਾਰੀ ਬੋਲੀ ਸੰਸਕ੍ਰਿਤ ਸੀ ਅਤੇ ਲਿੱਪੀ ਟਾਕਰੀ ਸੀ। ਬੋਧੀ ਰਾਜ ਖਤਮ ਹੋਣ ਮਗਰੋਂ ਸੰਸਕ੍ਰਿਤ ਦਾ ਬ੍ਰਾਹਮਣੀਕਲ ਸਿਸਟਮ ਵਿੱਚ ਬੋਲਬਾਲਾ ਹੋ ਗਿਆ।ਉਹਨਾਂ ਨੇ ਪਾਲੀ ਅਤੇ ਪ੍ਰਕ੍ਰਿਤਾਂ ਨੂੰ ਦਬਾਇਆ ਅਤੇ ਲੋਕ ਬੋਲੀਆਂ ਨੂੰ ਵੀ ਦਬਾਇਆ ਤਾਂ ਕਿ ਧਰਮ ਦੇ ਤੌਰ ਤੇ ਅਤੇ ਰਾਜਨਿਤਿਕ ਤੌਰ ਤੇ ਸੰਸਕ੍ਰਿਤਵਾਦੀਆ ਦੀ ਭੱਲ ਬਣੀ ਰਹੇ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਬੋਲੀ ਦਾ ਸਬੰਧ ਬੋਲਣ ਨਾਲ ਹੀ ਨਹੀ ਬਲਕਿ ਵਿਆਕਤੀਤਵ, ਧਰਮ, ਰਾਜਨੀਤੀ, ਇਤਿਹਾਸ ਅਤੇ ਭੂਗੋਲ ਆਦਿ ਬਹੁਤ ਸਾਰੀਆਂ ਗੱਲਾ ਨਾਲ ਵੀ ਹੈ। ਇੰਝ ਪ੍ਰਕ੍ਰਿਤਾਂ ਦੀ ਥਾਂ ਸੰਸਕ੍ਰਿਤ ਬੋਲੀ ਹੋਣ ਕਰਕੇ ਪ੍ਰਕ੍ਰਿਤਾਂ ਦਾ ਘਾਣ ਹੋ ਗਿਆ।

ਮਹਿਮੂਦ ਗਜ਼ਨਵੀ ਹਾਕਮ ਬਣਨ ਕਰਕੇ ਉਸ ਨੇ ਧਰਮ ਇਸਲਾਮ ਅਤੇ ਬੋਲੀ ਫਾਰਸੀ ਰੱਖੀ ਜਦਕਿ ਉਹ ਆਪ ਤੁਰਕੀ ਨਸਲ ਦਾ ਸੀ। ਇੱਥੋ ਇਹ ਪਤਾ ਲਗਦਾ ਹੈ ਕਿ ਧਰਮ ਲੋਕਾਂ ਤੇ ਆਪਣਾ ਕਿੰਨਾ ਅਸਰ ਛੱਡਦਾ ਹੈ ਅਤੇ ਆਪਣੇ ਧਰਮ ਗ੍ਰੰਥਾਂ ਦੀ ਮੋਹਰ ਵੀ ਲਗਾੳਂੁਦਾ ਹੈ। ਇਹਦੇ ਕਰਕੇ ਹੀ ਲੋਕ ਜੁੜਦੇ ਹਨ ਅਤੇ ਰਾਜ ਸ਼ਕਤੀ ਵੀ ਪ੍ਰਾਪਤ ਕਰਦੇ ਹਨ। ਮਹਿਮੂਦ ਗਜ਼ਨਵੀ ਦੀ Dominancy ਹੋਣ ਕਰਕੇ ਸੰਸਕ੍ਰਿਤਵਾਦੀਆ ਦੇ ਹੌਸਲੇ ਢਹਿ ਗਏ। ਮਹਿਮੂਦ ਗਜ਼ਨਵੀ ਨੇ ਸੋਚਿਆ ਕਿ ਇੱਥੇ ਦੇ ਲੋਕ ਸੰਸਕ੍ਰਿਤ ਤਾਂ ਬੋਲਦੇ ਨਹੀ ਅਤੇ ਨਾ ਹੀ ਬੋਧੀਆਂ ਦੀ ਬੋਲੀ ਬੋਲਦੇ ਹਨ। ਉਹਦੇ ਰਾਜ ਵੇਲੇ ਇਕ ਲਾਹੌਰ ਦਰਬਾਰ ਵਿੱਚ ਬ੍ਰਾਹਮਣੀਕਲ ਸਿਸਟਮ ਨੂੰ ਮੰਨਣ ਵਾਲਾ ਇਸਲਾਮ ਵਿੱਚ ਆ ਗਿਆ ਅਤੇ ਉਸਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਆਪਣਾ ਨਾਮ ਵੀ ਇਸਲਾਮੀ ਨਾਮ ਅਬਦੁੱਲ ਰਹਿਮਾਨ ਰੱਖਿਆ।

ਡੇਵਿਡ ਰਈਸ ਦੀ ਪਾਲੀ-ਇੰਗਲਿਸ਼ ਡਿਕਸ਼ਨਰੀ ਦੇ ਕਰਤਾ ਦੀ ਗੱਲ ਦੋਹਰਾਉਂਦੇ ਹਾਂ ਕਿ ਉਸ ਨੇ ਮੰਨਿਆਂ ਹੈ ਕਿ ਸਿਥਾਰਥ (ਬੁੱਧ) ਦੀ ਬੋਲੀ ਪਾਲੀ ਸੀ। ਜਿਹੜੀ ਉਸ ਦੇ ਬਜ਼ੁਰਗਾ ਦੀ ਬੋਲੀ ਸੀ। ਇਹ ਉਸ ਨੇ ਬੋਲੀ ਨਹੀ ਕਲਪੀ। ਉਸ ਨੇ ਆਪਣੇ ਬਜ਼ੁਰਗਾ ਦੀ ਬੋਲੀ ਰਾਂਹੀ ਗ੍ਰੰਥ ਲਿਖ ਕੇ ਆਪਣੇ ਬਜ਼ੁਰਗਾ ਦੀ ਬੋਲੀ ਨੂੰ ਮਾਨ ਸਨਮਾਨ ਦਿੱਤਾ। ਅੱਗੇ ਉਸਦੇ ਚੇਲਿਆਂ ਨੇ ਬੁੱਧ ਧਰਮ ਨੂੰ ਇੰਡੀਆ, ਨੇਪਾਲ ਅਤੇ ਹੋਰ ਦੇਸ਼ਾ ਵਿੱਚ ਫੈਲਾਇਆ। ਇਸ ਤਰਾਂ ਪਾਲੀ ਬੋਲੀ ਦੀ ਜੈ-ਜੈ ਹੋ ਗਈ। ਇਸ ਤਰਾਂ ਅਬਦੁੱਲ ਰਹਿਮਾਨ ਵੱਲ ਆਉਂਦੇ ਹਾਂ ਜਿਹੜਾ ਕਿ 11ਵੀ ਸਦੀ ਦਾ ਲਿਖਾਰੀ ਮੰਨਿਆ ਜਾਂਦਾ ਹੈ। ਉਸਨੇ ਪੰਜਾਬੀ ਬੋਲੀ ਕਲਪੀ ਨਹੀ ਸਗੋਂ ਉਸਨੇ ਵੀ ਸਿਧਾਰਥ (ਬੁੱਧ) ਵਾਂਗੂ ਆਪਣੇ ਵਡਾਰੂਆ ਦੀ ਬੋਲੀ ਹੀ ਵਰਤੀ। ਇਸ ਤੋਂ ਸਿੱਧ ਹੁੰਦਾ ਹੈ ਕਿ ਉਸ ਵੇਲੇ ਰਾਜ ਬੋਲੀ ਹੋਰ ਸੀ ਅਤੇ ਲੋਕ ਬੋਲੀ ਹੋਰ ਰਹੀ ਹੈ। ਇਸੇ ਤਰਾਂ ਮਹਾਂਵੀਰ ਜੈਨ 24ਵਾਂ ਤੀਰਥਾਂਕਰ ਨੇ ਵੀ ਆਪਣੀ ਰਚਨਾ ਆਪਣੀ ਮਾਂ ਬੋਲੀ ਅਰਧ-ਮਾਗਧੀ ਵਿੱਚ ਹੀ ਲਿਖੀ ਹੈ। ਉਸਨੇ ਸਿਧਾਰਥ (ਬੁੱਧ) ਵਾਂਗ ਹੀ ਆਪਣੇ ਵਡਾਰੂਆ ਦੀ ਬੋਲੀ ਵਰਤੀ ਅਤੇ ਇਸ ਵਿੱਚ ਆਪਣੀ ਬਾਣੀ ਦੀ ਰਚਨਾਂ ਕੀਤੀ, ਜਿਸ ਵਿੱਚ ਜੈਨ ਧਰਮ ਨੂੰ ਕਾਫੀ ਪ੍ਰਸਿੱਧੀ ਮਿਲੀ।

ਨਾਮ:- ਸ. ਨਾਜ਼ਰ ਸਿੰਘ
ਪਤਾ:-ਮਕਾਨ ਨੰ:-12041, ਗਲੀ ਨੰ:-2,
ਅਟੱਲ ਨਗਰ, ਡਾਕਖਾਨੇ ਵਾਲੀ ਗਲੀ, ਰਾਹੋਂ ਰੋਡ, ਲੁਧਿਆਣਾ। Pin Code-141007
(Telephone number.)—  0161-2632136

Previous articleਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ਗੁਰੁ ਨਾਨਕਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਜਨਮ ਦਿਨ ਨੂੰ ਸਮਰਪਿਤ
Next articleCROSSING ALL BOUNDARIES, GLOBALLY