ਸ਼ਹਿਰ ਦੇ ਬਾਨੀ ਅਤੇ ਚੌਥੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਹਰਿਮੰਦਰ ਸਾਹਿਬ ਵਿਖੇ ਸੁੰਦਰ ਫੁੱਲਾਂ ਨਾਲ ਸਜਾਵਟ ਦਾ ਕੰਮ ਅੱਜ ਆਰੰਭ ਹੋ ਗਿਆ ਹੈ। ਇਸ ਤੋਂ ਇਲਾਵਾ ਸਮਾਗਮ ਦੀ ਸ਼ੁਰੂਆਤ ਲਈ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ ਹੈ ਤੇ ਦੇਸ਼-ਵਿਦੇਸ਼ ਤੋਂ ਸੰਗਤ ਦੀ ਆਮਦ ਵੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਅੱਜ ਸਮਾਗਮਾਂ ਦੀ ਸ਼ੁਰੂਆਤ ਵਾਸਤੇ ਅਖੰਡ ਪਾਠ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਰੰਭ ਹੋ ਗਏ ਹਨ, ਪਾਠ ਦਾ ਭੋਗ 26 ਅਕਤੂਬਰ ਨੂੰ ਗੁਰਪੁਰਬ ਵਾਲੇ ਦਿਨ ਪਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸੇ ਤਹਿਤ ਅੱਜ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਸਜਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਸਜਾਵਟ ਵਾਸਤੇ ਵਰਤੇ ਜਾ ਰਹੇ ਫੁੱਲ ਸਿੰਗਾਪੁਰ, ਥਾਈਲੈਂਡ, ਮਲੇਸ਼ੀਆ, ਬੰਗਲੌਰ, ਮੁੰਬਈ, ਕੋਲਕਾਤਾ ਤੇ ਪੁਣੇ ਆਦਿ ਤੋਂ ਮੰਗਵਾਏ ਹਨ। ਫੁੱਲਾਂ ਦੀ ਸਜਾਵਟ ਦੀ ਸੇਵਾ ਮੁੰਬਈ ਵਾਸੀ ਇਕਬਾਲ ਸਿੰਘ ਵਲੋਂ ਸੰਗਤ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਇਹ ਸੇਵਾ ਸੌ ਕਾਰੀਗਰ ਅਤੇ ਸੌ ਸੇਵਾਦਾਰਾਂ ਤੋਂ ਇਲਾਵਾ ਹੋਰ ਸੰਗਤ ਨਿਭਾਅ ਰਹੀ ਹੈ। ਸਜਾਵਟ ਦਾ ਕੰਮ ਭਲਕ ਤੱਕ ਮੁਕੰਮਲ ਹੋ ਜਾਵੇਗਾ। ਮੁੰਬਈ ਵਾਸੀ ਸੰਗਤ ਵੱਲੋਂ ਇਹ ਸੇਵਾ ਪਿਛਲੇ ਕੁਝ ਵਰ੍ਹਿਆਂ ਤੋਂ ਲਗਾਤਾਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਭਲਕੇ ਸਜਾਇਆ ਜਾਵੇਗਾ, ਜਿਸ ਵਿਚ ਵੱਡੀ ਗਿਣਤੀ ਵਿਚ ਦੇਸ਼ ਵਿਦੇਸ਼ ਦੀ ਸਿੱਖ ਸੰਗਤ, ਸਕੂਲੀ ਬੱਚੇ, ਗਤਕਾ ਪਾਰਟੀਆਂ, ਬੈਂਡ ਪਾਰਟੀਆਂ ਤੇ ਸ਼ਬਦੀ ਜਥੇ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਪ੍ਰਕਾਸ਼ ਪੁਰਬ ਮੌਕੇ ਰਾਗ ਦਰਬਾਰ, ਧਾਰਮਿਕ ਦੀਵਾਨ, ਕਥਾ ਸਮਾਗਮ, ਕਵੀ ਦਰਬਾਰ ਤੇ ਪੜਤਾਲ ਗਾਇਨ ਕੀਰਤਨ ਵੀ ਹੋਵੇਗਾ। ਇਸ ਤੋਂ ਇਲਾਵਾ ਗੁਰੂ ਕਾਲ ਵੇਲੇ ਵਸਾਏ ਕਿੱਤਿਆਂ ਵਿਚੋਂ 52 ਕਿੱਤਾਕਾਰ ਸਨਮਾਨੇ ਜਾਣਗੇ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 11-11 ਹਜ਼ਾਰ ਰੁਪਏ ਨਗ਼ਦ, ਸਨਮਾਨ ਚਿੰਨ੍ਹ ਤੇ ਸਿਰੋਪਾਓ ਆਦਿ ਭੇਟ ਕੀਤੇ ਜਾਣਗੇ। ਇਸੇ ਤਰ੍ਹਾਂ 52 ਸਕੂਲੀ ਵਿਦਿਆਰਥੀਆਂ ਦੀ ਪੂਰੇ ਸਾਲ ਦੀ ਫੀਸ ਦਿੱਤੀ ਜਾਵੇਗੀ। ਇਸ ਸਬੰਧੀ ਸੇਵਾ ਮੁੰਬਈ ਵਾਸੀ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਬਾਵਾ ਅਤੇ ਭੁਪਿੰਦਰ ਸਿੰਘ ਮਿਨਹਾਸ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਪ੍ਰਕਾਸ਼ ਪੁਰਬ ਸਮਾਗਮਾਂ ਸਮੇਂ ਸ਼ਹਿਰ ਵਾਸੀ ਗੁਰੂ ਘਰ ਆਉਣ ਵੇਲੇ ਪੈਦਲ ਚੱਲ ਕੇ ਆਉਣ ਨੂੰ ਤਰਜੀਹ ਦੇਣ ਤਾਂ ਜੋ ਟਰੈਫਿਕ ਦੀ ਸਮੱਸਿਆ ਹੱਲ ਕੀਤੀ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਣ ਵਾਲੇ ਸਮਾਗਮਾਂ ਦੀ ਸੇਵਾ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ, ਜਿਸ ਵਿਚ ਸਕੱਤਰ ਮਨਜੀਤ ਸਿੰਘ, ਅਵਤਾਰ ਸਿੰਘ, ਦਿਲਜੀਤ ਸਿੰਘ ਬੇਦੀ ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਹਾਜ਼ਰ ਸਨ।
INDIA ਪ੍ਰਕਾਸ਼ ਪੁਰਬ: ਹਰਿਮੰਦਰ ਸਾਹਿਬ ਵਿਚ ਫੁੱਲਾਂ ਨਾਲ ਸਜਾਵਟ ਸ਼ੁਰੂ