ਸਿਰਸਾ/ਐਲਨਾਬਾਦ-‘ਪਾਕਿਸਤਾਨ ਵਿੱਚ ਪਾਣੀ ਨਹੀਂ ਜਾਣ ਦੇਵਾਂਗੇ ਅਤੇ ਉਧਰੋਂ ਨਸ਼ਾ ਨਹੀਂ ਆਉਣ ਦਿੱਤਾ ਜਾਵੇਗਾ’, ਇਹ ਪ੍ਰਗਟਾਵਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਿਲ੍ਹਾ ਸਿਰਸਾ ਦੇ ਪਿੰਡ ਮੱਲੇਕਾ ਵਿੱਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਖੇਤਾਂ ਨੂੰ ਪਾਣੀ ਨਹੀਂ ਮਿਲ ਰਿਹਾ ਪਰ ਸਾਡੀਆਂ ਨਦੀਆਂ ਦਾ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ, ਅਸੀਂ ਪਾਕਿਸਤਾਨ ਨੂੰ ਜਾਂਦਾ ਪਾਣੀ ਰੋਕ ਕੇ ਹਰਿਆਣਾ ਦੇ ਖੇਤਾਂ ਤੱਕ ਪਹੁੰਚਾਉਣ ਦਾ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦਾ ਸੁਭਾਗ ਮਿਲਿਆ ਹੈ। ਕੇਂਦਰ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਬੇਸ਼ੱਕ ਹੁਣ ਤਿਆਰ ਹੋ ਚੁੱਕਾ ਹੈ ਪਰ ਭਾਜਪਾ ਤੋਂ ਪਹਿਲਾਂ ਕੇਂਦਰ ’ਚ ਰਹੀਆਂ ਸਰਕਾਰਾਂ ਨੇ ਇਸ ਮੁੱਦੇ ਵੱਲ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਹ ਲਾਂਘਾ ਬਣਦਿਆਂ ਸੱਤ ਦਹਾਕੇ ਦਾ ਸਮਾਂ ਲੱਗ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਹਰਿਆਣਾ ਵਿੱਚ ਸਿੰਜਾਈ ਪ੍ਰਬੰਧਾਂ ਵਿੱਚ ਵੱਡੇ ਸੁਧਾਰ ਕੀਤੇ ਜਾਣਗੇ ਅਤੇ ਸੋਕਾਮੁਕਤ ਅਤੇ ਜਲਯੁਕਤ ਹਰਿਆਣਾ ਮਿਸ਼ਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਹਰਿਆਣਾ ਵਿੱਚ ਨਸ਼ੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਨਸ਼ਾ ਆ ਰਿਹਾ ਹੈ, ਜਿਸ ਨਾਲ ਸਾਡੀ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ ਪਰ ਅਸੀਂ ਇਹ ਨਸ਼ਾ ਹੁਣ ਸਾਡੇ ਦੇਸ਼ ਵਿੱਚ ਆਉਣ ਤੋਂ ਰੋਕਣਾ ਹੈ। ਉਨ੍ਹਾਂ ਜੰਮੂ ਕਸ਼ਮੀਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਸ਼ੁਰੂ ਵਿੱਚ ਹੀ ਸਾਡੇ ਦੇਸ਼ ਦਾ ਹਿੱਸਾ ਖੋਹ ਲਿਆ ਪਰ ਕਾਂਗਰਸ ਨੇ ਕੁੱਝ ਨਹੀਂ ਕੀਤਾ। ਇਸ ਤੋਂ ਬਾਅਦ ਕਾਂਗਰਸ ਨੇ ਬੜੀ ਚਲਾਕੀ ਨਾਲ ਜੰਮੂ ਕਸ਼ਮੀਰ ਵਿੱਚੋਂ ਸਰਵ ਸਾਂਝੀ ਵਿਰਾਸਤ ਸੂਫ਼ੀ ਪਰੰਪਰਾ ਦਾ ਖਾਤਮਾ ਕਰ ਦਿੱਤਾ। ਸੂਫ਼ੀ ਪਰੰਪਰਾ ਨੂੰ ਦਫ਼ਨ ਕਰਨ ਦੇ ਨਾਲ ਨਾਲ ਜੰਮੂ ਕਸ਼ਮੀਰ ਦਾ ਅੱਧਾ ਹਿੱਸਾ ਅਸੀਂ ਗੁਆ ਲਿਆ ਪਰ ਦਿੱਲੀ ਬੈਠੇ ਲੋਕਾਂ ਨੂੰ ਕੁੱਝ ਵੀ ਦਿਖਾਈ ਨਹੀਂ ਦਿੰਦਾ ਸੀ। ਉਨ੍ਹਾਂ ਲੋਕਾਂ ਨੇ ਜੰਮੂ ਕਸ਼ਮੀਰ ਨੂੰ ਲੁੱਟਣ ਲਈ ਦੋ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਸੀ। ਜੰਮੂ ਅਤੇ ਲੱਦਾਖ ਨਾਲ ਵਿਤਕਰਾ ਹੋ ਰਿਹਾ ਸੀ। ਅਤਿਵਾਦ ਦੌਰਾਨ 4 ਲੱਖ ਕਸ਼ਮੀਰੀ ਪੰਡਿਤਾਂ ਦਾ ਕਤਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਹ ਧਰਤੀ ਛੱਡਣ ਲਈ ਮਜਬੂਰ ਕੀਤਾ ਗਿਆ। ਤਿਰੰਗੇ ਝੰਡੇ ਨੂੰ ਪੈਰਾਂ ਹੇਠ ਕੁਚਲ ਦਿੱਤਾ ਜਾਂਦਾ ਸੀ ਅਤੇ ਅੱਗ ਲਾ ਦਿੱਤੀ ਜਾਂਦੀ ਸੀ। ਜੰਮੂ ਕਸ਼ਮੀਰ ਨੂੰ ਬਚਾਉਣ ਲਈ ਸਾਡੇ ਅਨੇਕ ਜਵਾਨਾਂ ਨੇ ਆਪਣੀ ਜਾਨ ਗੁਆਈ ਸੀ ਪਰ ਦੂਜੀ ਵਾਰ ਸਾਡੀ ਸਰਕਾਰ ਨੂੰ ਦੇਸ਼ ਵਾਸੀਆਂ ਵੱਲੋਂ ਪੂਰਨ ਬਹੁਮਤ ਦਿੱਤੇ ਜਾਣ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਅਤੇ 35 ਏ ਹਟਾ ਦਿੱਤੀਆਂ ਹਨ ਅਤੇ ਅੱਜ ਜੰਮੂ ਕਸ਼ਮੀਰ ਵਿੱਚ ਅਤਿਵਾਦੀਆਂ ਦਾ ਨਹੀਂ ਸਗੋਂ ਸਾਡਾ ਰਾਜ ਹੈ।ਉਨ੍ਹਾਂ ਨੇ ਇਸ ਮੌਕੇ ਹਰਿਆਣਾ ਦੀ ਖੱਟਰ ਸਰਕਾਰ ਦੀ ਭਰਵੀਂ ਤਾਰੀਫ਼ ਕੀਤੀ। ਇਸ ਮੌਕੇ ਸਿਰਸਾ ਦੀ ਐੱਮ.ਪੀ. ਸੁਨੀਤਾ ਦੁੱਗਲ, ਹਰਿਆਣਾ ਭਾਜਪਾ ਦੇ ਇੰਚਾਰਜ ਵਿਸ਼ਵਾਸ ਸਾਰਨ, ਜਗਦੀਸ਼ ਚੋਪੜਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਵਨ ਬੈਨੀਵਾਲ, ਆਦਿੱਤਿਆ ਚੌਟਾਲਾ, ਬਲਕੌਰ ਸਿੰਘ ਕਾਲਾਂਵਾਲੀ, ਪ੍ਰਦੀਪ ਰਾਤੂਸਰੀਆ, ਰਾਮ ਚੰਦਰ ਕੰਬੋਜ, ਗੁਰਦੇਵ ਸਿੰਘ ਰਾਹੀ, ਦੇਵ ਕੁਮਾਰ ਸ਼ਰਮਾ, ਸ਼੍ਰੀਮਤੀ ਰੇਣੂ ਸ਼ਰਮਾ, ਦੂੜਾ ਰਾਮ ਸਮੇਤ ਅਨੇਕ ਪਾਰਟੀ ਆਗੂ ਮੌਜੂਦ ਸਨ।
INDIA ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਏਗੀ ਸਰਕਾਰ