ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਲਈ ਲਾਏ ਗਏ ਪੰਡਾਲ ਵਿਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਮੀਟਿੰਗ ਦੌਰਾਨ ਮੰਤਰੀ ਨੇ ਅਧਿਕਾਰੀਆਂ ਨੂੰ ਪੰਡਾਲ ਸਮੇਤ ਪਾਰਕਿੰਗ ਸਥਾਨਾਂ, ਟੈਂਟ ਸਿਟੀ, ਸੁਰੱਖਿਆ, ਮੈਡੀਕਲ ਅਤੇ ਲੰਗਰ ਹਾਲ ਦੀਆਂ ਤਿਆਰੀਆਂ ਨਿਰਧਾਰਿਤ ਸਮੇਂ ਵਿਚ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰਪੁਰਬ ਨੂੰ ਸਮਰਪਿਤ 8 ਤੋਂ 11 ਨਵੰਬਰ ਤੱਕ ‘ਡੇਰਾ ਬਾਬਾ ਨਾਨਕ ਉਤਸਵ’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਸ਼ਰਧਾਲੂ ਸ਼ਿਰਕਤ ਕਰਨਗੇ। 9, 10 ਅਤੇ 11 ਨਵੰਬਰ ਨੂੰ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਸਿੱਖਿਆਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ‘ਸਰਬੱਤ ਦਾ ਭਲਾ ਸੁਸਾਇਟੀ’ ਦੇ ਚੇਅਰਮੈਨ ਐੱਸ.ਪੀ.ਐੱਸ. ਓਬਰਾਏ ਨੇ ਕਿਹਾ ਕਿ 550 ਸਾਲਾ ਗੁਰਪੁਰਬ ਨੂੰ ਸਮਰਪਿਤ ਕਰਤਾਰਪੁਰ ਲਾਂਘੇ ਦੇ ਰਸਤੇ ਵਿਚ ਲਾਂਘਾ ਖੁੱਲ੍ਹਣ ਮਗਰੋਂ ਸੰਗਤ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਤਹਿਤ ਰਸਤੇ ਦੇ 250-250 ਮੀਟਰ ਦੇ ਵਕਫ਼ੇ ’ਤੇ ਆਰਓ ਸਿਸਟਮ ਲਗਾਏ ਜਾਣਗੇ। 8 ਤੋਂ 11 ਨਵੰਬਰ ਤੱਕ ‘ਡੇਰਾ ਬਾਬਾ ਨਾਨਕ ਉਤਸਵ’ ਸਮਾਗਮਾਂ ਤਹਿਤ ਬਣਾਈਆਂ ਗਈਆਂ ਪਾਰਕਿੰਗਾਂ ਲਈ ਉਨ੍ਹਾਂ ਦੀ ਸੁਸਾਇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 12 ਵ੍ਹੀਲ ਚੇਅਰ ਵੀ ਦਿੱਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਕਿਹਾ ਕਿ ‘ਸਰਬੱਤ ਦਾ ਭਲਾ ਸੁਸਾਇਟੀ’ ਵੱਲੋਂ ਕਰਤਾਰਪੁਰ ਲਾਂਘੇ ਵਿਖੇ ਲਗਾਏ ਜਾਣ ਵਾਲ ਆਰਓ ਸਿਸਟਮ ਸਬੰਧੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨਾਲ ਗੱਲਬਾਤ ਕਰਵਾ ਕੇ ਇਸ ਉਪਰਾਲੇ ਨੂੰ ਸਿਰੇ ਚਾਿੜ੍ਹਆ ਜਾਵੇਗਾ। ਇਸ ਮੌੇਕੇ ਐੱਸਐੱਸਪੀ ਓਪਿੰਦਰਜੀਤ ਸਿੰਘ ਘੁੰਮਣ, ਵਧੀਕ ਏਡੀਸੀ ਤੇਜਿੰਦਰਪਾਲ ਸਿੰਘ ਸੰਧੂ ਹਾਜ਼ਰ ਸਨ।
INDIA ਪ੍ਰਕਾਸ਼ ਪੁਰਬ: ਰੰਧਾਵਾ ਵੱਲੋਂ ਤਿਆਰੀਆਂ ਦਾ ਜਾਇਜ਼ਾ