ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਾਕਿਸਤਾਨ ਸਥਿਤ ਕਰਤਾਰਪੁਰ ਵਿਚ ਦਰਿਆ ਰਾਵੀ ਕੰਢੇ ਸੁਸ਼ੋਭਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਸਰਕਾਰ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਂਦੇ ਕਸਬਾ ਡੇਰਾ ਬਾਬਾ ਨਾਨਕ ਤੋਂ ਅੰਤਰਰਾਸ਼ਟਰੀ ਸਰਹੱਦ ਤੱਕ ਲਾਂਘਾ ਤਿਆਰ ਕਰੇਗੀ ਅਤੇ ਇਸ ਨੂੰ ਵਿਕਸਤ ਕਰੇਗੀ। ਇਹ ਐਲਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕੀਤਾ ਹੈ।ਲਾਂਘਾ ਤਿਆਰ ਕਰਨ ਸਬੰਧੀ ਇਤਿਹਾਸਕ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕੇਂਦਰੀ ਕੈਬਨਿਟ ਦੀ ਅੱਜ ਹੋਈ ਮੀਟਿੰਗ ਵਿਚ ਲਿਆ ਗਿਆ ਹੈ। ਇਸ ਦੌਰਾਨ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਸਰਹੱਦ ਤੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਤੱਕ ਲਾਂਘਾ ਤਿਆਰ ਕਰੇ ਤਾਂ ਜੋ ਭਾਰਤ ਤੋਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਸਹੂਲਤ ਮਿਲ ਸਕੇ।
ਸ੍ਰੀ ਰਾਜਨਾਥ ਸਿੰਘ ਨੇ ਮੀਟਿੰਗ ਦੇ ਫੈਸਲਿਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਸਰਕਾਰ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰੇਗੀ। ਇੱਥੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਤਸਵੀਰ ਤੋਂ ਸ਼ਰਧਾਲੂਆਂ ਨੂੰ ਜਾਣੂ ਕਰਵਾਉਣ ਦੇ ਉਦੇਸ਼ ਤਹਿਤ ‘ਪਿੰਡ ਬਾਬੇ ਨਾਨਕ ਦਾ’ ਉਸਾਰਿਆ ਜਾਵੇਗਾ। ਸੁਲਤਾਨਪੁਰ ਲੋਧੀ ਦਾ ਰੇਲਵੇ ਸਟੇਸ਼ਨ ਵੀ ਵਿਕਸਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਸਰਬ ਧਰਮ ਕੇਂਦਰ ਸਥਾਪਿਤ ਕੀਤਾ ਜਾਵੇਗਾ। ਕੈਨੇਡਾ ਅਤੇ ਬਰਤਾਨੀਆ ’ਚ ਇਕ ਇਕ ਯੂਨੀਵਰਸਿਟੀ ਵਿਚ ਗੁਰੂ ਨਾਨਕ ਦੇਵ ਚੇਅਰ ਸਥਾਪਿਤ ਕੀਤੀ ਜਾਵੇਗੀ। ਨਵੀਂ ਦਿੱਲੀ ਵਿਚ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਸਿੱਖਿਆਵਾਂ ਉੱਤੇ ਅੰਤਰਾਰਸ਼ਟਰੀ ਸੈਮੀਨਾਰ ਹੋਣਗੇ। ਇਸ ਤੋਂ ਇਲਾਵਾ ਸਰਕਾਰ ਵਲੋਂ ਸਿੱਕੇ ਅਤੇ ਮੋਹਰਾਂ ਵੀ ਜਾਰੀ ਕੀਤੀਆਂ ਜਾਣਗੀਆਂ। ਦੇਸ਼ ਭਰ ਵਿਜ ਸਮਾਗਮ ਰਚਾਏ ਜਾਣਗੇ। ਦੂਰਦਰਸ਼ਨ ਉੱਤੇ ਗੁਰੂ ਨਾਨਕ ਦੇਵ ਜੀ ਅਤੇ ਗੁਰਬਾਣੀ ਸਬੰਧੀ ਵਿਸ਼ੇਸ਼ ਪ੍ਰੋਗਰਾਮ ਚੱਲਣਗੇ। ਰੇਲਵੇ ਮੰਤਰਾਲਾ ਨਾਨਕ ਦੇਵ ਜੀ ਨਾਲ ਸਬੰਧਤ ਸਥਾਨਾਂ ਲਈ ਵਿਸ਼ੇਸ਼ ਰੇਲ ਗੱਡੀ ਚਲਾਵੇਗਾ। ਉਨ੍ਹਾਂ ਕਿਹਾ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਢੁਕਵੇਂ ਸਮਾਗਮ ਕਰਵਾਉਣ ਲਈ ਕਿਹਾ ਗਿਆ ਹੈ। ਵਿਦੇਸ਼ਾਂ ਵਿਚ ਭਾਰਤੀ ਸਫ਼ਾਰਤਖਾਨੇ ਵੀ ਗੁਰੂ ਜੀ ਸਬੰਧੀ ਵਿਸ਼ੇਸ਼ ਸਮਾਗਮ ਰਚਾਉਣਗੇ। ਯੂਨੈਸਕੋ ਨੂੰ ਵੀ ਗੁਰੂ ਦੀ ਬਾਣੀ ਨੂੰ ਦੁਨੀਆਂ ਦੀਆਂ ਸਮੂਹ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕਰਨ ਦੀ ਅਪੀਲ ਕੀਤੀ ਗਈ ਹੈ। ਨੈਸ਼ਨਲ ਬੁੱਕ ਟਰੱਸਟ ਦੇਸ਼ ਦੀਆਂ ਵੱਖ ਵੱਖ ਭਾਸ਼ਾਵਾਂ ਵਿਚ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਪ੍ਰਕਾਸ਼ਿਤ ਕਰੇਗਾ। ਗ੍ਰਹਿ ਮੰਤਰੀ ਦੀ ਅਗਵਾਈ ਵਿਚ ਉੱਚ ਤਾਕਤੀ ਕਮੇਟੀ ਉਲੀਕੇ ਪ੍ਰੋਗਰਾਮਾਂ ਦੀ ਸਮੇਂ ਸਮੇਂ ਨਜ਼ਰਸਾਨੀ ਕਰੇਗੀ। ਕੇਂਦਰੀ ਸਰਕਾਰ ਨਾਲ ਸਬੰਧਤ ਸੂਤਰਾਂ ਨੇ ਹੋ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਇਸ ਲਾਂਘੇ ਨੂੰ ਖੁੱਲ੍ਹਵਾਉਣ ਲਈ ਪਿਛਲੇ 20 ਸਾਲਾਂ ਤੋਂ ਯਤਨ ਕਰ ਰਹੀ ਹੈ।
ਗੁਰਦੁਆਰਾ ਕਰਤਾਰਪੁਰ ਸਾਹਿਬ ਪੱਛਮੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਵਿਚ ਸਥਿਤ ਹੈ। ਇੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅੰਤਿਮ ਸਮਾਂ ਬਤੀਤ ਕੀਤਾ ਸੀ।
ਭਾਰਤ ਤੋਂ ਸਿੱਖ ਸ਼ਰਧਾਲੂ ਕਰਤਾਰਪੁਰ ਲਈ ਲਾਂਘਾ ਦੇਣ ਲਈ ਲੰਬੇ ਸਮੇਂ ਤੋਂ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਬੇਨਤੀਆਂ ਕਰਦੇ ਰਹੇ ਹਨ ਅਤੇ ਵਿਸ਼ੇਸ਼ ਤੌਰ ਉੱਤੇ ਸਿੱਖ ਸ਼ਰਧਾਲੂ ਡੇਰਾ ਬਾਬਾ ਨਾਨਕ ਤੋਂ ਇਸ ਕਾਰਜ ਦੀ ਪੂਰਤੀ ਲਈ ਅਰਦਾਸ ਕਰਦੇ ਰਹੇ ਹਨ। ਸਰਕਾਰ ਨੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਡੇਰਾ ਬਾਬਾ ਨਾਨਕ ਅੰਤਰਾਰਾਸ਼ਟਰੀ ਸਰਹੱਦ ਤੋਂ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਇਸੇ ਦੌਰਾਨ ਭਾਰਤ ਸਰਕਾਰ ਦੇ ਸੂਤਰਾਂ ਨੇ ਇਸ ਤਰ੍ਹਾਂ ਦੇ ਬਿਆਨਾਂ ਦਾ ਬੁਰਾ ਮਨਾਇਆ ਹੈ ਕਿ ਭਾਰਤ ਸਰਕਾਰ ਦਾ ਲਾਂਘੇ ਸਬੰਧੀ ਫੈਸਲਾ ਪਾਕਿਸਤਾਨ ਵੱਲੋਂ ਪੇਸ਼ ਕੀਤੀ ਤਜਵੀਜ਼ ਬਾਅਦ ਆਇਆ ਹੈ। ਸੂਤਰਾਂ ਅਨੁਸਾਰ ਭਾਰਤ ਨੇ ਵੀਹ ਸਾਲ ਪਹਿਲਾਂ ਪਾਕਿਸਤਾਨ ਅੱਗੇ ਤਜਵੀਜ਼ ਪੇਸ਼ ਕੀਤੀ ਸੀ ਅਤੇ ਪਾਕਿਸਤਾਨ ਨੇ ਕੋਈ ਹੁੰਗਾਰਾ ਨਹੀਂ ਭਰਿਆ ਸੀ। ਇਸ ਤਰ੍ਹਾਂ ਦੇ ਪ੍ਰਗਟਾਵੇ ਘਟੀਆ ਸੋਚ ਦਾ ਪ੍ਰਗਟਾਵਾ ਹਨ ਤੇ ਸਿੱਖ ਹਿਰਦਿਆਂ ਨੂੰ ਵੀ ਵਲੂੰਧਰਨ ਵਾਲੇ ਹਨ।
HOME ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘੇ ਦਾ ਤੋਹਫ਼ਾ