ਜਲੰਧਰ (ਸਮਾਜਵੀਕਲੀ) – ਸਿਵਲ ਹਸਪਤਾਲ ਵਿਚ ਕਰੋਨਾਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਕਰ ਰਹੀਆਂ ਨਰਸਾਂ ਤੇ ਹੋਰ ਸਟਾਫ਼ ਨੇ ਲੋੜੀਂਦੀਆਂ ਪੀਪੀਈ ਕਿੱਟਾਂ ਨਾ ਦੇਣ ’ਤੇ ਮੈਡੀਕਲ ਸੁਪਰਡੈਂਟ ਦਫ਼ਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਕਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਨੂੰ ਦੇਖਣ ਵਾਲਾ ਸਟਾਫ਼ ਪੌਲੀਥੀਨ ਦੇ ਲਿਫਾਫੇ ਪਾਉਣ ਲਈ ਮਜਬੂਰ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਕਿੱਟਾਂ ਹੀ ਨਹੀਂ ਦਿੱਤੀਆਂ ਜਾ ਰਹੀਆਂ। ਜ਼ਿਕਰਯੋਗ ਹੈ ਕਿ ਜਲੰਧਰ ਦੇ ਸਿਵਲ ਹਸਪਤਾਲ ਨੂੰ ਕਰੋਨਾਵਾਇਰਸ ਦੇ ਮਰੀਜ਼ਾਂ ਲਈ ਆਈਸੋਲੇਟ ਵਾਰਡ ਵਜੋਂ ਤਿਆਰ ਕੀਤਾ ਗਿਆ ਹੈ।
ਪੰਜਾਬ ਸਰਕਾਰ ਤੇ ਮੈਡੀਕਲ ਸੁਪਰਡੈਂਟ ਦਾ ਪਿਟ ਸਿਆਪਾ ਕਰਦਿਆਂ ਇਨ੍ਹਾਂ ਨਰਸਾਂ ਤੇ ਚੌਥਾ ਦਰਜਾ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕਰੋਨਾਵਾਇਰਸ ਦੇ ਪੀੜਤ ਮਰੀਜ਼ਾਂ ਨੂੰ ਦਵਾਈਆਂ ਤੇ ਹੋਰ ਖਾਣਾ ਆਦਿ ਦੇਣ ਲਈ ਤਾਂ ਭੇਜਿਆ ਜਾਂਦਾ ਹੈ ਪਰ ਉਨ੍ਹਾਂ ਦੀਆਂ ਜ਼ਿੰਦਗੀਆਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ। ਇਨ੍ਹਾਂ ਪੀੜਤਾਂ ਨੇ ਇਹ ਦੋਸ਼ ਵੀ ਲਾਇਆ ਕਿ ਉਹ ਜਦੋਂ ਡਿਊਟੀ ਕਰਕੇ ਆਪਣੇ ਪਰਿਵਾਰਾਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਦਾ ਜੀਵਨ ਵੀ ਖਤਰੇ ਵਿੱਚ ਪੈ ਜਾਂਦਾ ਹੈ। ਕਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਅਤੇ ਪਾਜ਼ੇਟਿਵ ਮਰੀਜ਼ਾਂ ਨੂੰ ਦੇਖਣ ਵਾਲੀਆਂ ਨਰਸਾਂ ਵਿਚੋਂ ਬਹੁਤੀਆਂ ਠੇਕੇ ’ਤੇ ਵੀ ਰੱਖੀਆਂ ਹੋਇਆਂ ਹਨ। ਉਨ੍ਹਾਂ ਨੇ ਵੀ ਮੰਗ ਕੀਤੀ ਕਿ ਸਰਕਾਰ ਨੇ ਕਦੇ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਤੇ ਹੁਣ ਸਭ ਤੋਂ ਔਖੇ ਤੇ ਜ਼ੋਖਮ ਭਰੇ ਕੰਮ ਵਿਚ ਉਨ੍ਹਾਂ ਨੂੰ ਅੱਗੇ ਡਾਹ ਦਿੱਤਾ ਗਿਆ ਹੈ।
ਨਰਸਿੰਗ ਐਸੋਈਏਸ਼ਨ ਦੀ ਆਗੂ ਆਸ਼ਾ ਕੁਮਾਰੀ ਨੇ ਦੋਸ਼ ਲਾਇਆ ਕਿ ਨਰਸਾਂ, ਸਵੀਪਰਾਂ ਤੇ ਦਰਜਾ ਚੌਥਾ ਮੁਲਾਜ਼ਮਾਂ ਨੂੰ ਪੂਰੀਆਂ ਕਿੱਟਾਂ ਨਹੀਂ ਦਿੱਤੀਆਂ ਜਾ ਰਹੀਆਂ। ਸੀਨੀਅਰ ਡਾਕਟਰ ਮਰੀਜ਼ਾਂ ਨੂੰ ਦੇਖਣ ਨਹੀਂ ਆਉਂਦੇ ਪਰ ਉਹ ਕਿੱਟਾਂ ਪਾ ਕੇ ਬੈਠੇ ਰਹਿੰਦੇ ਹਨ। ਸੀਨੀਅਰ ਨਰਸ ਜੀਵਨ ਕਾਂਤਾ ਨੇ ਦੱਸਿਆ ਕਿ ਕੋਵਿਡ-19 ਦੇ ਪਾਜ਼ੇਟਿਵ ਮਰੀਜ਼ਾਂ ਨੂੰ ਦੇਖਣ ਲਈ ਇਕ ਸ਼ਿਫਟ ਵਿੱਚ ਸਿਰਫ ਤਿੰਨ ਕਿੱਟਾਂ ਮਿਲਦੀਆਂ ਹਨ, ਇੱਕ ਡਾਕਟਰ, ਇੱਕ ਨਰਸ ਤੇ ਇੱਕ ਸਵੀਪਰ ਨੂੰ। ਜਦ ਕਿ ਰੋਜ਼ਾਨਾ 8 ਤੋਂ 10 ਕਿੱਟਾਂ ਦੀ ਲੋੜ ਹੁੰਦੀ ਹੈ। ਰੋਸ ਪ੍ਰਗਟਾਉਣ ਵਾਲੇ ਸਟਾਫ਼ ਨੇ ਇਹ ਦੋਸ਼ ਵੀ ਲਾਇਆ ਕਿ ਕੋਵਿਡ-19 ਦੇ ਮਰੀਜ਼ਾਂ ਨੂੰ ਦੇਖਣ ਲਈ ਨਾ ਤਾਂ ਐਸਐਮਓ ਆਉਂਦਾ ਹੈ ਤੇ ਨਾ ਹੀ ਕਦੇ ਮੈਡੀਕਲ ਸੁਪਰਡੈਂਟ।
ਉਧਰ ਮੈਡੀਕਲ ਸੁਪਰਡੈਂਟ ਡਾ. ਮਨਦੀਪ ਕੌਰ ਨੇ ਦੱਸਿਆ ਕਿ ਸਮਾਨ ਦੀ ਕੋਈ ਘਾਟ ਨਹੀਂ ਹੈ। ਜਿਹੜੀ ਵੀ ਗਲਤਫਹਿਮੀ ਪੈਦਾ ਹੋਈ ਸੀ ਉਹ ਸਾਰੀ ਦੂਰ ਕਰ ਲਈ ਗਈ ਹੈ ਤੇ ਸਾਰਾ ਸਟਾਫ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ।