ਨਵੀਂ ਦਿੱਲੀ (ਸਮਾਜਵੀਕਲੀ) : ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਤੋਂ ਇਸ ਸਾਲ ਦੇ ਮੌਨਸੂਨ ਦੌਰਾਨ ਮਿਲੇ 15 ਲੱਖ ਪੌਦੇ ਲਾਉਣ ਦੇ ਟੀਚੇ ਤੋਂ ਦੁੱਗਣੇ ਪੌਦੇ ਯਾਨੀ 31 ਲੱਖ ਪੌਦੇ ਲਾਉਣ ਦਾ ਟੀਚਾ ਮਿੱਥਿਆ ਹੈ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦਿੱਲੀ ਵਿੱਚ ‘ਪੌਦੇ ਲਾਓ, ਵਾਤਾਵਰਨ ਬਚਾਓ’ ਮੁਹਿੰਮ ਦਾ ਆਗ਼ਾਜ਼ ਆਈਟੀਓ ਸਥਿਤ ਸਰਕਾਰੀ ਨਰਸਰੀ ਵਿੱਚ ਪੌਦੇ ਲਾ ਕੇ ਕੀਤਾ।
ਇਸ ਮੌਕੇ ਦਿੱਲੀ ਵਣ ਮਹਿਕਮੇ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਸ੍ਰੀ ਰਾਏ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ 15 ਲੱਖ ਪੌਦੇ ਇਸ ਵਾਰ ਲਾਉਣ ਦੇ ਟੀਚੇ ਤੋਂ ਦੁੱਗਣੇ ਤੋਂ ਵੱਧ 31 ਲੱਖ ਪੌਦੇ ਲਾਉਣ ਦਾ ਟੀਚਾ ਤੈਅ ਕੀਤਾ ਹੈ। ਇਹ ਮੁਹਿੰਮ 26 ਜੁਲਾਈ ਤੱਕ ਚੱਲੇਗੀ।
ਵਾਤਾਵਰਨ ਮੰਤਰੀ ਨੇ ਕਿਹਾ ਕਿ ਇਸ ਦੌਰਾਨ 20 ਲੱਖ ਪੌਦੇ ਵੱਡੇ ਦਰੱਖ਼ਤਾਂ ਦੇ ਤੇ 11 ਲੱਖ ਪੌਦੇ ਝਾੜੀਆਂ ਦੀ ਕਿਸਮਾਂ ਸਮੇਤ ਦਵਾਈਆਂ ਲਈ ਇਸਤੇਮਾਲ ਹੁੰਦੇ ਦਰੱਖ਼ਤਾਂ ਤੇ ਦਰਮਿਆਨ ਦਰੱਖ਼ਤਾਂ ਦੇ ਲਾਏ ਜਾਣਗੇ। ਆਮ ਲੋਕ ਦਿੱਲੀ ਦੀਆਂ 14 ਸਰਕਾਰੀ ਨਰਸਰੀਆਂ ਤੋਂ ਇਹ ਬੂਟੇ ਮੁਫ਼ਤ ਵੀ ਲੈ ਸਕਦੇ ਹਨ। ਉਪਰੋਕਤ ਟੀਚੇ ਹੇਠ ਸਰਕਾਰੀ ਮਹਿਕਮਿਆਂ ਨੂੰ 18 ਲੱਖ ਬੂਟੇ ਲਾਉਣ ਲਈ ਕਿਹਾ ਜਾਵੇਗਾ।
ਡੀਡੀਏ ਵੱਲੋਂ 9 ਲੱਖ, ਨਗਰ ਨਿਗਮਾਂ ਤੇ ਨਵੀਂ ਦਿੱਲੀ ਨਗਰ ਪਰਿਸ਼ਦ ਵੱਲੋਂ ਦੋ ਤੋਂ ਢਾਈ ਲੱਖ ਪੌਦੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਹੋਰ ਮਹਿਕਮੇ ਵੀ ਡੇਢ ਤੋਂ ਦੋ ਲੱਖ ਬੂਟੇ ਲਾਉਣਗੇ। ਸ੍ਰੀ ਰਾਏ ਨੇ ਦੱਸਿਆ ਕਿ ਆਈਟੀਓ ਦੀ ਨਰਸਰੀ ਦੇ 7 ਏਕੜ ਥਾਂ ਵਿੱਚ ਵੀ ਪੌਦੇ ਲਾਏ ਜਾਣਗੇ।
ਵਾਤਾਵਰਨ ਮੰਤਰੀ ਨੇ ਦੱਸਿਆ ਕਿ ਕਰੋਨਾ ਸਮੇਂ ਲੌਕਡਾਊਨ ਤੋਂ ਪਹਿਲਾਂ ਤੇ ਬਾਅਦ ਵਿੱਚ ਅਧਿਐਨ ਕੀਤੇ ਹਨ, ਜਿਸ ਆਧਾਰ ਉਪਰ ਦਿੱਲੀ ਸਰਕਾਰ ਪ੍ਰਦੂਸ਼ਣ ਬਾਰੇ ਕਾਰਜ ਕਰੇਗੀ। ਪਰਾਲੀ ਦੇ ਸੀਜ਼ਨ ਦੌਰਾਨ ਗੁਆਂਢੀ ਰਾਜਾਂ ਨਾਲ ਤਾਲਮੇਲ ਕਾਇਮ ਕਰਕੇ ਇਸ ਸੂਬਾਈ ਸੰਕਟ ਦਾ ਹੱਲ ਕੱਢਣ ਦੀ ਕੋਸ਼ਿਸ਼ ਪਹਿਲਾਂ ਹੀ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਦੇਸ਼ ਦੇ ਮੁੱਖ ਪ੍ਰਦੂਸ਼ਣ ਵਾਲੇ ਮਹਾਂਨਗਰਾਂ ਵਿੱਚ ਸ਼ੁਮਾਰ ਹੈ ਜਿੱਥੇ ਜਿਸਤ-ਟਾਂਕ ਫਾਰਮੂਲਾ ਸਮੇਤ ਹੋਰ ਕਈ ਕਦਮ ਬੀਤੇ 5 ਸਾਲਾਂ ਦੌਰਾਨ ਚੁੱਕਣੇ ਪਏ ਪਰ ਪ੍ਰਦੂਸ਼ਣ ਵਿੱਚ ਬਹੁਤ ਥੋੜ੍ਹਾ ਸੁਧਾਰ ਹੋਇਆ ਹੈ।