ਸ਼ਹਿਣਾ– ਇਸ ਕਸਬੇ ’ਚ ਕੁੜੀਆਂ ਦਾ ਕਾਲਜ ਬਣਾਉਣ ਲਈ ਨੀਂਹ ਪੱਥਰ ਨੂੰ ਰੱਖੇ 11 ਸਾਲ 9 ਮਹੀਨੇ ਤੋਂ ਵੱਧ ਹੋ ਗਏ ਹਨ ਪਰ ਇੰਨੇ ਸਾਲਾਂ ਵਿੱਚ ਕਾਲਜ ਬਣਿਆ ਨਹੀਂ। 16 ਅਪਰੈਲ ਨੂੰ ਨੀਂਹ ਪੱਥਰ ਰੱਖੇ ਨੂੰ ਪੂਰੇ 12 ਸਾਲ ਹੋ ਜਾਣਗੇ। ਹੁਣ ਕਸਬੇ ਦੇ ਲੋਕਾਂ ਨੇ ਕਾਲਜ ਬਣਨ ਦੀ ਆਸ ਛੱਡ ਹੀ ਦਿੱਤੀ ਹੈ। ਕਸਬੇ ’ਚ ਕੁੜੀਆਂ ਦਾ ਕਾਲਜ ਬਣਾਉਣ ਲਈ ਦਿੱਤੀ 8 ਕਿੱਲੇ ਜ਼ਮੀਨ ਵੀ ਇੰਨੇ ਸਾਲਾਂ ਤੋਂ ਬੇਅਬਾਦ ਹੈ। ਕਾਲਜ ਬਣਾਉਣ ਲਈ 16 ਅਪਰੈਲ 2008 ਨੂੰ ਨੀਂਹ ਪੱਥਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਗਠਜੋੜ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਰੱਖਿਆ ਸੀ। ਉਸ ਸਮੇਂ ਲੋਕਾਂ ’ਚ ਬੇਹੱਦ ਜੋਸ਼ ਸੀ ਕਿ ਸ਼ਹਿਣਾ ਇਲਾਕੇ ਦੀਆਂ ਲੜਕੀਆਂ ਦਾ ਕਾਲਜ ਬਣੇਗਾ। ਲੋਕਾਂ ਨੇ ਜੋਸ਼ ਹੀ ਜੋਸ਼ ’ਚ 8 ਕਿੱਲੇ ਜ਼ਮੀਨ ਨੂੰ ਭਰਤ (ਮਿੱਟੀ) ਪਾਕੇ ਤਿਆਰ ਕਰ ਦਿੱਤਾ। ਇਸ ਜ਼ਮੀਨ ਨੂੰ ਤਿਆਰ ਕਰਨ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹਿਣਾ ਨੇ ਵੀ ਉਸ ਸਮੇਂ 70-80 ਹਜ਼ਾਰ ਰੁਪਏ ਦਿੱਤੇ ਪਰ ਕਾਲਜ ਸਿਆਸਤ ਦੀ ਭੇਟ ਚੜ੍ਹ ਗਿਆ। ਨਾ ਤਾਂ ਕਾਲਜ ਹੀ ਬਣਿਆ ਹੈ ਅਤੇ ਨਾ ਹੀ ਜ਼ਮੀਨ ਦਾ ਕੁੱਝ ਬਣਿਆ। ਖਾਲ੍ਹੀ ਜ਼ਮੀਨ ’ਚ ਲੋਕਾਂ ਨੇ ਰੂੜੀਆਂ ਲਾ ਲਈਆਂ, ਜੇ ਜ਼ਮੀਨ ਠੇਕੇ ’ਤੇ ਦਿੱਤੀ ਹੁੰਦੀ ਤਾਂ ਲੱਖਾਂ ਰੁਪਏ ਤਾਂ ਬਣ ਜਾਂਦੇ। ਕਾਲਜ ਦੇ ਨੀਂਹ ਪੱਥਰ ਸਮਾਗਮ ਵਿੱਚ ਵੱਡੀ ਪੱਧਰ ’ਤੇ ਆਗੂ ਆਏ ਪਰ ਹੁਣ ਸਭ ਚੁੱਪ ਹਨ। ਦੱਸਣਯੋਗ ਹੈ ਕਿ ਜਦ ਲੋਕ ਵੱਲੋਂ ਕਾਲਜ ਬਣਾਉਣ ਦਾ ਮੁੱਦਾ ਜ਼ਿਆਦਾ ਉਠਾਇਆ ਗਿਆ ਤਾਂ ਕੁਝ ਸਿਆਸੀ ਲੋਕਾਂ ਵੱਲੋਂ ਨੀਂਹ ਪੱਥਰ ਹੀ ਗਾਇਬ ਕਰ ਦਿੱਤਾ ਗਿਆ, ਜਿਸ ਦੀ ਕੋਈ ਜਾਂਚ ਨਹੀਂ ਕੀਤੀ ਗਈ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਕਾਲਜ ਵਾਲੀ ਜਗ੍ਹਾ ਨਵੀਂ ਮੰਡੀ ਬਣਾ ਦਿੱਤੀ ਜਾਵੇ। ਕਸਬੇ ਦੇ ਭਗਤ ਨਾਮਦੇਵ ਕਮੇਟੀ ਸੁਖਵਿੰਦਰ ਸਿੰਘ ਬੇਦੀ, ਪ੍ਰਧਾਨ ਆਲ ਇੰਡੀਆ ਫਾਈਟਰ ਬਲਦੇਵ ਕੁਮਾਰ ਬਿੱਟੂ, ਮੱਖਣ ਸਿੰਘ ਪੰਧੇਰ, ਕੁਲਦੀਪ ਸਿੰਘ ਮਾਣਕ, ਮਹਿੰਦਰ ਸਿੰਘ ਬਬਲੀ, ਕਮਲੇਸ਼ ਕੁਮਾਰ, ਨਛੱਤਰ ਸਿੰਘ ਸੰਧੂ ਤੇ ਚਰਨਜੀਤ ਸਿੰਘ ਤੋਂ ਇਲਾਵਾ ਕਸਬੇ ਦੇ ਲੋਕਾਂ ਦੀ ਮੰਗ ਹੈ ਕਿ ਕਾਂਗਰਸ ਸਰਕਾਰ ਕਾਲਜ ਬਣਾਉਣ ਲਈ ਕੁਝ ਕਰੇ। ਵਿਧਾਨ ਸਭਾ ਚੋਣਾਂ ਸਾਲ 2017 ਸਮੇਂ ਸ਼ਹਿਣਾ ਦੇ ਕਾਂਗਰਸੀ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਕੋਲ ਇਹ ਕਾਲਜ ਬਣਾਉਣ ਦੀ ਮੰਗ ਰੱਖੀ ਸੀ ਅਤੇ ਉਨ੍ਹਾਂ ਨੇ ਸਰਕਾਰ ਬਣਨ ’ਤੇ ਕਾਲਜ ਬਣਾਉਣ ਦਾ ਵਾਅਦਾ ਵੀ ਕੀਤਾ ਸੀ।
INDIA ਪੌਣੇ 12 ਸਾਲਾਂ ਵਿੱਚ ਸੇਰ ਵਿੱਚੋਂ ਪੂਣੀ ਵੀ ਨਾ ਕੱਤੀ