ਮੋਗਾ (ਸਮਾਜਵੀਕਲੀ) : ਦੇਸ਼ ਵਿਆਪੀ ਪੌਣੇ ਦੋ ਮਹੀਨੇ ਦੇ ਕਰਫ਼ਿਊ ਮਗਰੋਂ ਜ਼ਿੰਦਗੀ ਨੇ ਮੁੜ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਸਵੇਰ ਤੋਂ ਹੀ ਬਾਜ਼ਾਰ ਖੁੱਲ ਗਏ ਅਤੇ ਤਹਿਸੀਲਾਂ ’ਚ ਜ਼ਮੀਨਾਂ ਦੀਆਂ ਰਜਿਸਟਰੀਆਂ ਦਾ ਕੰਮ ਸ਼ੁਰੂ ਹੋਣ, ਫ਼ਰਦ ਤੇ ਸੇਵਾ ਕੇਂਦਰ ਖੁੱਲਣ ਨਾਲ ਰੌਣਕਾਂ ਪਰਤ ਆਈਆਂ ਹਨ। ਹਾਲਾਂਕਿ ਤਹਿਸੀਲਾਂ ’ਚ ਵਿਆਹ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਨਾ ਹੋਣ ਕਾਰਨ ਪਰਵਾਸੀ ਪਰੇਸ਼ਾਨ ਹਨ।
ਸਥਾਨਕ ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਨੇ ਦਿੱਸਆ ਕਿ ਅੱਜ ਪਹਿਲੇ ਦਿਨ ਜ਼ਮੀਨਾਂ ਦੀਆਂ ਰਜਿਸਟਰੀਆਂ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਜਿਸਟਰੀ ਕਰਨ ਦਾ ਸਮਾਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਵੱਲੋਂ 10 ਵਜੇ ਤੋਂ 1 ਵਜੇ ਤੱਕ ਦਾ ਮੁਕਰਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਵਸੀਅਤ ਨਾਮਾ ਸਮੇਤ ਤਕਰੀਬਨ 20 ਰਜਿਸਟਰੀਆਂ ਕੀਤੀਆਂ ਹਨ।
ਇਸ ਦੌਰਾਨ ਬਾਜ਼ਾਰ ਸਵੇਰੇ 7 ਵਜੇ ਹੀ ਖੁੱਲ ਗਏ। ਲੋਕ ਵੀ ਖਰੀਦਦਾਰੀ ਕਰਨ ਲਈ ਘਰਾਂ ਵਿੱਚੋਂ ਨਿਕਲ ਰਹੇ ਸਨ ਉਂਝ ਅਜੇ ਵੀ ਬਹੁਤੀਆਂ ਦੁਕਾਨਾਂ ਬੰਦ ਹੀ ਦਿੱਸੀਆਂ। ਇਸ ਮੌਕੇ ਪੁਲੀਸ ਬਾਜ਼ਾਰਾਂ ‘ਤੇ ਖਾਸ ਖਿਆਲ ਰੱਖ ਰਹੀ ਹੈ।