ਥਾਣਾ ਝਬਾਲ ਦੀ ਪੁਲੀਸ ਨੇ ਪਿੰਡ ਪੰਜਵੜ ਦੇ ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ ਸੱਤ ਲੱਖ ਰੁਪਏ ਦੀ ਲੁੱਟ ਕਰਨ ਵਾਲੇ ਲੁਟੇਰੇ ਨੂੰ 500 ਗਰਾਮ ਹੈਰੋਇਨ ਅਤੇ ਇਕ ਖਿਡੌਣਾ ਪਿਸਤੌਲ ਸਮੇਤ ਕਾਬੂ ਕੀਤਾ ਹੈ| ਲੁਟੇਰੇ ਦੀ ਪਛਾਣ ਮਨਜ਼ੂਰ ਮਸੀਹ ਵਾਸੀ ਭੋਜੀਆਂ ਵਜੋਂ ਹੋਈ ਹੈ। ਇਸ ਵਾਰਦਾਤ ਵਿਚ ਮਨਜ਼ੂਰ ਮਸੀਹ ਦੇ ਤਿੰਨ ਹੋਰ ਸਾਥੀ ਵੀ ਸ਼ਾਮਲ ਸਨ ਜਿਨ੍ਹਾਂ ਵਿਚੋਂ ਗੁਰਪ੍ਰੀਤ ਸਿੰਘ ਗੋਪੀ ਨੂੰ ਵੀ ਕਾਬੂ ਕੀਤਾ ਗਿਆ ਹੈ| ਗੁਰਪ੍ਰੀਤ ਖ਼ੁਦ ਵੀ ਪੈਟਰੋਲ ਪੰਪ ਦਾ ਕਰਿੰਦਾ ਸੀ ਅਤੇ ਉਸ ਨੇ ਵੀ ਇਸ ਵਾਰਦਾਤ ਦੀ ਯੋਜਨਾ ਬਣਾਈ ਸੀ। ਇਹ ਜਾਣਕਾਰੀ ਅੱਜ ਐਸਪੀ (ਜਾਂਚ) ਹਰਜੀਤ ਸਿੰਘ ਗਰੇਵਾਲ ਵਲੋਂ ਦਿੱਤੀ ਗਈ| ਉਨ੍ਹਾਂ ਦੱਸਿਆ ਕਿ ਫ਼ਰਾਰ ਹੋਏ ਲੁਟੇਰਿਆਂ ਦੀ ਸ਼ਨਾਖਤ ਪਿੰਡ ਭੋਜੀਆਂ ਵਾਸੀ ਲੱਖਾ ਅਤੇ ਮਹੇਸੀ ਵਜੋਂ ਹੋਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪੁਲੀਸ ਨੇ ਚਾਰ ਹੋਰਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 600 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਨਜ਼ੂਰ ਮਸੀਹ ਕੋਲੋਂ ਲੁੱਟੀ ਹੋਈ ਰਕਮ ਵਿਚੋਂ 4,28,800 ਰੁਪਏ ਵੀ ਬਰਾਮਦ ਕੀਤੇ ਗਏ ਹਨ| ਉਨ੍ਹਾਂ ਦੱਸਿਆ ਕਿ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਵਲੋਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ| ਜਾਣਕਾਰੀ ਅਨੁਸਾਰ ਸਥਾਨਕ ਨਾਰਕੋਟਿਕ ਸਟਾਫ਼ ਦੇ ਇੰਚਾਰਜ ਸਬ ਇੰਸਪੈਕਟਰ ਸੁਖਰਾਜ ਸਿੰਘ ਦੀ ਅਗਵਾਈ ਵਾਲੀ ਪੁਲੀਸ ਵਲੋਂ ਤਰਨ ਤਾਰਨ-ਅੰਮ੍ਰਿਤਸਰ ਸੜਕ ’ਤੇ ਪਿੰਡ ਠੱਠੀਖਾਰਾ ਤੋਂ ਲਾਭ ਸਿੰਘ ਲੱਭਾ ਅਤੇ ਅੰਮ੍ਰਿਤਸਰ ਵਾਸੀ ਬਲਵੰਤ ਸਿੰਘ ਰਾਜਾ ਨੂੰ 275 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ| ਇਸ ਤੋਂ ਇਲਾਵਾ ਪਿੰਡ ਚੂਸਲੇਵੜ੍ਹ ਤੋਂ ਆਈ-20 ’ਤੇ ਜਾਂਦੇ ਦੋ ਜਣਿਆਂ ਕੋਲੋਂ 325 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਅੰਗਰੇਜ਼ ਸਿੰਘ ਅਤੇ ਰੂਪ ਚੰਦ ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਖਿਲਾਫ਼ ਭਵਿੱਖ ਵਿੱਚ ਵੀ ਕਾਰਵਾਈ ਜਾਰੀ ਰੱਖੀ ਜਾਵੇਗੀ।
INDIA ਪੌਣੇ ਦੋ ਕਿਲੋ ਹੈਰੋਇਨ ਸਣੇ ਦਸ ਗ੍ਰਿਫ਼ਤਾਰ