ਮੋਗਾ– ਦੇਸ਼ ਵਿਆਪੀ ਤਾਲਾਬੰਦੀ ਤੋਂ ਬਾਅਦ 30 ਤੇ 31 ਮਾਰਚ ਨੂੰ ਸੂਬਾ ਭਰ ਵਿੱਚ ਬੈਂਕ ਖੁੱਲ੍ਹੇ ਰੱਖਣ ਦੇ ਹੁਕਮ ਦਿੱਤੇ ਗਏ ਸਨ। ਇੱਥੇ ਬੈਂਕ ਖੁੱਲ੍ਹਦੇ ਹੀ ਜਿੱਥੇ ਬਾਹਰ ਲੰਮੀਆਂ ਕਤਾਰਾਂ ਨੇ ਨੋਟਬੰਦੀ ਦੇ ਦਿਨ ਯਾਦ ਕਰਵਾ ਦਿੱਤੇ, ਉੱਥੇ ਲੋਕਾਂ ਤੇ ਬੈਂਕ ਸਟਾਫ਼ ਨੇ ਸਰਕਾਰੀ ਹਦਾਇਤਾਂ ਦਾ ਭੋਗ ਪਾ ਦਿੱਤਾ। ਇਸ ਮੌਕੇ ਨਕਦੀ ਕਢਵਾਉਣ ਲਈ ਆਏ ਲੋਕਾਂ ’ਚ ਫ਼ਾਸਲਾ ਵੀ ਨਹੀਂ ਸੀ ਅਤੇ ਨਕਦੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਨਿਰਾਸ਼ ਮੁੜਨਾ ਪਿਆ। ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਜ਼ਿਲ੍ਹਾ ਸਕੱਤਰ ਤੇ ਕਾਮਰੇਡ ਕੁਲਦੀਪ ਭੋਲਾ ਨੇ ਦੱਸਿਆ ਕਿ ਉਹ ਅਤੇ ਹੋਰ ਲੋਕ ਪੰਜਾਬ ਨੈਸ਼ਨਲ ਬੈਂਕ, ਨੈਸਲੇ ਬਰਾਂਚ ਵਿੱਚੋਂ ਨਕਦੀ ਲੈਣ ਆਏ ਸਨ ਪਰ ਉਨ੍ਹਾਂ ਨੂੰ ਨਕਦੀ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਯੂਕੋ ਬਰਾਂਚ ਅੱਗੇ ਵੀ ਲੰਮੀ ਕਤਾਰ ਲੱਗੀ ਸੀ ਅਤੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਕ ਵੱਲੋਂ ਵਾਪਸ ਮੋੜ ਦਿੱਤਾ ਗਿਆ ਹੈ। ਬੈਂਕ ਮੈਨੇਜਰਾਂ ਨੇ ਦਾਅਵਾ ਕੀਤਾ ਕਿ ਬੈਂਕ ਸਿਰਫ਼ ਵਿੱਤੀ ਸਾਲ 31 ਮਾਰਚ ਦੀ ਕਲੋਜਿੰਗ ਕਰਕੇ ਖੁੱਲ੍ਹੇ ਹਨ ਤੇ ਉਹ ਆਪਣਾ ਕੰਮ ਨਿਪਟਾਉਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭੀੜ ਜਮ੍ਹਾਂ ਹੋਣ ਉੱਤੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਪੁਲੀਸ ਨੇ ਲੋਕਾਂ ਨੂੰ ਖਿੰਡਾ ਦਿੱਤਾ ਤੇ ਉਨ੍ਹਾਂ ਨੂੰ ਨਿਰਾਸ਼ ਮੁੜਨਾ ਪਿਆ।
INDIA ਪੈਸੇ ਕਢਵਾਉਣ ਲਈ ਲੋਕਾਂ ਨੇ ਛਿੱਕੇ ਟੰਗੀਆਂ ਹਦਾਇਤਾਂ