(ਸਮਾਜ ਵੀਕਲੀ)
ਸਾਡੇ ਮਨ ਵਿੱਚ ਧਾਰਮਿਕ-ਗਹਿਰੀਆਂ ਦੀਆਂ ਪਰਤਾਂ ਉਹਲੇ ‘ਪੈਰ’ ਅਪਵਿੱਤਰ ਅੰਗ ਹਨ। ਅਸੀਂ ਉਹਨਾਂ ਪੈਰਾਂ ਦੀ ਧੂੜ ਬਨਣਾ ਤਾਂ ਜਰੂਰ ਲੋਚਦੇ ਹਾਂ ਜੋ ਕਿਸੇ ਧਾਰਮਿਕ ਸਥਾਨ ਵੱਲ ਜਾਂਦੇ ਹਨ ਪਰ ਕਿਸੇ ਧਾਰਮਿਕ ਸਥਾਨ ਵੱਲ ਪੈਰ ਕਰਨਾ ਅਸੀਂ ਗਲਤ ਸਮਝਦੇ ਹਾਂ। ਸਾਨੂੰ ਇਹ ਯਕੀਨ ਨਹੀਂ ਬੱਝਾ ਕਿ ਅੱਖਾਂ, ਹੱਥਾਂ, ਕੰਨਾਂ ਅਤੇ ਸਰੀਰ ਦੇ ਹੋਰ ਸਾਰੇ ਅੰਗਾਂ ਵਾਂਗ ਪੈਰ ਵੀ ਸਾਡਾ ਹੀ ਅੰਗ ਹਨ।
ਸਰੀਰ ਦੇ ਹੋਰ ਅੰਗਾਂ ਵਾਂਗ ਹੀ ਕੀਮਤੀ ਵੀ। ਕਿਸੇ ਪਵਿੱਤਰ ਗੁਟਕੇ ਜਾਂ ਕਿਤਾਬ ਨਾਲ ਲੱਗੇ ਪੈਰ ਦੀ ਭੁੱਲ ਅਸੀਂ ਕਿਤਾਬ ਨੂੰ ਮੁੜ ਮੱਥੇ ਨਾਲ ਲਾ ਕੇ ਬਖਸ਼ਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਿਨ੍ਹਾਂ ਪੈਰਾਂ ਸਹਾਰੇ ਚੱਲ ਕੇ ਅਸੀਂ ਦੁਨੀਆਂ ਦੀਆਂ ਸੈਕੜੇ-ਹਜ਼ਾਰਾਂ ਥਾਵਾਂ ਵੇਖਦੇ ਹਾਂ, ਉਹਨਾਂ ਨਿਗਾਵਾਂ ਵਿੱਚ ਹੀ ਪੈਰਾਂ ਦੀ ਅਜੇ ਤੱਕ ਕਦਰ ਨਹੀਂ ਉਪਜੀ। ਲੋਕ ਗੀਤਾਂ ਵਿੱਚ ਪੈਰਾਂ ਨੂੰ ਮੂੰਹ ਤੋਂ ਵੀ ਵੱਧ ਮਹੱਤਤਾ ਦਿੱਤੀ ਜਾਂਦੀ ਸੀ।
“ਪਹਿਲਾਂ ਚੁੰਮਾਂ ਪੈਰ ਤੇਰੇ ਯਾਰ
ਫੇਰ ਤੇਰਾ ਮੁੱਖ ਚੁੰਮਾਂ”
ਜਿਵੇਂ ਕਿ ਮਹਾਨ ਫਿਲਾਸਫਰ ‘ਓਸ਼ੋ’ ਦਾ ਕਹਿਣਾ ਹੈ ਕਿ “ਅਸੀਂ ਜਨਣ-ਇੰਦਰੀ ਨੂੰ ਕਦੇ ਵੀ ਆਪਣੇ ਸਰੀਰ ਦਾ ਹਰਮਨ-ਪਿਆਰਾ ਅੰਗ ਨਹੀਂ ਬਣਾਉਂਦੇ। ਅਸੀਂ ਬੁੱਢੇ ਹੋ ਜਾਂਦੇ ਹਾਂ ਪਰ ਓਦੋਂ ਤੱਕ ਵੀ ਸਾਡੇ ਮਨਾਂ ‘ਚ ਜਨਣ-ਇੰਦਰੀ ਬਾਰੇ ਇੱਕ ਫਾਸਲਾ ਇੱਕ ਅਣ-ਖੋਲਿਆ-ਭੇਦ ਬਣਿਆ ਹੀ ਰਹਿੰਦਾ ਹੈ। ਇੱਕ ਬੱਚੇ ਨੂੰ ਅਸੀਂ ਹਮੇਸ਼ਾ ਜਨਣ-ਇੰਦਰੀ ਨੂੰ ਸਪਰਸ਼ ਕਰਨੋ ਰੋਕਦੇ ਜਰੂਰ ਹਾਂ ਪਰ ਕਦੇ ਵੀ ਉਸਨੂੰ ਉਸ ਬਾਰੇ ਸਮਝਾਉਂਦੇ ਨਹੀਂ। ਇਸ ਫਾਸਲੇ ਕਰਕੇ ਬੱਚੇ ਤੋਂ ਨੌਜਵਾਨ ਤੱਕ ਅਤੇ ਫਿਰ ਬਜ਼ੁਰਗ ਹੋਣ ਤੱਕ ਉਹ ਅਗਿਆਤ ਹੀ ਰਹਿੰਦਾ ਹੈ ਕਿਉਂਕਿ ਅਸੀਂ ਜਨਣ-ਇੰਦਰੀ ਨੂੰ ਸਰੀਰ ਦੇ ਬਾਕੀ ਅੰਗਾਂ ਵਾਂਗ ਕਬੂਲ ਹੀ ਨਹੀਂ ਕਰਦੇ”।
ਇਹੀ ਭੇਦ-ਭਾਵ ਅਸੀਂ ਪੈਰਾਂ ਨਾਲ ਵੀ ਕਰਦੇ ਹਾਂ। ਪੈਰੀਂ ਹੱਥ ਲਾ ਕੇ ਨਿਮਰਤਾ ਦਾ ਅਹਿਸਾਸ ਜਗਾਉਣ ਵਾਲਾ ਅੰਗ ਵੀ ਪੈਰ ਹੀ ਹਨ। ਪੈਰਾਂ ਨੂੰ ਵੀ ਬਾਹਾਂ ਵਾਂਗ, ਬਾਹਾਂ ‘ਚ ਲੈਣਾ ਚਾਹੀਦਾ ਹੈ। ਸ਼ਾਇਦ ਅਸੀਂ ਕਦੇ ਹੀ ਸੋਚਿਆ ਹੋਵੇ ਕਿ ਸਾਡੇ ਸਰੀਰ ਦੀ ਸ਼ੁਰੂਆਤ ਸਿਰ ਤੋਂ ਇਲਾਵਾ ਪੈਰਾਂ ਤੋਂ ਵੀ ਹੁੰਦੀ ਹੈ। ਪੈਰ ਹੀ ਸਾਡੀ ਤੋਰ ਨਿਸ਼ਚਿਤ ਕਰਦੇ ਹਨ ਅਤੇ ਤੋਰ ਹੀ ਸਾਡੀ ਸੋਚ ਪ੍ਰਗਟ ਕਰਦੀ ਹੈ। ਪੈਰਾਂ ‘ਚ ਡਿੱਗੀ ਕੋਈ ਚੀਜ਼ ਅਪਵਿੱਤਰ ਹੋ ਜਾਂਦੀ ਹੈ ਕਿਉਂਕਿ ਸਾਡੇ ਲਈ ਪੈਰ ਹੀ ਅਪਵਿੱਤਰ ਚੀਜ਼ ਹਨ। ਪਰ ਕੁਦਰਤ ਦਾ ਕਣ-ਕਣ ਘਟ-ਘਟ ਇੱਕੋ ਜਿਹੀ ਚੀਜ਼ ਹੈ।
ਕੁਦਰਤ ਦਾ ਕਿਸੇ ਪਾਸੇ ਸਿਰ ਨਹੀਂ ਅਤੇ ਕਿਸੇ ਪਾਸੇ ਪੈਰ ਨਹੀਂ। ਇਸੇ ਤਰ੍ਹਾਂ ਸਾਡੇ ਪੈਰਾਂ ‘ਚ ਡਿੱਗੀ ਚੀਜ਼ ਕੁਦਰਤ ਦੇ ਕਣ ‘ਚ ਡਿੱਗੀ ਹੈ। ਕੁਦਰਤ ਦਾ ਕੋਈ ਵੀ ਕਣ ਅਪਵਿੱਤਰ ਕਿਵੇਂ ਹੋ ਸਕਦਾ ਹੈ? ਸਵੇਰੇ ਨੰਗੇ ਪੈਰ ਗਿੱਲੇ ਘਾਹ ‘ਤੇ ਸੈਰ ਕਰਨਾ ਸਾਡੇ ਸਰੀਰ ਦੀਆਂ ਕਿੰਨੀਆਂ ਬਿਮਾਰੀਆਂ ਦਾ ਖਾਤਮਾਂ ਕਰਦਾ ਹੈ। ਖੜੇ ਅਤੇ ਅੜੇ ਪੈਰ ਸਥਿਰ ਜਜ਼ਬੇ ਦੀ ਨਿਸ਼ਾਨੀ ਹੁੰਦੇ ਹਨ। ਕੋਈ ਵੀ ਬਲੀਦਾਨ ਜਾਂ ਕੁਰਬਾਨੀ ਅੜੇ ਪੈਰ ਅਤੇ ਸਥਿਰ ਜਜ਼ਬੇ ਬਿਨ੍ਹਾਂ ਨਹੀਂ ਹੋ ਸਕਦੀ। ਓਹੀ ਪੈਰ ਕਿਸੇ ਬਚਨ, ਇਰਾਦੇ, ਮੰਜ਼ਿਲ ਲਈ ਬਚਨ-ਬੱਧ ਸਨ।
ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਧਰਮ, ਸਾਰੇ ਗ੍ਰੰਥ ਚਰਨੀ ਲੱਗਣ ਨੂੰ ਉੱਚਿਤ ਮੰਨਦੇ ਹਨ ਪਰ ਏਨੇ ਧਰਮ, ਏਨੇ ਗ੍ਰੰਥਾਂ ਬਾਵਜੂਦ ਅਸੀਂ ਚਰਨਾਂ ਨੂੰ ਅਪਵਿੱਤਰ ਹੀ ਮੰਨਦੇ ਹਾਂ। ਪੰਜਾਬੀਆਂ ਦੇ ਸੁਭਾਅ ‘ਚ ਪੈਰ ਅੜਾ ਕੇ ਕਿਸੇ ਬਚਨ ‘ਤੇ ਖਰਾ-ਉਤਰਨਾ ਅਤੇ ਪੰਜਾਬੀਆਂ ਦੀ ਮੜਕ ਨੂੰ ਦਰਸਾਉਂਦੀਆਂ ਕਈ ਕਹਾਵਤਾ ਹਨ ਜਿਵੇਂ ਕਿ :-
“ਤੁਰਨਾ ਮੜਕ ਦੇ ਨਾਲ
ਦੋ ਪੈਰ ਘੱਟ ਤੁਰਨਾ।”
ਜਾਂ
“ਸਾਡੇ ਤਾਂਗੇ ਨੇ ਮੜਕ ਨਾਲ ਤੁਰਨਾ
ਜੇ ਕਾਹਲੀ ਏ ਤਾਂ ਰੇਲ਼ ਚੜਜਾ।”
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੈਰ ਸਾਡੇ ਸਰੀਰ ਦਾ ਅੱਤ ਜਰੂਰੀ ਅਤੇ ਅੱਤ ਨੇੜਲਾ ਅੰਗ ਹਨ। ਇਸਨੂੰ ਨਫਰਤ ਜਾਂ ਪਵਿੱਤਰ/ਅਪਵਿੱਤਰ ਦੀਆਂ ਪੁਰਾਣੀਆਂ ਐਨਕਾਂ ਲਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਇਹੀ ਸਮਝਣਾ ਚਾਹੀਦਾ ਹੈ ਕਿ ਪੈਰਾਂ ਨਾਲ ਲੱਗੀ ਜਾਂ ਪੈਰਾਂ ‘ਚ ਡਿੱਗੀ ਕੋਈ ਵੀ ਚੀਜ਼ ਅਪਵਿੱਤਰ ਨਹੀਂ ਹੋ ਜਾਂਦੀ।
ਕੁਲਦੀਪ ਨਿਆਜ਼
‘ਨੰਗਲਾ’ (ਸੰਗਰੂਰ)
ਮੋ: 99143-63437