ਬਠਿੰਡਾ-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਚੱਲ ਰਹੀ ਸਮੈਸਟਰ ਪ੍ਰੀਖਿਆ ’ਚ ਹੋਏ ਪੇਪਰ ਲੀਕ ਮਾਮਲੇ ਦੀ ਪੜਤਾਲ ਵਿੱਢ ਦਿੱਤੀ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿਚ ’ਵਰਸਿਟੀ ਦੀ ਡੀਨ (ਅਕਾਦਮਿਕ ਮਾਮਲੇ) ਸਬੀਨਾ ਬਾਂਸਲ, ਡੀਨ (ਵਿਦਿਆਰਥੀ ਭਲਾਈ) ਪਰਮਜੀਤ ਸਿੰਘ, ਕੰਟ੍ਰੋਲਰ (ਪ੍ਰੀਖਿਆਵਾਂ) ਕਰਨਵੀਰ ਸਿੰਘ, ਇਲੈਕਟ੍ਰੌਨਿਕਸ ਵਿਭਾਗ ਦੇ ਪ੍ਰੋ. ਆਰ.ਕੇ.ਬਾਂਸਲ ਅਤੇ ਪ੍ਰੋ. ਅਸ਼ੀਸ਼ ਸ਼ਾਮਿਲ ਹਨ। ਇਸ ਪੜਤਾਲ ਕਮੇਟੀ ਨੇ ਅੱਜ ਦੁਪਹਿਰ ਮਗਰੋਂ ਆਪਣੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਸੂਤਰਾਂ ਅਨੁਸਾਰ ਅੱਜ ਪੜਤਾਲ ਦੌਰਾਨ ਕਰੀਬ ਅੱਠ ਵਿਦਿਆਰਥੀਆਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ ਜਿਨ੍ਹਾਂ ਨੂੰ ਬੀਤੇ ਕੱਲ ਹੋਸਟਲ ਚੋਂ ਲੀਕ ਹੋਏ ਪ੍ਰਸ਼ਨ ਪੱਤਰ ਨਾਲ ਫੜਿਆ ਗਿਆ ਸੀ। ਦੱਸਣਯੋਗ ਹੈ ਕਿ ਕੱਲ ’ਵਰਸਿਟੀ ਪ੍ਰਬੰਧਕਾਂ ਨੇ ਕੈਂਪਸ ਦੇ ਹੋਸਟਲ ਵਿਚ ਛਾਪਾ ਮਾਰ ਕੇ ਕੁਝ ਵਿਦਿਆਰਥੀ ਫੜੇ ਸਨ ਜਿਨ੍ਹਾਂ ਨੂੰ ਵਟਸਐਪ ਗਰੁੱਪ ’ਤੇ ਲੀਕ ਹੋਇਆ ਪ੍ਰਸ਼ਨ ਪੱਤਰ ਮਿਲਿਆ ਸੀ। ’ਵਰਸਿਟੀ ਨੇ ਬੀਤੇ ਦਿਨ ਦਾ ਪੇਪਰ ਰੱਦ ਕਰ ਦਿੱਤਾ ਸੀ ਅਤੇ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਮਾਮਲੇ ਦੀ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਸਨ। ਵਿਦਿਆਰਥੀਆਂ ਨੇ ਕਬੂਲ ਕੀਤਾ ਸੀ ਕਿ ਉਨ੍ਹਾਂ ਨੂੰ ਪੰਜ ਸੌ ਰੁਪਏ ਵਿਚ ਪ੍ਰਸ਼ਨ ਪੱਤਰ ਮਿਲਿਆ ਹੈ।
ਸੂਤਰਾਂ ਅਨੁਸਾਰ ਅੱਜ ਸ਼ੱਕੀ ਵਿਦਿਆਰਥੀ ਆਪਣੇ ਮਾਪਿਆਂ ਸਮੇਤ ਕੈਂਪਸ ਪੁੱਜੇ ਹੋਏ ਸਨ ਜੋ ਜਾਂਚ ਕਮੇਟੀ ਅੱਗੇ ਪੇਸ਼ ਹੋਏ। ਇੱਕ ਵਿਦਿਆਰਥੀ ਨੇ ਬਿਆਨ ਲਿਖਾਏ ਹਨ ਕਿ ਉਸ ਨੂੰ ਲਹਿਰਾਗਾਗਾ ਦੇ ਕਿਸੇ ਕਾਲਜ ਦੇ ਵਿਅਕਤੀ ਤੋਂ ਪ੍ਰਸ਼ਨ ਪੱਤਰ ਮੌਕੇ ’ਤੇ ਹੀ ਵਟਸਐਪ ਗਰੁੱਪ ਵਿਚ ਪ੍ਰਾਪਤ ਹੋਇਆ ਸੀ। ਬਾਕੀ ਸਾਰੇ ਵਿਦਿਆਰਥੀ ਵੀ ਇੱਕੋ ਰਟੀ ਰਟਾਈ ਬੋਲੀ ਬੋਲ ਰਹੇ ਹਨ।
HOME ਪੇਪਰ ਲੀਕ ਮਾਮਲਾ: ਬਠਿੰਡਾ ’ਵਰਸਿਟੀ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ