ਪਿੰਡਾਂ ਵਿਚ ਗਰੀਬਾਂ ਨੂੰ 10-10 ਮਰਲੇ ਦੇ ਪਲਾਟ ਦੇਣ ਦੇ ਲਾਏ ਜਾ ਰਹੇ ਲਾਰਿਆਂ ਖ਼ਿਲਾਫ਼ ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦਿੱਤਾ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਗਰੀਬਾਂ ਨੂੰ ਪਲਾਟ ਦੇਣ ਅਤੇ ਉਨ੍ਹਾਂ ਦੀਆਂ ਹੋਰ ਹੱਕੀ ਮੰਗਾਂ ਦਾ ਹੱਲ ਨਹੀਂ ਕੱਢਿਆ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਧਰਨਾਕਾਰੀ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਇਕੱਠੇ ਹੋਏ, ਜਿੱਥੋਂ ਮੁਜ਼ਾਹਰਾ ਕਰਦੇ ਹੋਏ ਡੀਸੀ ਦਫ਼ਤਰ ਸਾਹਮਣੇ ਪੁੱਜੇ। ਧਰਨਾ ਦੇਣ ਤੋਂ ਬਾਅਦ ਜਥੇਬੰਦੀ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਤੇ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੋਸ਼ ਲਾਇਆ ਕਿ ਵਾਅਦੇ ਕਰਨ ਵਾਲੀ ਕਾਂਗਰਸ ਸਰਕਾਰ ਨੇ ਵੀ ਪੇਂਡੂ ਮਜ਼ਦੂਰਾਂ ਦੇ ਪੱਲੇ ਕੁੱਝ ਨਹੀਂ ਪਾਇਆ। ਰਿਹਾਇਸ਼ੀ ਪਲਾਟਾਂ, ਮਗਨਰੇਗਾ ਦੇ ਰੁਜ਼ਗਾਰ ਅਤੇ ਕੱਚੇ ਮਕਾਨ ਪੱਕੇ ਕਰਨ ਦੇ ਨਾਂ ’ਤੇ ਮਜ਼ਦੂਰਾਂ ਦੀ ਗਰੀਬੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤੇ ਪੱਤਰ ਵਿੱਚ ਅਧਿਕਾਰੀਆਂ ਨੂੰ ਹਰ ਪਿੰਡ ਵਿੱਚ 10 ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ ਅਤੇ 5 ਪਰਿਵਾਰਾਂ ਨੂੰ ਮਕਾਨ ਉਸਾਰੀ ਲਈ ਗਰਾਂਟ ਅਪਰੈਲ ਤੱਕ ਦੇਣ ਸਬੰਧੀ ਸ਼ਨਾਖਤ ਕਰਨ ਦੇ ਆਦੇਸ਼ ਇਸ ਦੀ ਪ੍ਰਤੱਖ ਉਦਾਹਰਣ ਹੈ। ਮਗਨਰੇਗਾ ਤਹਿਤ ਮਿਲਣ ਵਾਲਾ ਰੁਜ਼ਗਾਰ ਵੀ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਗਿਆ ਹੈ। ਧਰਨਾਕਾਰੀਆਂ ਨੇ ਰਿਹਾਇਸ਼ੀ ਪਲਾਟ, ਮਕਾਨ ਉਸਾਰੀ ਲਈ ਗਰਾਂਟ, ਕੱਚੇ ਮਕਾਨ ਪੱਕੇ ਕਰਨ ਲਈ ਗਰਾਂਟ, ਰੁਜ਼ਗਾਰ ਦੇਣ ਦੇ ਨਾਲ ਹੋਰ ਮੰਗਾਂ ਨੂੰ ਹੱਲ ਕਰਨ ਦੀ ਮੰਗ ਵੀ ਕੀਤੀ। ਇਸ ਸਮੇਂ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਬਖਸ਼ ਕੌਰ ਸਾਦਿਕਪੁਰ, ਚੰਨਣ ਸਿੰਘ ਬੁੱਟਰ, ਮੱਖਣ ਸਿੰਘ ਕੰਦੋਲਾ, ਬਲਵਿੰਦਰ ਕੌਰ ਦਿਆਲਪੁਰ ਤੇ ਭਰਾਤਰੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਦੇ ਸੁਰਜੀਤ ਸਿੰਘ ਸਮਰਾ ਨੇ ਵੀ ਧਰਨਾਕਾਰੀਆਂ ਸੰਬੋਧਨ ਕੀਤਾ।
INDIA ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ