ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੁਲਵਾਮਾ ਦਹਿਸ਼ਤੀ ਹਮਲੇ ਨੂੰ ਭਾਰਤ ਦੀ ਰੂਹ ’ਤੇ ਹਮਲਾ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਮੇਤ ਪੂਰੀ ਵਿਰੋਧੀ ਧਿਰ ਸਰਕਾਰ ਅਤੇ ਸੁਰੱਖਿਆ ਬਲਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਜਾਂ ਗੁੱਸੇ ਨਾਲ ਭਾਰਤ ਵਿੱਚ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ। ਉਧਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਦਹਿਸ਼ਤੀ ਤਾਕਤਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ ਤੇ ਇਸ ਅਲਾਮਤ ਨਾਲ ਮਿਲ ਕੇ ਸਿੱਝਿਆ ਜਾਵੇਗਾ। ਇਥੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸੀਨੀਅਰ ਪਾਰਟੀ ਆਗੂਆਂ ਗੁਲਾਮ ਨਬੀ ਆਜ਼ਾਦ ਤੇ ਏ.ਕੇ.ਐਂਟਨੀ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘ਇਹ ਬਹੁਤ ਖ਼ੌਫਨਾਕ ਘਟਨਾ ਹੈ। ਅਜਿਹੀ ਹਿੰਸਾ ਸਾਡੇ ਸਭ ਤੋਂ ਅਹਿਮ ਭਾਰਤੀਆਂ, ਸਾਡੇ ਫ਼ੌਜੀਆਂ ਖ਼ਿਲਾਫ਼ ਕੀਤੀ ਗਈ ਹੈ। ਮੈਂ ਇਹ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਇਸ ਦਹਿਸ਼ਤੀ ਹਮਲੇ ਦਾ ਮੁੱਖ ਨਿਸ਼ਾਨਾ ਮੁਲਕ ਵਿੱਚ ਵੰਡੀਆਂ ਪਾਉਣਾ ਹੈ ਅਤੇ ਲੋਕ ਕਿੰਨੀ ਵੀ ਕੋਸ਼ਿਸ਼ ਕਰ ਲੈਣ, ਅਸੀਂ ਇਕ ਸਕਿੰਟ ਲਈ ਵੀ ਇਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ।’ ਰਾਹੁਲ ਨੇ ਜ਼ੋਰ ਦੇ ਕੇ ਕਿਹਾ ਕਿ ਦਹਿਸ਼ਤੀ ਹਮਲਾ ‘ਭਾਰਤ ਦੀ ਰੂਹ ਉੱਤੇ ਹਮਲਾ ਹੈ’ ਅਤੇ ਜਿਨ੍ਹਾਂ ਵੀ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਨੂੰ ਇਹ ਪ੍ਰਭਾਵ ਨਾ ਮਿਲੇ ਕਿ ਉਹ ਸਾਡੇ ਮੁਲਕੇ ਨੂੰ ਵੀ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾ ਸਕਦੇ ਹਨ। ਸਰਕਾਰ ਵੱਲੋਂ ਸੁਰੱਖਿਆ ਬਲਾਂ ਨੂੰ ਜਵਾਬੀ ਕਾਰਵਾਈ ਲਈ ਖੁੱਲ੍ਹਾ ਹੱਥ ਦੇਣ ਬਾਰੇ ਪੁੱਛੇ ਜਾਣ ’ਤੇ ਸ੍ਰੀਗਾਂਧੀ ਨੇ ਕਿਹਾ, ‘ਇਹ ਦੁੱਖ ਤੇ ਸਤਿਕਾਰ ਦਾ ਸਮਾਂ ਹੈ। ਅਸੀਂ ਸਰਕਾਰ ਤੇ ਆਪਣੇ ਸੁਰੱਖਿਆ ਬਲਾਂ ਨੂੰ ਪੂਰੀ ਹਮਾਇਤ ਦੇਵਾਂਗੇ।’ ਉਧਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਸ ਵੇਲੇ ਪਹਿਲੀ ਤਰਜੀਹ ਹਮਲੇ ਵਿੱਚ ਮਾਰੇ ਗਏ ਤੇ ਗੰਭੀਰ ਜ਼ਖਮੀਆਂ ਦੇ ਦੁੱਖ ’ਚ ਸ਼ਰੀਕ ਹੋਣਾ ਹੈ। ਸਿੰਘ ਨੇ ਕਿਹਾ ਕਿ ਉਹ ਇਸ ਹਮਲੇ ਦੀ ਨਿਖੇਧੀ ਕਰਦੇ ਹਨ।
HOME ਪੂਰੀ ਵਿਰੋਧੀ ਧਿਰ ਸੁਰੱਖਿਆ ਬਲਾਂ ਤੇ ਸਰਕਾਰ ਦੇ ਨਾਲ: ਰਾਹੁਲ