ਪੂਤਿਨ ਵੱਲੋਂ ਚਾਰ ਯੂਕਰੇਨੀ ਖਿੱਤਿਆਂ ਦੇ ਰੂਸ ’ਚ ਰਲੇਵੇਂ ਦੀ ਸੰਧੀ ’ਤੇ ਦਸਤਖ਼ਤ

ਮਾਸਕੋ (ਸਮਾਜ ਵੀਕਲੀ) : ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਅੱਜ ਕੌਮਾਂਤਰੀ ਨਿਯਮਾਂ ਨੂੰ ਦਰਕਿਨਾਰ ਕਰਦਿਆਂ ਯੂਕਰੇਨ ਦੇ ਚਾਰ ਖਿੱਤਿਆਂ ਖਰਸੌਨ, ਜ਼ਾਪੋਰਿਜ਼ੀਆ, ਲੁਹਾਂਸਕ ਤੇ ਦੋਨੇਤਸਕ ਦੇ ਰੂਸ ’ਚ ਰਲੇਵੇਂ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਸਮਝੌਤਿਆਂ ’ਤੇ ਦਸਤਖ਼ਤ ਕਰ ਦਿੱਤੇ ਹਨ। ਕਰੈਮਲਿਨ ਦੇ ਸੇਂਟ ਜੌਰਜ ਹਾਲ ’ਚ ਕਰਵਾਏ ਸਮਾਗਮ ਦੌਰਾਨ ਪੂਤਿਨ ਤੇ ਯੂਕਰੇਨ ਦੇ ਚਾਰੇ ਖੇਤਰਾਂ ਦੇ ਮੁਖੀਆਂ ਨੇ ਰਲੇਵੇਂ ਸਬੰਧੀ ਸਮਝੌਤੇ ’ਤੇ ਦਸਤਖ਼ਤ ਕੀਤੇ।

ਇਨ੍ਹਾਂ ਖੇਤਰਾਂ ਦੇ ਰੂਸ ’ਚ ਰਲੇਵੇਂ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਸੱਤ ਮਹੀਨਿਆਂ ਤੋਂ ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਹੋਰ ਤੇਜ਼ ਹੋਣ ਦਾ ਖਦਸ਼ਾ ਹੈ। ਰੂਸ ਵੱਲੋਂ ਯੂਕਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਦੇ ਰਲੇਵੇਂ ਲਈ ਕੀਤੀ ਗਈ ਰਾਏਸ਼ੁਮਾਰੀ ਤੋਂ ਤਿੰਨ ਦਿਨ ਬਾਅਦ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਯੂਕਰੇਨ ਤੇ ਪੱਛਮੀ ਮੁਲਕਾਂ ਨੇ ਇਸ ਨੂੰ ਸਿੱਧੇ-ਸਿੱਧੇ ਜ਼ਮੀਨ ’ਤੇ ਕਬਜ਼ਾ ਕਰਾਰ ਦਿੰਦਿਆਂ ਕਿਹਾ ਕਿ ਇਹ ਬੰਦੂਕ ਦੇ ਜ਼ੋਰ ’ਤੇ ਝੂਠੀ ਕਵਾਇਦ ਹੈ। ਕਰੈਮਲਿਨ ਦੇ ਕੰਟਰੋਲ ਹੇਠਲੀ ਰੂਸੀ ਸੰਸਦ ਦੇ ਦੋਵਾਂ ਸਦਨਾਂ ਦੀ ਮੀਟਿੰਗ ਅਗਲੇ ਹਫ਼ਤੇ ਹੋਵੇਗੀ ਜਿਸ ’ਚ ਇਨ੍ਹਾਂ ਇਲਾਕਿਆਂ ਨੂੰ ਰੂਸ ’ਚ ਸ਼ਾਮਲ ਕੀਤੇ ਜਾਣ ਲਈ ਸਮਝੌਤਿਆਂ ’ਤੇ ਮੋਹਰ ਲਾਈ ਜਾਵੇਗੀ ਅਤੇ ਇਨ੍ਹਾਂ ਨੂੰ ਪ੍ਰਵਾਨਗੀ ਲਈ ਪੂਤਿਨ ਕੋਲ ਭੇਜਿਆ ਜਾਵੇਗਾ। ‘

ਪੂਤਿਨ ਤੇ ਉਸ ਦੇ ਭਾਈਵਾਲਾਂ ਨੇ ਯੂਕਰੇਨ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਉਹ ਇਨ੍ਹਾਂ ਇਲਾਕਿਆਂ ’ਤੇ ਮੁੜ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ ਅਤੇ ਕਿਹਾ ਕਿ ਰੂਸ ਅਜਿਹੀ ਕਿਸੇ ਵੀ ਕਾਰਵਾਈ ਨੂੰ ਆਪਣੀ ਖੇਤਰੀ ਪ੍ਰਭੂਸੱਤਾ ਖ਼ਿਲਾਫ਼ ਹਮਲਾ ਮੰਨੇਗਾ ਤੇ ਜਵਾਬੀ ਕਾਰਵਾਈ ਲਈ ਕੋਈ ਵੀ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗਾ। ਇਸ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਪੂਤਿਨ ਨੇ ਅੱਜ ਸਵੇਰੇ ਯੂਕਰੇਨ ਦੇ ਖਰਸੌਨ ਤੇ ਜ਼ਾਪੋਰਿਜ਼ੀਆ ਨੂੰ ਆਜ਼ਾਦ ਇਲਾਕਿਆਂ ਵਜੋਂ ਮਾਨਤਾ ਦੇਣ ਦੇ ਹੁਕਮ ਜਾਰੀ ਕੀਤੇ ਸਨ। ਰੂਸ ਨੇ ਫਰਵਰੀ ਮਹੀਨੇ ਲੁਹਾਂਸਕ ਤੇ ਦੋਨੇਤਸਕ ਅਤੇ ਇਸ ਤੋਂ ਪਹਿਲਾਂ ਕਰੀਮੀਆ ਲਈ ਅਜਿਹੇ ਕਦਮ ਚੁੱਕੇ ਸਨ। ਪੂਤਿਨ ਨੇ ਯੂਕਰੇਨ ਨੂੰ ਇਹ ਜੰਗ ਖਤਮ ਕਰਨ ਲਈ ਬੈਠ ਕੇ ਗੱਲਬਾਤ ਕਰਨ ਦਾ ਸੱਦਾ ਵੀ ਦਿੱਤਾ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਰਮਿੰਘਮ, ਲੰਡਨ ਤੇ ਸਾਂ ਫਰਾਂਸਿਸਕੋ ਲਈ 20 ਹੋਰ ਹਫ਼ਤਾਵਾਰੀ ਉਡਾਣਾਂ ਸ਼ੁਰੂ ਕਰੇਗੀ ਏਅਰ ਇੰਡੀਆ
Next article‘ਜ਼ਿੰਦਗੀ’ ਗੀਤ ਨੂੰ ਇੰਨਾਂ ਪਿਆਰ ਦੇਣ ਲਈ ਸਾਰਿਆਂ ਸ੍ਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ – ਗਾਇਕ ਅਮਰੀਕ ਮੀਕਾ ਜਰਮਨੀ