ਲਖਨਊ: ਓਲੰਪਿਕ ਭਾਰ ਵਰਗ ਵਿੱਚ ਥਾਂ ਪੱਕੀ ਕਰਨ ਤੋਂ ਖੁੰਝੀਆਂ ਮਹਿਲਾ ਪਹਿਲਵਾਨਾਂ ਪੂਜਾ ਢਾਂਡਾ ਅਤੇ ਨਵਜੋਤ ਕੌਰ ਨੇ ਅੱਜ ਇੱਥੇ ਟਰਾਇਲਜ਼ ਲਈ ਮੈਟ ’ਤੇ ਉਤਰੇ ਬਿਨਾਂ ਹੀ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ ਹਾਸਲ ਕਰ ਲਈ। ਓਲੰਪਿਕ ਭਾਰ ਵਰਗ ਦੇ ਟਰਾਇਲ ਪਹਿਲਾਂ ਹੀ ਹੋੋ ਚੁੱਕੇ ਹਨ। ਅੱਜ ਗ਼ੈਰ-ਓਲੰਪਿਕ ਵਰਗ ਦੇ ਟਰਾਇਲਜ਼ ਵਿੱਚ ਪੂਜਾ ਨੇ 59 ਕਿਲੋ ਅਤੇ ਨਵਜੋਤ ਨੇ 65 ਕਿਲੋ ਭਾਰ ਵਰਗ ਵਿੱਚ ਥਾਂ ਪੱਕੀ ਕੀਤੀ। ਦੋਵਾਂ ਨੂੰ ਚੁਣੌਤੀ ਦੇਣ ਲਈ ਕੋਈ ਪਹਿਲਵਾਨ ਮੌਜੂਦ ਨਹੀਂ ਸੀ। ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਨੇ ਅਨੁਸ਼ਾਸਨਹੀਣਤਾ ਦੇ ਦੋਸ਼ ਵਿੱਚ 25 ਪਹਿਲਵਾਨਾਂ ’ਤੇ ਪਾਬੰਦੀ ਲਾ ਦਿੱਤੀ। ਲਖਨਊ ਦੇ ਸਾਈ ਸੈਂਟਰ ਲੱਗੇ ਕੌਮੀ ਕੈਂਪ ਵਿੱਚ ਹਿੱਸਾ ਲੈਣ ਵਾਲੇ 45 ਪਹਿਲਵਾਨਾਂ ਵਿੱਚੋਂ 25 ਛੱਡ ਕੇ ਚਲੇ ਗਏ। ਇਨ੍ਹਾਂ ਵਿੱਚੋਂ ਸੱਤ ਭਲਵਾਨਾਂ ਨੇ ਇਨ੍ਹਾਂ ਟਰਾਇਲਾਂ ਵਿੱਚ ਹਿੱਸਾ ਲੈਣਾ ਸੀ। 59 ਅਤੇ 65 ਕਿਲੋ ਭਾਰ ਵਰਗ ਵਿੱਚ ਦਾਅਵੇਦਾਰੀ ਲਈ ਕੋਈ ਹੋਰ ਪਹਿਲਵਾਨ ਮੌਜੂਦ ਨਹੀਂ ਸੀ। ਓਲੰਪਿਕ ਭਾਰ ਵਰਗ ਦੇ ਟਰਾਇਲ ਦੇ 57 ਕਿਲੋ ਵਰਗ ਵਿੱਚ ਸਰਿਤਾ ਮੋਰ ਨੇ ਪੂਜਾ ਢਾਂਡਾ ਨੂੰ ਹਰਾਇਆ ਸੀ। ਵਿਸ਼ਵ ਚੈਂਪੀਅਨਸ਼ਿਪ ਵਿੱਚ ਹੁਣ ਪੂਜਾ ਕੋਲ ਇੱਕ ਹੋਰ ਤਗ਼ਮਾ ਪੱਕਾ ਕਰਨ ਦਾ ਮੌਕਾ ਹੋਵੇਗਾ। ਉਸ ਨੇ ਬੀਤੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜੇਤੂ ਨਵਜੋਤ ਕੌਰ ਕੋਲ ਹੁਣ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗ਼ਮਾ ਜਿੱਤਣ ਦਾ ਮੌਕਾ ਹੋਵੇਗਾ। ਉਹ 68 ਕਿਲੋ ਦੇ ਟਰਾਇਲ ਵਿੱਚ ਦਿਵਿਆ ਕਾਕਰਾਨ ਤੋਂ ਹਾਰ ਗਈ ਸੀ। ਅੱਜ ਚਾਰ ਭਾਰ ਵਰਗਾਂ ਦਾ ਟਰਾਇਲ ਹੋਣਾ ਸੀ, ਪਰ ਇਨ੍ਹਾਂ ਸਾਰਿਆਂ ਦਾ ਫ਼ੈਸਲਾ ਸਿਰਫ਼ ਦੋ ਵਰਗਾਂ ਦੇ ਮੁਕਾਬਲਿਆਂ ਵਿੱਚ ਹੀ ਹੋ ਗਿਆ। ਲਲਿਤਾ ਨੇ 55 ਕਿਲੋ ਭਾਰ ਵਰਗ ਦੀ ਟਿਕਟ ਪੱਕੀ ਕੀਤੀ। ਕੋਮਲ ਨੇ ਨਿੱਕੀ ਨੂੰ ਹਰਾ ਕੇ 72 ਕਿਲੋ ਭਾਰ ਵਰਗ ਵਿੱਚ ਥਾਂ ਬਣਾਈ। ਵਿਸ਼ਵ ਚੈਂਪੀਅਨਸ਼ਿਪ 14 ਤੋਂ 22 ਸਤੰਬਰ ਤੱਕ ਕਜ਼ਾਖ਼ਸਤਾਨ ਵਿੱਚ ਹੋਵੇਗੀ।
Sports ਪੂਜਾ ਤੇ ਨਵਜੋਤ ਨੂੰ ਬਿਨਾਂ ਭਿੜੇ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ