(ਸਮਾਜ ਵੀਕਲੀ)
ਨਸ਼ਾ ਘੁਣ ਵਾਂਗ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ। ਕੋਈ ਵਿਰਲਾ ਹੀ ਦਿਨ ਅਜਿਹਾ ਹੋਣਾ ਜਦੋਂ ਅਖ਼ਬਾਰ ਵਿਚ ਖ਼ਬਰ ਨਾ ਛਪੀ ਹੋਵੇ ਕਿ ਫ਼ਲਾਣੇ ਪਿੰਡ ਦਾ ਨੌਜਵਾਨ ਅੱਜ ਚਿੱਟੇ ਦੀ ਭੇਂਟ ਚੜ੍ਹਿਆ। ਪੰਜਾਬ ਵਿੱਚ ਨਸ਼ੇ ਦਾ ਫੈਲਾਅ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਹਰ ਰੋਜ਼ 2 ਜਾਂ 4 ਮੌਤਾਂ ਲਗਾਤਾਰ ਨਸ਼ੇ ਕਾਰਨ ਹੋ ਰਹੀਆਂ ਹਨ। ਰੋਜ਼ਾਨਾ ਚਿੱਟੇ ਦੀ ਬਰਾਮਦਗੀ ਹੋ ਰਹੀ ਹੈ। ਡਿਗਰੀਆਂ ਹੱਥਾਂ ਵਿਚ ਫੜੀਆਂ ,ਨੌਕਰੀ ਦੀ ਪਰੇਸ਼ਾਨੀ, ਮਾਪਿਆਂ ਦੀਆਂ ਉਮੀਦਾਂ ਤੇ ਖਰਾ ਨਾ ਉਤਰਨਾ ਨਸ਼ਿਆਂ ਦਾ ਬਹੁਤ ਵੱਡਾ ਕਾਰਨ ਹੈ। ਮਾਂ ਬਾਪ ਦੇ ਅਰਮਾਨ ਹੁੰਦੇ ਹਨ ਕਿ ਕੱਲ੍ਹ ਨੂੰ ਉਨ੍ਹਾਂ ਦਾ ਵੱਡਾ ਅਫਸਰ ਬਣ ਕੇ ਪੁੱਤ ਸੇਵਾ ਕਰੇਗਾ। ਸਾਡਾ ਸਮਾਜ ਵਿੱਚ ਨਾ ਰੌਸ਼ਨ ਹੋਵੇਗਾ ।
ਪਰ ਅੱਜ ਕੱਲ ਦੇ ਪੁੱਤ ਤਾਂ ਨਸ਼ੇ ਕਰਕੇ ਹੀ ਮਾਂ-ਬਾਪ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ।ਹੈਰੋਇਨ ਦੀ ਤਸਕਰੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ। ਨਸ਼ਿਆਂ ਦੀਆਂ ਵੱਡੀਆਂ ਵੱਡੀਆਂ ਖੇਪਾਂ ਲਗਾਤਾਰ ਬਰਾਮਦ ਹੋ ਰਹੀਆਂ ਹਨ। ਸਰਕਾਰ ਨੇ ਕੁਝ ਹੱਦ ਤੱਕ ਨਸ਼ਾ ਸਮਗਲਰਾਂ ਨੂੰ ਨਕੇਲ ਤਾਂ ਕਸੀ ਹੈ, ਪਰ ਪੂਰੀ ਤਰ ਨਸ਼ਾਂ ਖਤਮ ਨਹੀਂ ਹੋਇਆ ਹੈ। ਹੁਣ ਤਾਂ ਕੁੜੀਆਂ ਵੀ ਇਸ ਦੀ ਆਦੀ ਹੋ ਗਈਆਂ ਹਨ। ਕੁੱਝ ਦਿਨ ਪਹਿਲਾਂ ਖਬਰ ਪੜ੍ਹਨ ਨੂੰ ਮਿਲੀ ਕਿ ਇੱਕ ਕੁੜੀ ਆਪਣਾ ਕਰੀਅਰ ਬਣਾਉਣ ਚੰਡੀਗੜ੍ਹ ਆਉਂਦੀ ਹੈ, ਕਰੀਅਰ ਤਾਂ ਉਸ ਕੁੜੀ ਨੇ ਕੀ ਬਣਾਉਣਾ ਸੀ ਉਹ ਚਿੱਟੇ ਦੀ ਆਦੀ ਹੋ ਗਈ। ਫਿਰ ਉਸ ਨੂੰ ਨਸ਼ਾ ਮੁਕਤੀ ਕੇਂਦਰ ਵਿਚ ਭਰਤੀ ਕਰਵਾਇਆ ਗਿਆ।
ਇਕ ਹੋਰ ਖਬਰ ਪੜ੍ਹਨ ਨੂੰ ਮਿਲੀ ਕਿ ਇੱਕ ਨੌਜਵਾਨ ਨੇ ਨਸ਼ੇ ਦੀ ਪੂਰਤੀ ਲਈ ਆਪਣੇ ਘਰ ਦਾ ਸਮਾਨ ਤੱਕ ਵੇਚ ਦਿੱਤਾ। ਹਾਲ ਹੀ ਵਿੱਚ ਇਕ ਖਬਰ ਵੀ ਪੜ੍ਹਨ ਨੂੰ ਮਿਲੀ ਕਿ ਨਸ਼ੇ ਦੀ ਪੂਰਤੀ ਲਈ ਪੁੱਤ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਨੌਜਵਾਨ ਨੇ ਮਾਂ-ਬਾਪ ਨੂੰ ਤਸੀਹੇ ਦੇ ਦੇ ਕੇ ਆਪਣੇ ਨਾਂ ਜਮੀਨ ਤੇ ਘਰ ਕਰਵਾ ਲਿਆ। ਫ਼ਿਰ ਆਪਣੇ ਘਰ ਦੀ ਰਜਿਸਟਰੀ ਬੈਂਕ ਕੋਲ ਗਹਿਣੇ ਰੱਖ ਦਿੱਤੀ। ਨਸ਼ਿਆ ਕਾਰਨ ਘਰ ਦੇ ਘਰ ਤਬਾਹ ਹੋ ਚੁੱਕੇ ਹਨ।
ਬੀੜੀ ਸਿਗਰਟ ,ਤੰਬਾਕੂ ,ਅਫੀਮ ,ਭੁੱਕੀ ਹੋਰ ਤਰ੍ਹਾਂ ਦੇ ਛੋਟੇ-ਮੋਟੇ ਨਸ਼ੇ ਕਰਨ ਤੋਂ ਬਾਅਦ ਅਜਿਹੇ ਨੌਜਵਾਨ ਚਿੱਟੇ ਵੱਲ ਨੂੰ ਹੱਥ ਪਾਉਣਾ ਸ਼ੁਰੂ ਕਰ ਦਿੰਦੇ ਹਨ। ਨੋਕਰੀ ਨਾ ਮਿਲਣ ਕਾਰਨ ਫ਼ਿਰ ਪੈਸੇ ਖਾਤਰ ਤਰ੍ਹਾਂ-ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਮਾਂ ਬਾਪ ਨੂੰ ਜਦੋਂ ਬੱਚੇ ਛੋਟੇ ਹੁੰਦੇ ਹਨ, ਤਾਂ ਪੂਰੀ ਸਖਤੀ ਵਰਤਣੀ ਚਾਹੀਦੀ ਹੈ। ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਦੀ ਸੰਗਤ ਕੋਈ ਮਾੜੇ ਬੱਚੇ ਨਾਲ ਤਾਂ ਨਹੀਂ ਹੈ।
ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਜ਼ਿੰਦਗੀ ਤੋਂ ਹਾਰ ਗਏ ਮਾਂ-ਬਾਪ ਦੀ ਚੰਗੀ ਤਰ੍ਹਾਂ ਲੁੱਟ-ਖਸੁੱਟ ਕਰਦੇ ਹਨ। 10 ਤੋਂ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਸੂਲਦੇ ਹਨ । ਹਾਲ ਹੀ ਵਿਚ ਅਸੀਂ ਅਖਬਾਰਾਂ ਵਿੱਚ ਪੜ੍ਹਿਆ ਕਿ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਮਰੀਜ਼ਾਂ ਦੀ ਕਟਾਈ ਕਰਦੇ ਹਨ ਅਤੇ ਓਹਨਾਂ ਤੇ ਜ਼ੁਲਮ ਢਾਹੁੰਦੇ ਹਨ। ਸਰਕਾਰ ਨੂੰ ਅਜਿਹੇ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਦੇ ਲਾਇਸੈਂਸ ਕੈਂਸਲ ਕਰਨੇ ਚਾਹੀਦੇ ਹਨ।
ਨਸ਼ਾ-ਇੱਕ ਕੋੜ੍ਹ ਵਰਗੀ ਬੀਮਾਰੀ ਹੈ, ਜੋ ਭਵਿੱਖ ਨੂੰ ਤਬਾਹ ਕਰ ਰਹੀ ਹੈ। ਕਈ ਸਮਾਜਿਕ ਜਥੇਬੰਦੀਆਂ ਪਿੰਡਾਂ ਵਿੱਚ ਸੈਮੀਨਾਰ ਲਗਾਉਂਦੀਆਂ ਹਨ, ਤਾਂ ਕਿ ਨੌਜਵਾਨਾਂ ਨੂੰ ਨਸ਼ੇ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ।ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ, ਸ਼ਹਿਰਾਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ। ਕਸਬਿਆਂ ਵਿੱਚ ਸੈਮੀਨਾਰ ਲਗਾਉਣੇ ਚਾਹੀਦੇ ਹਨ। ਤਾਂ ਜੋ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।
ਸੰਜੀਵ ਸਿੰਘ ਸੈਣੀ
ਮੋਹਾਲੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly