ਪੁੱਤ ਪਰਦੇਸੀ ਹੋਇਆ

ਪੰਜਾਬੀਆਂ ਦਾ ਵਿਦੇਸ਼ਾਂ ਵਿਚ ਜਾਣ ਦਾ ਰੁਝਾਨ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਆਨੇ ਬਹਾਨੇ ਗਲਤ ਜਾਂ ਸਹੀ ਢੰਗ ਨਾਲ ਵਿਦੇਸ਼ਾਂ ਵਿਚ ਪਹੰਚਣ ਦੀ ਲਾਲਸਾ ਉਹਨਾਂ ਨੂੰ ਇਕਰਸ਼ਤ ਕਰਦੀ ਰਹਿੰਦੀ ਹੈ। ਪਿੱਛਲੇ ਕਈਆਂ ਸਾਲਾਂ ਤੋਂ ਨੌਜਵਾਨ ਮੁੰਡੇ ਕੁੜੀਆਂ ਵਿਚ ਆਈਲੈਟਸ ਕਰਕੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਬਹਾਨੇ ਜਾਣ ਦਾ ਰੁਝਾਨ ਵੀ ਕਾਫੀ ਵੱਧ ਗਿਆ ਹੈ। ਅੱਜ ਤੋਂ ਕੁਝ ਸਾਲ ਪਹਿਲਾਂ ਆਈਲੈਟਸ ਪਾਸ ਕਰਕੇ ਵਿਦੇਸ਼ਾਂ ਵਿਚ ਉਹ ਲੋਕ ਜਿਆਦਾ ਜਾਂਦੇ ਸਨ ਜਿੰਨਾਂ ਦਾ ਕੋਈ ਰਿਸ਼ਤੇਦਾਰ ਜਾਂ ਕੋਈ ਜਾਣਕਾਰ ਵਿਦੇਸਾਂ ‘ਚ ਰਹਿੰਦਾ ਸੀ। ਪਿਛਲੇ ਕੁਝ ਸਾਲਾਂ ਤੋਂ ਇਸ ਵਲ ਕੋਈ ਵੀ ਬਹੁਤਾ ਧਿਆਨ ਨਹੀ ਦੇ ਰਿਹਾ ਸੀ। ਉਹਨਾਂ ਦਾ ਧਿਆਨ ਇਸ ਗੱਲ ਤੇ ਕੇਂਦਰਤ ਹੋ ਕੇ ਰਹਿ ਗਿਆ ਹੈ ਕਿ ਵਿਦੇਸ਼ਾਂ ਵਿਚ ਕਿਸੇ ਵੀ ਹਲਾਤਾਂ ਵਿਚ ਪਹੁੰਚ ਜਾਈਏ। ਉਥੇ ਜਾ ਕੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਵੱਲ ਕਿਸੇ ਦਾ ਵੀ ਧਿਆਨ ਨਹੀ ਹੈ। ਇਹ ਵਿਦੇਸ਼ਾਂ ਵਲ ਜਾਣ ਦਾ ਸਿਲਸਿਲਾ ਬਹੁਤ ਹੀ ਤੇਜ਼ ਨਾਲ ਵੱਧ ਫੁੱਲ ਰਿਹਾ ਹੈ। ਹੁਣ ਤਾਂ ਸਕੂਲਾਂ ਕਾਲਜਾਂ ਦੀ ਪੜ੍ਹਾਈ ਖਤਮ ਕਰਦਿਆਂ ਹੀ ਬੱਚੇ ਅਲਗੇਰੀ ਪੜ੍ਹਾਈ ਵਾਸਤੇ ਵਿਦੇਸ਼ ਜਾਣ ਦੀ ਤਿਆਰੀ ਵਿਚ ਜੁੱਟ ਜਾਂਦੇ ਹਨ, ਉਥੇ ਜਾ ਕੇ ਉਹਨਾਂ ਦਾ ਸਿਰਫ ਪੜ੍ਹਣਾ ਹੀ ਮਕਸਦ ਨਹੀ ਹੁੰਦਾ ਬਲਕਿ ਉਥੇ ਜਾ ਕੇ ਸੈਟ ਹੋਣਾ ਹੁੰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਵਿਦੇਸਾਂ ਵਿਚ ਜਾਣ ਦੀਆਂ ਸਹੂਲਤਾਂ ਵੀ ਬਹੁਤ ਵੱਧ ਗਈਆਂ ਹਨ ਅਤੇ ਬਾਹਰਲੇ ਦੇਸ਼ਾਂ ਨੂੰ ਭੇਜਣ ਵਾਲੀਆਂ ਦੁਕਾਨਾਂ ਵੀ ਜਗ੍ਹਾ ਜਗ੍ਹਾ ਖੁੱਲ ਗਈਆਂ ਹਨ ਤੇ ਇਸ ਦਾ ਪ੍ਰਚਾਰ ਮੀਡੀਆ ਰਾਹੀ ਇਸਤਿਹਾਰ ਦੇ ਕੇ ਅਖਬਾਰਾਂ ਦੀਆਂ ਮੋਟੀਆਂ ਸੁਰਖੀਆਂ ਬਣ ਰਹੇ ਹਨ।

Amarjit Chander

ਮੈਂ ਇਧਰੋਂ ਉਧਰੋਂ ਸੁਣਦਾ ਹੁੰਦਾ ਸੀ ਕਿ ਮੇਰਾ ਬੇਟਾ ਵਿਦੇਸ਼ ਚਲਾ ਗਿਆ, ਦੁਸਰਾ ਕਹਿੰਦਾ ਮੇਰਾ ਬੇਟਾ ਵਿਦੇਸ਼ ਚਲਾ ਗਿਆ ਹੈ, ਮੇਰੀ ਲੜਕੀ ਵਿਦੇਸ਼ ਚਲੀ ਗਈ ਹੈ। ਇਹ ਸਭ ਸੁਣਦਾ ਰਹਿੰਦਾ, ਸੋਚਦਾ ਹੁੰਦਾ ਸੀ ਕਿ ਇਹ ਕਿਦਾਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਦਿੰਦੇ ਹਨ, ਏਨਾ ਪੈਸਿਆ ਦਾ ਪ੍ਰਬੰਧ ਕਿਥੋਂ ਕਰਦੇ ਹੋਣਗੇ, ਏਨੇ ਰੁਪਏ ਕਿਥੋਂ ਲਿਆਉਦੇ ਹੋਣਗੇ, ਕਈ ਤਰ੍ਹਾਂ ਦੇ ਖਿਆਲ ਮਨ ਵਿਚ ਆਉਦੇ। ਕੁਝ ਸਮ੍ਹਾਂ ਪਹਿਲਾਂ (ਲੱਗਭਗ ਦੋ ਸਾਲ ਪਹਿਲਾਂ) ਦੀ ਗੱਲ ਕਰਨ ਲੱਗਾ ਹਾਂ, ਮੇਰੇ ਨਾਲ ਵੀ ਕੁਝ ਇਹੋ ਜਿਹਾ ਹੀ ਵਾਪਰਿਆ, ਮੇਰਾ ਇਕੋ ਇਕ ਬੇਟਾ ਹੈ, ਬੇਟੇ ਨੇ ਬੀ ਟੈਕ ਮਕੈਨੀਕਲ ਦੀ ਪੜ੍ਹਾਈ ਪੂਰੀ ਕਰ ਲਈ। ਬੇਟੇ ਦੀ ਡਿਗਰੀ ਪੂਰੀ ਹੋ ਗਈ ਹੈ ਸੋਚਿਆ ਚਲੋ ਕੋਈ ਨਾ ਕੋਈ ਨੌਕਰੀ ਤਾਂ ਮਿਲ ਹੀ ਜਾਏਗੀ। ਹਰੇਕ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਕਿ ਮੇਰਾ ਬੱਚਾ ਪੜ੍ਹ ਲਿਖ ਕੇ ਕਿਸੇ ਸਰਕਾਰੀ ਨੌਕਰੀ ਤੇ ਲੱਗ ਕੇ ਵੱਡਾ ਅਫਸਰ ਬਣੇ, ਇਹਨਾਂ ਉਮੀਦਾ ਦੇ ਨਾਲ ਹੀ ਅਸੀ ਨੌਕਰੀ ਦੀ ਭਾਲ ਕਰਨ ਵਿਚ ਰੁਝ ਗਏ। ਸ਼ਹਿਰ ਵਿਚ ਲੋਕਾਂ ਨਾਲ ਮੇਲ ਜੋਲ ਹੋਣ ਕਰਕੇ ਅਸੀ ਵੀ ਆਪਣੇ ਸਾਰੇ ਮਿਤਰਾਂ ਦੋਸਤਾਂ ਨੂੰ ਆਪਣੇ ਬੇਟੇ ਦੀ ਪੜ੍ਹਾਈ ਦੱਸ ਦੇ ਹੋਏ ਕਿਸੇ ਵੀ ਨੌਕਰੀ ਤੇ ਲਾਉਣ ਦੀ ਸ਼ਿਫਾਰਸ ਕਰਨ ਲੱਗੇ। ਇੰਟਰਨੈਟ, ਈ ਮੇਲ, ਮੋਬਾਇਲ ਅਤੇ ਹੋਰ ਤੇਜ਼ ਰਫਤਾਰ ਤਕਨੀਕ ਨਾਲ ਕੰਮ ਕਰਨ ਦੀ ਜਿਵੇਂ ਸਾਰਿਆਂ ਨੂੰ ਸਹੂਲਤ ਮਿਲੀ ਹੈ, ਸਾਨੂੰ ਵੀ ਇਹ ਸਾਰੀ ਸਹੂਲਤ ਮਿਲੀ ਹੋਈ ਸੀ। ਜੇ ਕਿਸੇ ਕੋਲ ਇੱਛਾ ਸ਼ਕਤੀ ਹੈ, ਯੋਗਤਾ ਹੈ, ਸਾਧਨ ਹੈ ਤਾਂ ਅੱਜ ਦੇ ਯੁੱਗ ਵਿਚ ਤੁਸੀ ਘਰ ਬੈਠੇ ਹੀ ਇਹ ਸੱਭ ਕੁਝ ਕਰ ਸਕਦੇ ਹੋ, ਸੋ ਅਸੀ ਵੀ ਇਹ ਸਭ ਕੁਝ ਕਰਨ ਦੀ ਸ਼ਕਤੀ ਰੱਖਦੇ ਸੀ, ਕੀਤਾ ਵੀ, ਪਰ ਕਿਸੇ ਪਾਸੇ ਵੀ ਕੋਈ ਗੱਲਬਾਤ ਬਣਦੀ ਨਜ਼ਰ ਨਹੀ ਆਈ। ਫੈਕਟਰੀ ਵਿਚ ਨੌਕਰੀ ਕਰਨ ਗਿਆ ਵੀ ਤਾਂ ਕਿਤੇ ਇਕ ਹਫਤਾ, ਕਿਤੇ ਪੰਦਰਾਂ ਦਿਨ, ਕਿਤੇ ਇਕ ਮਹੀਨਾ, ਕਿਤੇ ਡੇਢ ਮਹੀਨਾ, ਜਿੱਥੇ ਕਿਤੇ ਕੋਈ ਮਾੜੀ ਮੋਟੀ ਸਿਫਾਰਸ਼ ਹੁੰਦੀ ਸੀ ਤਾਂ ਦੋ ਮਹੀਨੇ ਲੱਗ ਜਾਂਦੇ ਪਰ ਮਿਹਨਤ ਦਾ ਮੁੱਲ ਕਿਸੇ ਪਾਸਿਓ ਵੀ ਨਸੀਬ ਨਹੀ ਹੋਇਆ, ਇਹ ਸੱਭ ਦੇਖ ਬੇਟਾ ਥੋੜਾ ਮੌਯੂਸ ਜਿਹਾ ਹੋ ਗਿਆ। ਪੂੰਜੀਪਤੀ ਸਿਰਫ ਬੱਚਿਆਂ ਦਾ ਸ਼ੋਸ਼ਣ ਹੀ ਕਰ ਰਹੇ ਹਨ।

ਆਪਣੇ ਸ਼ਹਿਰ ਤੋਂ ਨਿਰਾਸ਼ ਹੋ ਕੇ ਚੰਡੀਗੜ੍ਹ ਕਿਸੇ ਫੈਕਟਰੀ ਵਿਚ ਨੌਕਰੀ ਤੇ ਲੱਗ ਗਿਆ। ਚੰਡੀਗੜ੍ਹ ਸ਼ਹਿਰ ਵਿਚ ਦੱਸ ਗਿਆਰਾਂ ਮਹੀਨੇ ਕੋਈ ਪਰਾਈਵੇਟ ਨੌਕਰੀ ਕਰਨ ਤੋਂ ਬਾਅਦ ਕੁਝ ਜਿਆਦਾ ਹੀ ਆਪਣੇ ਆਪ ਨੂੰ ਉਖੜਿਆ ਉਖੜਿਆ ਮਹਿਸੂਸ ਕਰਨ ਲੱਗ ਪਿਆ। ਪਤਾ ਨਹੀ ਸ਼ਾਇਦ ਕੀ ਕੁਝ ਸੋਚਦਾ ਹੋਵੇਗਾ ਕਿ ਜਿਹੜਾ ਘਰ ਦੇ ਕਿਸੇ ਵੀ ਮੈਂਬਰ ਨੂੰ ਆਪਣੀ ਨੌਕਰੀ ਬਾਰੇ ਨਹੀ ਦੱਸ ਰਿਹਾ। ਅੱਜ ਦੇ ਬੱਚਿਆਂ ਵਿਚ ਸਹਿਣ ਸ਼ਕਤੀ ਬਿਲਕੁਲ ਨਹੀ ਹੈ, ਬੇਟਾ ਬਹੁਤ ਹੀ ਸਾਊ ਸੀ, ਬਹੁਤਾ ਸਾਊ ਹੋਣ ਕਰਕੇ ਇਕ ਦੋ ਯਾਰਾਂ ਦੋਸਤਾਂ ਨੂੰ ਛੱਡ ਜਿਆਦਾ ਕਿਸੇ ਨਾਲ ਮੇਲ ਮਿਲਾਪ ਨਹੀ ਰੱਖਦਾ ਸੀ। ਘਰ ਵਿਚ ਕੋਈ ਵੀ ਰਿਸ਼ਤੇਦਾਰ ਮਿਲਣ ਵਾਸਤੇ ਆ ਗਿਆ ਤਾਂ ਸਿਰਫ ਇਕ ਵਾਰੀ ਉਸ ਨੂੰ ਮਿਲਣ ਤੋਂ ਬਾਅਦ ਦੁਬਾਰਾ ਉਸ ਦੇ ਕੋਲ ਮੁੜ ਨਹੀ ਆਉਦਾ। ਆਖਰ ਉਹ ਏਨਾ ਕਿਉਂ ਨਿਰਾਸ਼ ਰਹਿਣ ਲੱਗਾ, ਸਾਡੀ ਕੁਝ ਵੀ ਸਮਝ ਨਹੀ ਆ ਰਿਹਾ ਸੀ, ਇਕੱਲਾ ਹੀ ਰਹਿਣਾ ਪਸੰਦ ਕਰਨ ਲੱਗਾ, ਯਾਰਾਂ ਮਿਤਰਾਂ ਨਾਲ ਵੀ ਉਸ ਦਾ ਮੇਲ ਮਿਲਾਪ ਘੱਟ ਗਿਆ, ਘਰ ਦੇ ਕਿਸੇ ਮੈਂਬਰਾਂ ਨਾਲ ਵੀ ਗੱਲ ਕਰਨੀ ਘੱਟ ਕਰ ਦਿੱਤੀ, ਜੇਕਰ ਘਰ ਦੇ ਕਿਸੇ ਮੈਂਬਰ ਨੇ ਉਸ ਦੇ ਨਾਲ ਗੱਲ ਕਰਨੀ ਵੀ ਹੁੰਦੀ ਤਾਂ ਸਿਰਫ ਹਾਂ ਨਾਂ ਵਿਚ ਹੀ ਜੁਵਾਬ ਦਿੰਦਾ, ਕੋਈ ਸਲਾਹ ਮਸ਼ਵਰਾ ਵੀ ਕਰਨਾ ਹੁੰਦਾ ਜਾਂ ਕਿਤੇ ਘਰ ਦੇ ਸਾਰੇ ਮੈਂਬਰ ਇਕੱਠੇ ਵੀ ਬੈਠੇ ਹੁੰਦੇ ਤਾਂ ਦੋ ਚਾਰ ਮਿੰਟ ਬਾਅਦ ਉਠ ਕੇ ਚਲੇ ਜਾਂਦਾ, ਇਕੱਲਾ ਹੀ ਕਮਰੇ ਅੰਦਰ ਬੈਠੇ ਰਹਿਣਾ, ਟੀ ਵੀ ਦੇਖਦੇ ਰਹਿਣਾ, ਇਕੱਲਤਾ ਵਿਚ ਰਹਿਣਾ ਹੀ ਉਸ ਦੀ ਆਦਤ ਬਣ ਗਈ। ਮੈਂ ਤਾਂ ਸਵੇਰ ਦੇ ਸਮ੍ਹੇਂ ਡਿਊਟੀ ਤੇ ਚਲੇ ਜਾਂਦਾ , ਪਰ ਸ਼ਾਮ ਨੂੰ ਜਦ ਵਾਪਸ ਆਉਦਾ ਤਾਂ ਜਿਸ ਕਮਰੇ ਵਿਚ ਉਸ ਨੂੰ ਬੈਠੇ ਨੂੰ ਛੱਡ ਕੇ ਜਾਦਾ, ਉਸੇ ਕਮਰੇ ‘ਚ ਹੀ ਵਾਪਸ ਬੈਠੇ ਦੇਖਦਾ। ਇਹ ਸੱਭ ਦੇਖਦੇ ਹੋਏ ਮਨ ਬੜਾ ਦੁੱਖੀ ਹੁੰਦਾ, ਪਰ ਅਸੀ ਕਦੇ ਆਪਣਾ ਦੁੱਖ ਉਸ ਨੂੰ ਮਹਿਸੂਸ ਨਾ ਹੋਣ ਦਿੰਦੇ ਸੀ।

ਘਰ ਦੇ ਸਾਰੇ ਮੈਂਬਰਾਂ ਨੇ ਸਲਾਹ ਕੀਤੀ ਕਿ ਇਸ ਨੂੰ ਇਕ ਬਾਰ ਬੈਠਾ ਕੇ ਇਸ ਦੇ ਦਿਲ ਦੀ ਗੱਲ ਪੁੱਛੀ ਜਾਏ ਤਾਂ ਕਿ ਉਸ ਦੇ ਮੁਤਾਬਿਕ ਅਗਲਾ ਕਦਮ ਵਧਇਆ ਜਾਵੇ ਕਿ ਅੱਗੇ ਇਹ ਕੀ ਕਰਨਾ ਚਾਹੁੰਦਾ ਹੈ। ਸਾਡੇ ਸਾਰਿਆਂ ਵਲੋਂ ਬੜੇ ਹੀ ਪਿਆਰ ਸਤਿਕਾਰ ਅਤੇ ਨਰਮਾਈ ਦੇ ਨਾਲ ਉਸ ਤੋਂ ਪੁੱਛਿਆ ਗਿਆ, ਕਿ ਇਸ ਤਰ੍ਹਾਂ ਤੇਰਾ ਚੁੱਪ-ਚੁੱਪ ਰਹਿਣਾ ਸਾਨੂੰ ਬੜਾ ਚੁੱਭਦਾ ਹੈ, ਅਸੀ ਸਾਰਿਆਂ ਨੇ ਪੁੱਛਿਆ, ਅੱਜ ਤੋਂ ਪਹਿਲਾਂ ਜੋ ਹੋ ਗਿਆ ਉਸ ਤੇ ਮਿੱਟੀ ਪਾਓ, ਹੁਣ ਤੂੰ ਅੱਗੇ ਕੀ ਕਰਨਾ ਚਾਹੁੰਦਾ ਏ, ਤਾਂ ਕਿ ਸਾਡੇ ਮਨਾ ਦੇ ਭਰਮ-ਭੁਲੇਖੇ ਦੂਰ ਹੋ ਜਾਣ। ਉਸ ਨੇ ਬਸ ਥੋੜਾ ਜਿਹਾ ਸਿਰ ਹਿਲਾ ਕੇ ਜਵਾਬ ਦਿੱਤਾ ਕਿ ਮੈਂ ਅੱਗੇ ਪੜ੍ਹਣ ਵਾਸਤੇ ਕੈਨੇਡਾ ਜਾਣਾ ਚਾਹੁੰਦਾ ਹਾਂ। ਦੋ ਮਿੰਟ ਲਈ ਤਾਂ ਮੇਰਾ ਸਾਹ ਹੀ ਰੁੱਕ ਗਿਆ, ਮੈਂ ਇਹ ਸੁਣ ਕੇ ਸੁੰਨ ਜਿਹਾ ਹੋ ਗਿਆ, ਕਿਉਕਿ ਇਕ ਛੋਟੀ ਜਿਹੀ ਨੌਕਰੀ ਕਰਨ ਵਾਲਾ ਕਨੇਡਾ ਬਾਰੇ ਕਿਵੇਂ ਸੋਚ ਸਕਦਾ, ਮੈਂ ਆਪਣੀ ਜਿੰਦਗੀ ਦੀ ਚਾਦਰ ਨੂੰ ਨਾਪਣ ਲੱਗ ਪਿਆ, ਖੈਰ ਵਿਦੇਸ਼ ਜਾਣ ਦੇ ਲਈ ਘਰ ਦੇ ਸਾਰੇ ਮੈਂਬਰ ਉਸ ਦੀ ਇਹ ਗੱਲ ਸੁਣ ਕੇ ਇਕ ਦਮ ਰਾਜ਼ੀ ਹੋ ਗਏ, ਤਿਆਰ ਤਾਂ ਮੈਂ ਵੀ ਸੀ ਪਰ ਜਦੋਂ ਮੈਂ ਬੇਟੇ ਨੂੰ ਵਿਦੇਸ਼ ਭੇਜਣ ਬਾਰੇ ਸੋਚਦਾ ਜਾਂ ਘਰ ਵਿਚ ਸਹਿ-ਸੁਭਾਅ ਹੀ ਗੱਲ ਹੁੰਦੀ ਤਾਂ ਮੇਰੇ ਸਾਹਮਣੇ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਆਣ ਖੜੋ ਜਾਂਦੀਆਂ, ਮੈਂ ਸਾਰੇ ਪਾਸਿਆਂ ਤੋਂ ਨਿਹੱਥਾ ਮਹਿਸੂਸ ਕਰਦਾ ਹੋਇਆ ਥੋੜੀ ਦੇਰ ਲਈ ਚੁਪ ਜਿਹਾ ਕਰ ਜਾਂਦਾ। ਖੈਰ…ਸਾਰੇ ਪਾਸਿਓ ਦਬਾ ਪੈਣ ਤੇ ਮੈਂ ਵੀ ਆਪਣੇ ਆਪ ਨੂੰ ਮਜਬੂਤ ਬਣਾਉਦਾ ਹੋਇਆ ਘਰ ਦੇ ਸਾਰੇ ਮੈਂਬਰਾਂ ਨਾਲ ਖੜੋ ਗਿਆ। ਘਰ ਵਿਚ ਇਸ ਵਿਸ਼ੇ ਤੇ ਚਰਚਾ ਹੋਈ ਕਿ ਵਿਦੇਸ਼ ਜਾਣ ਲਈ ਆਈਲੈਟਸ ਦਾ ਇਮਤਿਹਾਨ ਪਾਸ ਕਰਨਾ ਜਰੂਰੀ ਹੈ। ਬੇਟੇ ਨੂੰ ਪੁੱਛਿਆ ਗਿਆ ਤਾਂ ਬੇਟੇ ਵਲੋਂ ਹਾਂ ਹੋ ਗਈ ਕਿ ਮੈਂ ਆਇਲੈਟਸ ਦਾ ਟੈਸਟ ਪਾਸ ਕਰ ਲਵਾਂਗਾ।

ਸ਼ਹਿਰ ਦੇ ਸਾਰੇ ਆਇਲਟਸ ਸੈਂਟਰ ਸਰਚ ਕੀਤੇ ਗਏ, ਉਹਨਾਂ ਵਿਚੋ ਕੁਝ ਵਧੀਆ ਸਰਵਿਸ ਵਾਲੇ ਆਇਲਟਸ ਸੈਂਟਰਾਂ ਦੀ ਚੋਣ ਕੀਤੀ ਗਈ, ਉਹਨਾਂ ਸੈਂਟਰਾਂ ਵਿਚ ਬੇਟੇ ਨੂੰ ਇਕ ਇਕ ਦੋ ਦੋ ਦਿਨ ਦਾ ਡੈਮੋ ਲਾਉਣ ਦੇ ਲਈ ਭੇਜਿਆ ਗਿਆ। ਜਿਹੜਾ ਆਇਲੈਟਸ ਸੈਂਟਰ ਉਸ ਨੂੰ ਵਧੀਆ ਲੱਗਾ ਤਾਂ ਉਸ ਆਇਲਟਸ ਸੈਂਟਰ ਦੀ ਚੋਣ ਕਰਕੇ ਆਇਲਟਸ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਗਈ। ਮਹੀਨਾ ਡੇਢ ਮਹੀਨਾ ਬੇਟੇ ਨੇ ਡੱਟ ਕੇ ਲਾਇਆ ਤਾਂ ਉਸ ਦੇ ਇਮਤਿਹਾਨ ਦੀ ਦਾਖਲਾ ਫੀਸ ਭਰ ਕੇ ਉਹਨਾਂ ਕੋਲੋ ਪੇਪਰਾਂ ਦੀ ਤਰੀਕ ਲੈ ਲਈ। ਹਫਤੇ ਬਾਅਦ ਪੇਪਰਾਂ ਦੀ ਤਰੀਕ ਆ ਗਈ, ਪੇਪਰ ਦੇਣ ਵਾਸਤੇ ਬੇਟੇ ਨੂੰ ਦੋ ਦਿਨ ਦੇ ਲਈੇ ਅਮ੍ਰਿਤਸਰ ਜਾਣਾ ਪਿਆ, ਦੋ ਦਿਨ ਬਾਅਦ ਜਦੋਂ ਪੇਪਰ ਦੇ ਕੇ ਵਾਪਸ ਆਇਆ ਤਾਂ ਬੇਟਾ ਬਹੁਤ ਖੁਸ਼ ਸੀ ਪੁੱਛਣ ਤੇ ਪਤਾ ਲੱਗਾ ਕਿ ਪੇਪਰ ਵਧੀਆ ਹੋ ਗਿਆ ਹੈ। ਪੰੰਦਰਾਂ ਦਿਨਾ ਬਾਅਦ ਅਇਲਟਸ ਦਾ ਨਤੀਜਾ ਆ ਗਿਆ, ਬੇਟੇ ਦੇ ਆਇਲਟਸ ਦੇ ਪੇਪਰਾਂ ਵਿਚੋ ਨੰਬਰਾਂ ਦੇ ਰੂਪ ਵਿਚ ਛੇ ਬੈਡ ਆ ਗਏ। ਘਰ ਦੇ ਸਾਰੇ ਮੈਂਬਰਾਂ ਨੇ ਬੇਟੇ ਦੇ ਛੇ ਬੈਂਡ ਆਉਣ ਤੇ ਕਾਫੀ ਖੁਸੀ ਮਨਾਈ, ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਵਲੋਂ ਬੇਟੇ ਦੇ ਵਧੀਆਂ ਬੈਂਡ ਆਉਣ ਤੇ ਵਧਾਈਆਂ ਵੀ ਆਉਣ ਲੱਗ ਪਈਆਂ ਸਨ। ਸੱਭ ਤੋਂ ਵੱਧ ਖੁਸ਼ੀ ਮੈਨੂੰ ਹੋਈ ਕਿਉਂਕਿ ਮੈਂ ਆਪਣੇ ਬੇਟੇ ਦੀ ਖੁਸ਼ੀ ਨੂੰ ਪੂਰਾ ਕਰਨ ਦੇ ਵਿਚ ਖਰਾ ਉਤਰਿਆਂ ਅਤੇ ਮੇਰੇ ਦਿਮਾਗ ਤੋਂ ਉਸ ਦੇ ਗੁੰਮ-ਸੁੰਮ ਰਹਿਣ ਦਾ ਭਾਰ ਲੱਥ ਗਿਆ ਸੀ। ਅੱਗੇ ਆਉਣ ਵਾਲੇ ਪੜਾ ਦੀ ਮਜਬੂਤੀ ਲਈ ਮੈਂ ਹੋਰ ਮਜ਼ਬੁਤ ਹੋ ਗਿਆ ਸੀ।

ਬੇਟੇ ਦੇ ਆਇਲਟਸ ਵਿਚੋਂ ਛੇ ਬੈਂਡ ਆਉਣ ਨਾਲ ਸਾਡੇ ਘਰ ਵਿਚ ਖੁਸ਼ੀ ਦੀ ਲਹਿਰ ਸੀ, ਉਥੇ ਖੁਸ਼ੀ ਤਾਂ ਮੈਨੂੰ ਵੀ ਬਹੁਤ ਸੀ ਪਰ ਬਾਪ ਹੋਣ ਤੇ ਨਾਤੇ ਬਲੱਡ ਪ੍ਰੈਸ਼ਰ ਥੋੜਾ ਉਤੇ ਥੱਲੇ ਹੋਣ ਲੱਗ ਪਿਆ, ਹੋਵੇ ਵੀ ਕਿਉਂ ਨਾ ਕਿਉਕਿ ਬੇਟਾ ਇਕੋ ਇਕ ਹੀ ਸੀ, ਅੱਗੇ ਹੁਣ ਪੰਡ ਰੁਪੱਈਆ ਦੀ ਲੱਗਣ ਨੂੰ ਥਾਂ ਬਣ ਗਈ। ਬਸ ਫਿਰ ਕੀ ਸੀ ਉਸ ਤੋਂ ਬਾਅਦ ਘਰ ਵਿਚ ਵਿਉਂਤਾਂ ਬਣਨੀਆਂ ਸ਼ੁਰੂ ਹੋ ਗਈਆਂ, ਰੁਪਏ ਇਕੱਠੇ ਕਰਨੇ ਸੀ ਕਿਹਦੇ ਕੋਲੋ ਮੰਗਿਆ ਜਾਏ ਤੇ ਕਿਹਦੇ ਕੋਲੋ ਨਾ ਮੰਗਿਆ ਜਾਏ। ਰਿਸ਼ਤੇਦਾਰ ਵੀ ਸਾਰੇ ਮਾਧੜ ਸਾਥੀ ਹੀ ਸਨ, ਇਕ ਵਲ ਧਿਆਨ ਜਾਂਦਾ ਫਿਰ ਪਿੱਛੇ ਹੱਟ ਜਾਂਦਾ, ਇਸ ਤਰ੍ਹਾਂ ਕਰ ਕਰ ਕੇ ਸਾਰੇ ਹੀ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਵਲ ਧਿਆਨ ਮਾਰਦਾ, ਸਾਹਾਂ ਵਿਚ ਹੀ ਕੋਈ ਹੁੰਗਾਰਾ ਨਾ ਮਿਲਦਾ, ਆਪਣੇ ਨਾਲ ਹੀ ਗੁਥਮਗੁਥਾ ਹੁੰਦਾ ਹੋਇਆ ਅੱਧ ਮੋਇਆ, ਮਾਯੂਸ ਜਿਹਾ ਹੋ ਬਹਿ ਜਾਂਦਾ। ਚਾਰੇ ਪਾਸੇ ਆਸ ਨੂੰ ਖਤਮ ਹੁੰਦਾ ਦੇਖ ਆਖਰ ਥੋੜਾ ਬਹੁਤਾ ਆਪਣੇ ਮਹਿਕਮੇ ਵਿਚ ਜਮ੍ਹਾਂ ਕੀਤਾ ਹੋਇਆ ਫੰਡ ਲੈਣ ਵਾਸਤੇ ਅਰਜ਼ੀ ਦੇ ਦਿੱਤੀ, ਬੈਂਕ ਤੋਂ ਕਰਜ਼ਾਂ ਲੈਣ ਵਾਸਤੇ ਅਰਜ਼ੀ ਦੇ ਦਿੱਤੀ। ਫਿਰ ਵੀ ਪੈਸੇ ਪੂਰੇ ਨਾ ਹੋਏ ਤਾਂ ਇਕ ਰਿਸ਼ਤੇਦਾਰ ਬਾਹਰਲੇ ਦੇਸ਼ ਵਿਚ ਰਹਿੰਦਾ ਸੀ ਉਸ ਦਾ ਮਿੰਨਤ ਤਰਲਾ ਕਰਕੇ ਉਸ ਤੋਂ ਕੁਝ ਪੈਸੇ ਉਧਾਰ ਲਏ ਗਏ ਤਾਂ ਕਿਤੇ ਜਾ ਕੇ ਪੈਸੇ ਪੂਰੇ ਕੀਤੇ ਗਏ।

ਉਸ ਦੇ ਕਾਲਜ ਵਿਚ 1 ਮਈ ਤੋਂ ਉਸ ਦੀਆਂ ਕਲਾਸਾਂ ਸ਼ੁਰੂ ਸਨ, ਸਾਨੂੰ ਜਨਵਰੀ ਮਹੀਨੇ ਵਿਚ ਉਸ ਦੇ ਸਾਰੇ ਪੈਸੇ ਜਮ੍ਹਾਂ ਕਰਾਉਣ ਲਈ ਕਿਹਾ ਗਿਆ। ਉਸ ਦੀ ਫਾਇਲ ਰੁਪਏ ਜਮ੍ਹਾਂ ਕਰਾਉਣ ਤੇ ਹੀ ਅੱਗੇ ਅੰਬੈਸੀ ਵਿਚ ਜਮ੍ਹਾ ਹੋਣੀ ਸੀ। ਇਸ ਕਰਕੇ ਅਸੀ ਉਸ ਦੇ ਸਾਰੇ ਰੁਪਏ ਜਨਵਰੀ ਵਿਚ ਹੀ ਜਮ੍ਹਾ ਕਰਵਾ ਦਿੱਤੇ ਸਨ ਤਾਂ ਕਿ ਉਸ ਦੀ ਤਿਆਰੀ ਸ਼ੁਰੂ ਹੋ ਸਕੇ। ਰੁਪਏ ਜਮ੍ਹਾਂ ਕਰਾਉਣ ਤੋਂ ਪੰਦਰਾਂ ਦਿਨ ਬਾਅਦ ਸਾਨੂੰ ਅੰਬੈਸੀ ਤੋਂ ਸੁਨੇਹਾ ਆ ਗਿਆ ਕਿ ਤੁਹਾਡੀ ਫਇਲ ਸਾਡੇ ਕੋਲ ਜਮਾਂ ਹੋ ਗਈ ਹੈ। ਇਕ ਮਈ ਤੋਂ ਉਸ ਦੀਆਂ ਕਲਾਸਾ ਸ਼ੁਰੂ ਸਨ ਪਰ ਹੈਰਾਨਗੀ ਵਾਲੀ ਗੱਲ ਇਹ ਸੀ ਕਿ 5 ਮਈ ਤਕ ਸਾਨੂੰ ਕੋਈ ਵੀ ਸੁਨੇਹਾ ਨਹੀ ਆਇਆ ਤਾਂ ਘਰ ਦੇ ਸਾਰੇ ਮੈਂਬਰਾਂ ਪ੍ਰੇਸ਼ਾਨ ਸਨ ਕਿਉਂਕਿ ਤਿੰਨ ਚਾਰ ਮਹੀਨੇ ਨਿਕਲ ਜਾਣ ਦੇ ਬਾਅਦ ਉਪਰੋ ਕਲਾਸਾ ਦਾ ਸਮੇਂ੍ਹ ਵੀ ਨਿਕਲਦਾ ਜਾ ਰਿਹਾ ਸੀ ਇਸ ਕਰਕੇ ਸਾਡੀ ਪ੍ਰੇਸ਼ਾਨੀ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਸੀ। ਮਈ ਮਹੀਨੇ ਦੀ ਪੰਜ਼ ਤਰੀਕ ਸ਼ਾਮ ਨੂੰ ਸਾਨੂੰ ਮੋਬਾਇਲ ਤੇ ਸੁਨੇਹਾ ਮਿਲਿਆ ਕਿ ਤੁਹਾਡਾ ਵੀਜ਼ਾ ਲੱਗ ਗਿਆ ਹੈ ਤੇ ਤੁਸੀ ਕਲ ਚੰਡੀਗੜ੍ਹ ਆ ਕੇ ਆਪਣਾ ਪਾਸਪੋਰਟ ਲੈ ਜਾਓ। ਸਾਡੇ ਘਰ ਵਿਚ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਕੁਝ ਨਹੀ ਸੁਝ ਰਿਹਾ ਸੀ ਕਿ ਕੀ ਕਰੀਏ, ਸਵੇਰੇ ਚੰਡੀਗੜ੍ਹ ਜਾ ਕੇ ਪਤਾ ਲੱਗਾ ਕਿ ਕਾਲਜ ਵਾਲਿਆ ਦੀ ਮੇਲ ਆਈ ਹੈ ਕਿ 11 ਮਈ ਤੱਕ ਕਾਲਜ ਵਿਚ ਹਾਜ਼ਰੀ ਲਗਾਓ ਨਹੀ ਤਾਂ ਤੁਹਾਡੀ ਸੀਟ ਰੱਦ ਕਰ ਦਿੱਤੀ ਜਾਏਗੀ। ਹਵਾਈ ਜਹਾਜ ਵਿਚ ਜਿਆਦਾ ਭੀੜ ਹੋਣ ਕਰਕੇ 11 ਮਈ ਤੋਂ ਪਹਿਲਾਂ ਕਿਸੇ ਵੀ ਜਹਾਜ ਵਿਚ ਸੀਟ ਖਾਲੀ ਨਹੀ ਸੀ, ਬੜੀ ਦੌੜ ਭੱਜ, ਕਈਆਂ ਦੇ ਤਰਲੇ ਮਿੰਨਤਾਂ ਕਰਕੇ ਸਾਨੂੰ ਏਜੰਟ ਨੇ ਹੀ 11 ਮਈ ਦੀ ਸੀਟ ਬੁੱਕ ਕਰਵਾ ਦਿੱਤੀ ਤਾਂ ਕਿਤੇ ਜਾ ਕੇ ਸਾਡੇ ਸਾਹਾਂ ਵਿਚ ਸਾਹ ਆਏ।

ਚਾਰ ਦਿਨ ਸਾਨੂੰ ਮਿਲੇ ਉਸ ਦੀ ਤਿਆਰੀ ਕਰਨ ਦੇ ਲਈ, ਇਕ ਇਕ ਚੀਜ਼ ਜੋ ਵੀ ਇਕ ਘਰ ਵਿਚ ਲੌੜੀਦੀ ਹੁੰਦੀ ਹੈ ਉਸ ਨੂੰ ਬਣਾ ਕੇ ਦਿੱਤੀ, ਖਾਣ ਪੀਣ ਦਾ ਸਾਰਾ ਸਮਾਨ, ਰਸੋਈ ਦਾ ਸਾਰਾ ਸਮਾਨ, ਲੌੜੀਦੇ ਕਪੜੇ, ਬੈਡ ਸੀਟ, ਸੌਣ ਲਈ ਉਤੇ ਲੈਣ ਵਾਸਤੇ ਕੰਬਲ ਆਦਿ।ਦੋ ਅਟੈਚੀ ਤੇ ਇਕ ਬੈਗ ਉਸ ਦੇ ਨਾਲ ਲਿਜਾਣ ਵਾਸਤੇ ਤਿਆਰ ਕਰ ਦਿੱਤੇ। ਸਾਨੂੰ ਫਿਕਰ ਸੀ ਕਿ ਮੁੰਡਾ ਪਹਿਲੀ ਬਾਰ ਘਰੋ ਐਡੀ ਦੂਰ ਜਾ ਰਿਹਾ ਹੈ। ਆਖਰ ਉਹ ਦਿਨ ਆ ਗਿਆ ਜਿਸ ਦਿਨ ਉਸ ਨੇ ਘਰੋਂ ਤਰਨਾ ਸੀ, ਸਾਡੇ ਰਿਸ਼ਤੇਦਾਰ, ਬੇਟੇ ਦੇ ਯਾਰ ਦੋਸਤ ਮਿਲਣ ਵਾਸਤੇ ਆਉਣਾ ਸ਼ੁਰੂ ਹੋ ਗਏ ਸਨ। ਇਕੋ ਇਕ ਹੋਣ ਕਰਕੇ ਸਾਡਾ ਦਿਲ ਵੀ ਉਤੇ ਥੱਲੇ ਹੋ ਰਿਹਾ ਸੀ। ਦਿੱਲੀ ਏਅਰ ਪੋਰਟ ਤੇ ਜਾਣ ਵਾਸਤੇ ਗੱਡੀ ਗੇਟ ਦੇ ਬਾਹਰ ਆਣ ਖੜ ਗਈ ਸੀ। ਦੋ ਅਟੈਚੀ ਤੇ ਹੋਰ ਜਰੂਰੀ ਸਮਾਨ ਗੱਡੀ ਵਿਚ ਰੱਖਿਆ, ਸਾਰਿਆਂ ਨੂੰ ਮਿਲਣ ਮਿਲਾਉਣ ਤੋਂ ਬਾਅਦ ਅਸੀ ਪਿੱਛੇ ਖੜੇ ਰਿਸ਼ਤੇਦਾਰਾਂ ਅਤੇ ਬੇਟੇ ਦੇ ਯਾਰਾਂ ਦੋਸਤਾਂ ਤੋਂ ਆਗਿਆ ਲੈ ਦਿੱਲੀ ਵਲ ਨੂੰ ਰਵਾਨਾ ਹੋ ਗਏ। ਰਸਤੇ ਵਿਚ ਇਕ ਦੂਜੇ ਨੂੰ ਬਲਾਉਦੇ ਜਰੂਰ ਸੀ ਪਰ ਅੱਖਾਂ ਨਮ ਤੇ ਚਿਹਰੇ ਮੁਰਝਾਏ ਹੋਏ ਸਨ।

ਅਸੀ ਜਾਣ ਦੇ ਸਮ੍ਹੇਂ ਤੋਂ ਤਿੰਨ ਘੰਟੇ ਪਹਿਲਾਂ ਹੀ ਦਿੱਲੀ ਏਅਰ ਪੋਰਟ ਤੇ ਪਹੁੰਚ ਗਏ। ਜਿਉਂ ਜਿਉਂ ਉਸ ਦੇ ਜਹਾਜ ਦੇ ਜਾਣ ਦਾ ਸਮ੍ਹਾਂ ਨੇੜੇ ਆਉਦਾ ਜਾ ਰਿਹਾ ਸੀ ਤਾਂ ਸਾਡੇ ਸਭਨਾ ਦੇ ਚਿਹਰੇ ਹੋਰ ਮੁਰਝਾਉਦੇ ਜਾ ਰਹੇ ਸਨ ਤੇ ਦਿਲ ਦੀਆਂ ਧੜਕਣਾ ਤੇਜ ਹੁੰਦੀਆਂ ਜਾ ਰਹੀਆਂ ਸਨ। ਆਪਣੇ ਬੱਚੇ ਮੇਰੇ ਵਰਗੇ ਮਾਂ ਪਿਓ ਆਪਣੇ ਬੱਚਿਆਂ ਨੂੰ ਛੱਡਣ ਆਏ ਹੋਏ ਸਨ, ਤੁਸੀ ਕਿੰਨਾ ਵੀ ਆਪਣਾ ਦਿਲ ਮਜਬੂਤ ਕਰ ਲਓ ਇਹੋ ਜਿਹਾ ਮਹੌਲ ਦੇਖ ਕੇ ਹਰ ਕਿਸੇ ਦਾ ਦਿਲ ਵਲੂਧਰਿਆ ਜਾਂਦਾ ਹੈ, ਅਸੀ ਵੀ ਉਨਾਂ ਵਿਚ ਸ਼ਾਮਲ ਸੀ। ਸਾਨੂੰ ਸਾਰਿਆਂ ਨੂੰ ਮਿਲਣ ਤੋਂ ਬਾਅਦ, ਆਪਣਾ ਸਮਾਨ ਲੈ ਕੇ ਸ਼ੀਸ਼ਿਆਂ ਵਾਲੇ ਵੱਡੇ ਸਾਰੇ ਕਮਰੇ ਅੰਦਰ ਵੜ ਗਿਆ, ਅਸੀ ਬਾਹਰੋ ਸ਼ੀਸ਼ੇ ਰਾਹੀ ਉਸ ਨੂੰ ਜਾਂਦਿਆਂ ਧੁੰਧਲਾ ਧੁੰਧਲਾ ਜਿਹਾ ਦੇਖ ਰਹੇ ਸੀ, ਇਹ ਵਿਛੋੜੇ ਦੀ ਘੜ੍ਹੀ ਸਾਡੇ ਲਈ ਅਸਿਹ ਸੀ। ਸਾਡੇ ਵਿਚ ਏਨੀ ਹਿੰਮਤ ਨਹੀ ਰਹੀ ਕਿ ਉਸ ਨੂੰ ਗਲਵਕੜੀ ਵਿਚ ਲੈ ਕੇ ਪਿਆਰ ਨਾਲ ਅਤੇ ਅੱਖਾਂ ਰਾਹੀ ਉਛਲਦੇ ਹੋਏ ਮਨ ਦੇ ਮੋਹ ਨੂੰ ਪ੍ਰਗਟਾਉਦੇ ਹੋਏ ਉਸ ਨੂੰ ਵਿਦਿਆ ਕਰ ਸਕੀਏ। ਬਸ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਸਾਰੀ ਭੀੜ ਦਾ ਹਿਸਾ ਬਣ ਗਿਆ ਹੋਵੇ। ਅਸੀ ਕਾਫੀ ਦੇਰ ਤੱਕ ਰੇਲਿੰਗ ਦੇ ਨਾਲ ਲੱਗੇ ਸ਼ੀਸ਼ੇ ਵਿਚੋਂ ਇਸ ਆਸ ਨਾਲ ਅੰਦਰ ਵਲ ਝਾਕਦੇ ਰਹੇ ਕਿ ਸ਼ਾਇਦ ਸਮਾਨ ਨੂੰ ਚੈਕ ਕਰਾਉਣ ਤੋਂ ਬਾਅਦ ਸਾਨੂੰ ਮਿਲਣ ਲਈ ਆਏਗਾ। ਕੁਝ ਦੇਰ ਬਾਅਦ ਅੰਦਰੋਂ ਹੀ ਸ਼ੀਸ਼ਿਆਂ ਦੇ ਨੇੜੇ ਆਇਆ ਤਾਂ ਹੱਥ ਹਿਲਾਉਦਾ ਹੋਇਆ ਹੋਰ ਵੀ ਅੱਗੇ ਚਲਾ ਗਿਆ। ਉਸ ਤੋਂ ਬਾਅਦ ਉਹ ਸਾਨੂੰ ਨਜ਼ਰ ਨਹੀ ਆਇਆ। ਸ਼ਾਇਦ ਆਪਣਾ ਜਰੂਰੀ ਕੰਮ ਕਰਵਾਉਣ ਦੇ ਲਈ ਅੱਗੇ ਚਲਾ ਗਿਆ ਸੀ।

ਘੰਟੇ ਬਾਅਦ ਬੇਟੇ ਦਾ ਦੁਵਾਰਾ ਫੋਨ ਆਇਆ ਕਿ ਮੇਰਾ ਸਾਰਾ ਕੰਮ ਹੋ ਗਿਆ ਹੈ ਜਹਾਜ ਅਜੇ ਇਕ ਘੰਟੇ ਬਾਅਦ ਉਡੇਗਾ, ਮੈਂ ਅਰਾਮ ਘਰ ਅੰਦਰ ਬੈਠੇ ਬਾਕੀ ਹੋਰ ਮੁਸਾਫਿਰਾ ਨਾਲ ਬੈਠ ਗਿਆ ਹਾਂ ਏਥੋ ਹੁਣ ਮੈਂ ਬਾਹਰ ਵਾਪਸ ਨਹੀ ਆ ਸਕਦਾ। ਤੁਸੀ ਹੁਣ ਘਰ ਨੂੰ ਵਾਪਸ ਚਲੇ ਜਾਓ, ਅਸੀ ਭਰੇ ਮਨ ਨਾਲ, ਆਪਣੇ ਅੱਧ ਮੋਏ ਸਰੀਰ ਲੈ ਵਾਪਸ ਬਿੰਨਾਂ ਇਕ ਦੂਜੇ ਨੂੰ ਬੁਲਾਏ ਪਾਰਕਿੰਗ ਵਿਚ ਖੜੀ ਗੱਡੀ ਵਲ ਨੂੰ ਹੌਲੀ ਹੌਲੀ ਤੁਰ ਪਏ।ਹਵਾਈ ਅੱਡੇ ਤੋਂ ਬਾਹਰ ਆਉਦਿਆਂ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਸਾਨੂੰ ਕੋਈ ਧੱਕੇ ਮਾਰ ਮਾਰ ਕੇ ਉਥੋ ਭਜਾ ਰਿਹਾ ਹੋਵੇ। ਗੱਡੀ ਤੋਰ ਲਈ ਪਰ ਸਾਨੂੰ ਇੰਝ ਲੱਗ ਰਿਹਾ ਸੀ ਜਿਵੇਂ ਅਸੀ ਗੱਡੀ ਨੂੰ ਅਸੀ ਧੱਕਾ ਲਾ ਕੇ ਲਿਜਾ ਰਹੇ ਹੋਈਏ। ਨਿਹੱਥੇ ਜਿਹੇ ਹੋਏ, ਮਨ ਅੰਦਰ ਇਕ ਗਹਿਰੀ ਸੋਚ, ਭਿੱਜੀਆਂ ਹੋਈਆਂ ਸਾਰਿਆਂ ਦੀਆਂ ਪਲਕਾਂ, ਬੇਟੇ ਨੂੰ ਆਪਣੀਆਂ ਅੱਖਾਂ ਤੋਂ ਦੂਰ ਜਾਣ ਦਾ ਦਰਦ ਦੀ ਪੰਡ ਬੰਨੀ ਵਾਪਸ ਮੁੜ ਪਏ। ਦੁਵਾਰਾ ਬੇਟੇ ਦਾ ਫੋਨ ਫਿਰ ਆਇਆ ਕਿ ਮੈਂ ਠੀਕ-ਠਾਕ ਜਹਾਜ ਵਿਚ ਬੈਠ ਗਿਆ ਹਾਂ, ਪੰਦਰਾਂ ਮਿੰਟ ਤੱਕ ਜਹਾਜ ਇਥੋਂ ਉਡੇਗਾ। ਧਿਰਾਸ ਜਿਹਾ ਆਇਆ, ਥੋੜੀ ਖੁਸ਼ੀ ਵੀ ਹੋਈ, ਪਰ ਦਰਦ ਦਾ ਅਹਿਸਾਸ ਜਿਆਦਾ ਸੀ, ਫੋਨ ਕੱਟ ਗਿਆ। ਉਸ ਤੋਂ ਬਾਅਦ ਅਸੀ ਉਸ ਦਾ ਫੋਨ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਾਇਦ ਉਹ ਆਪਣੀ ਰੇਂਜ਼ ਤੋਂ ਬਾਹਰ ਹੋ ਗਿਆ ਸੀ। ਬੁਝੇ ਜਿਹੇ ਮਨ ਨਾਲ ਗੱਡੀ ਦੇ ਖੂੰਝਿਆਂ ਵਿਚ ਲੱਗ ਕੇ ਬੈਠ ਗਏ।

ਘਰ ਪਹੁੰਚ ਕੇ ਸਾਨੂੰ ਇਉਂ ਲੱਗਿਆ ਕਿ ਕਿਉਕਿ ਅਸੀ ਬੇਟੇ ਦੇ ਸਾਥ ਤੋਂ ਵਾਂਝੇ ਹੋ ਗਏ ਹਾਂ ਇਸ ਲਈ ਵੀ ਕਿ ਘਰ ਦੇ ਸਾਰੇ ਘਰੇਲੂ ਕੰਮ ਉਹੀ ਨਿਪਟਾਉਦਾ ਸੀ। ਜੇ ਉਹ ਵਿਆਹ ਕਰਵਾ ਕੇ ਜਾਂਦਾ ਤਾਂ ਸਾਨੂੰ ਸ਼ਾਇਦ ਏਨਾ ਮਹਿਸੂਸ ਨਾ ਹੁੰਦਾ। ਪਰ ਹੁਣ ਉਹ ਪੜ੍ਹਾਈ ਕਰਨ ਲਈ ਗਿਆ ਹੈ, ਪਤਾ ਨਹੀ ਉਥੇ ਦਾ ਵਸਨੀਕ ਬਣੇਗਾ, ਉਥੇ ਨੌਕਰੀ ਕਰਨੀ ਹੈ, ਉਥੇ ਵਿਆਹ ਕਰਨਾ ਹੈ, ਇਥੇ ਵਿਆਹ ਕਰਨ ਲਈ ਆਏਗਾ ਜਾਂ ਨਹੀ ਆਏਗਾ। ਇਹ ਗੱਲਾਂ ਸਾਡੇ ਲਈ ਅਣਕਿਆਸੀਆਂ ਬਣ ਰਹਿ ਗਈਆਂ ਸਨ। ਉਸ ਦੇ ਕਮਰੇ ਵਿਚ ਜਾਂਦੇ ਤਾਂ ਉਸ ਦੇ ਪੜ੍ਹਾਈ ਕਰਨ ਵਾਲੇ ਮੇਜ਼ ਤੇ ਉਹਦੀਆਂ ਖਿਲਰੀਆਂ ਪਈਆਂ ਕਿਤਾਬਾ, ਉਸ ਦੇ ਬੈਡ ਤੇ ਖਿਲਰੇ ਹੋਏ ਉਸ ਦੇ ਕਪੜੇ, ਅਲਮਾਰੀ ‘ਚ ਪਈਆਂ ਉਸ ਦੀਆਂ ਫੋਟੋ ਦੇਖ ਕੇ ਦਿਲ ਨੂੰ ਹੌਲ ਜਿਹਾ ਪੈਦਾ।ਆਪਣੇ ਆਪ ਨੂੰ ਸੰਭਾਲਦੇ ਹੋਏ ਉਸ ਦੇ ਬੈਡ ਤੇ ਬੈਠ ਜਾਂਦੇ ਅਤੇ ਉਸ ਦੀਆਂ ਯਾਦਾਂ ਨੂੰ ਆਪਣੇ ਮਨ ਦੇ ਪਰਦੇ ‘ਤੇ ਸਾਕਾਰ ਹੁੰਦੇ ਦੇਖਦੇ। ਬੰਦ ਪਿਆ ਟੀ ਵੀ ਦੇਖ ਇੰਝ ਲੱਗਦਾ ਜਿਵੇ ਉਹ ਸਾਨੂੰ ਪੁੱਛ ਰਿਹਾ ਹੋਵੇ ਕਿ ਤੁਸੀ ਕੌਣ ਹੋ, ਇਹ ਸੱਭ ਦੇਖ ਕੇ ਸਾਡੀਆਂ ਅੱਖਾਂ ਭਰ ਆਉਦੀਆਂ। ਫਿਰ ਆਪਣੇ ਮਨ ਨੂੰ ਮਾਰ ਕੇ ਦੁਨਿਆਵੀ ਕੰਮਾਂ ਵਿਚ ਰੁਝ ਜਾਂਦੇ ਅਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਹੇ ਪ੍ਰਮਾਤਮਾ ਸਾਡੇ ਬੱਚੇ ਨੂੰ ਆਪਣੇ ਮੰਜ਼ਲ ਤੇ ਪਹੁੰਚਾਈ।

ਅਮਰਜੀਤ ਚੰਦਰ ਲੁਧਿਆਣਾ – 9417600014

Previous article53 ਕਿਲੋ ਚੂਰਾ-ਪੋਸਤ ਸਮੇਤ 3 ਔਰਤਾਂ ਕਾਬੂ
Next articlePROTEST AND VIGIL FOR INDIAN DEMOCRACY HUMAN RIGHTS AND THE INDIAN CONSTITUTION