ਫਤਿਹਗੜ੍ਹ ਚੂੜੀਆਂ -ਇਥੋਂ ਨਜ਼ਦੀਕ ਪਿੰਡ ਭਾਲੋਵਾਲੀ ਵਿਚ ਨਸ਼ਿਆਂ ਕਾਰਨ ਇਕਲੌਤੇ ਨੌਜਵਾਨ ਪੁੱਤ ਦੀ ਹੋਈ ਮੌਤ ਤੋਂ ਬਾਅਦ ਭੋਗ ਵਾਲੇ ਦਿਨ ਸਮਾਜ ਨੂੰ ਨਸ਼ਿਆਂ ਤੋਂ ਬਚਣ ਦਾ ਦੁਖੀ ਮਾਂ ਵਲੋਂ ਨਿਵੇਕਲੇ ਢੰਗ ਨਾਲ ਸੁਨੇਹਾ ਦਿੱਤਾ ਗਿਆ। ਇਸ ਮੌਕੇ ਪਰਵਾਰਿਕ ਮੈਂਬਰ ਦਵਿੰਦਰ ਗਿੱਲ ਕੈਨੇਡਾ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਲਵਪ੍ਰੀਤ ਸਿੰਘ 23 ਸਾਲ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਸਮੈਕ (ਚਿੱਟੇ) ਦਾ ਨਸ਼ਾ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਦੇ ਪਿਤਾ ਜਸਬੀਰ ਸਿੰਘ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਪਰਿਵਾਰ ਨੇ ਭੋਗ ਦੇ ਇਸ਼ਤਿਹਾਰ ਅਤੇ ਬੈਨਰਾਂ ਤੇ ਲਿਖਿਆ ‘‘ਚਿੱਟਾ ਤੇਰਾ ਰੰਗ ਸੀ, ਤੂੰ ਚਿੱਟਾ ਪੀਤਾ ਦੁੱਧ ਸੀ ਮੇਰਾ। ਹੁਣ ਟੀਕੇ ਦੇ ਵਿੱਚ ਭਰ ਕੇ ਚਿੱਟਾ, ਸੌਂ ਗਿਆਂ ਲੈ ਕੇ ਚਿੱਟਾ ਲੀੜਾ।”ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਤੋਂ ਬਾਅਦ ਟਰੈਕਟਰ ਟਰਾਲੀਆਂ, ਕਾਰਾਂ ਅਤੇ ਮੋਟਰ ਸਾਈਕਲਾਂ ’ਤੇ ਵੱਖ ਵੱਖ ਪਿੰਡਾਂ ਵਿੱਚ ਮ੍ਰਿਤਕ ਦੀ ਮਾਤਾ ਚਰਨਜੀਤ ਕੌਰ ਅਤੇ ਦਵਿੰਦਰ ਗਿੱਲ ਦੀ ਅਗਵਾਈ ਵਿੱਚ ਨਸ਼ਿਆਂ ਵਿਰੁੱਧ ਚੇਤਨਾ ਰੈਲੀ ਕੱਢੀ ਗਈ। ਇਹ ਨਸ਼ਾ ਵਿਰੋਧੀ ਰੈਲੀ ਪਿੰਡ ਭਾਲੋਵਾਲੀ ਤੋਂ ਸ਼ੁਰੂ ਹੋ ਕੇ ਪਿੰਡ ਬੁੱਢਾ ਥੇਹ, ਨਵਾਂ ਪਿੰਡ, ਉਮਰਪੁਰਾ, ਖਹਿਰਾ, ਮਾਨ, ਸੇਖਵਾਂ, ਠੱਠਾ, ਚਿਤੌੜਗੜ੍ਹ ਅਤੇ ਪਿੰਡੀ ਤੋਂ ਹੁੰਦੀ ਹੋਈ ਵਾਪਸ ਭਾਲੋਵਾਲੀ ਖਤਮ ਹੋਈ। ਰੈਲੀ ਵਿੱਚ ਸ਼ਾਮਿਲ ਗੱਡੀਆਂ ’ਤੇ ਨਸ਼ਿਆਂ ਵਿਰੁੱਧ ਬੈਨਰ ਲਾਏ ਹੋਏ ਸਨ। ਜਿਨ੍ਹਾਂ ’ਤੇ ਲਿਖਿਆ ਸੀ ਕਿ ਨਸ਼ਾ ਜ਼ਹਿਰ ਹੈ, ਆਓ ਸਾਰੇ ਮਿਲ ਕੇ ਪੰਜਾਬ ਵਿੱਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਪੰਜਾਬ ਵਿਚੋਂ ਖਤਮ ਕਰੀਏ। ਸਪੀਕਰ ਰਾਹੀਂ ਇਕਲੌਤੇ ਨੌਜਵਾਨ ਪੁੱਤਰ ਦੀ ਨਸ਼ਿਆਂ ਕਾਰਨ ਹੋਈ ਦਰਦਨਾਕ ਮੌਤ ਬਾਰੇ ਦੱਸ ਕੇ ਨਸ਼ਿਆਂ ਤੋਂ ਬਚਣ ਲਈ ਹੋਕਾ ਦਿੱਤਾ ਗਿਆ। ਰੈਲੀ ‘ਚ ਸ਼ਾਮਿਲ ਨੌਜਵਾਨ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਇਸ਼ਤਿਹਾਰ ਵੰਡ ਕੇ ਅਤੇ ਕੰਧਾਂ ਤੇ ਲਾ ਕੇ ਲੋਕਾਂ ਨੂੰ ਨਸ਼ਾ ਨਾ ਕਰਨ ਲਈ ਪ੍ਰੇਰਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਸ਼ਰਧਾਂਜਲੀ ਸਮਾਰੋਹ ਮੌਕੇ ਦਵਿੰਦਰ ਗਿੱਲ ਕੈਨੇਡਾ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਤਰਸੇਮ ਸਿੰਘ ਅਤੇ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਨੂੰ ਨਸ਼ਾ ਬੰਦ ਕਰਨ ਦੀ ਅਪੀਲ ਕੀਤੀ।
INDIA ਪੁੱਤ ਦੇ ਭੋਗ ਮਗਰੋਂ ਮਾਂ ਨੇ ਨਸ਼ਿਆਂ ਵਿਰੁੱਧ ਹੋਕਾ ਦਿੱਤਾ