(ਸਮਾਜ ਵੀਕਲੀ)
ਬਲਜਿੰਦਰ ਨਸਰਾਲੀ ਸਮਕਾਲੀ ਪੰਜਾਬੀ ਸਾਹਿਤ ਦੇ ਸਿਰਮੌਰ ਲੇਖਕਾਂ ਵਿਚੋਂ ਇੱਕ ਹੈ। ਖ਼ਾਸ ਕਰ ਗਲਪ ਸਾਹਿਤ ਵਿੱਚ ਉਸ ਦੀ ਕਮਾਲ ਦੀ ਬਿਰਤਾਂਤਕਾਰੀ ਉਸਨੂੰ ਉਸਦੇ ਸਮੇਂ ਦੇ ਗਲਪਕਾਰਾਂ ਵਿੱਚ ਨਿਵੇਕਲੀ ਪਛਾਣ ਦਿੰਦੀ ਹੈ। ਬਲਜਿੰਦਰ ਨਸਰਾਲੀ ਦਾ ਲਿਖਿਆ ‘ਅਬੰਰ ਪਰੀਆਂ’ ਨਾਵਲ ਅੱਜ ਦੇ ਸਮੇਂ ਦਾ ਨਾਵਲ ਹੈ। ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਪ੍ਰੋਫੈਸਰ ਅਤੇ ਟੀ.ਵੀ. ਐਕਰ ਅੰਬਰ ਦੀ ਜ਼ਿੰਦਗੀ ਦੇ ਉਤਾਰ-ਚੜਾਅ ਨੂੰ ਪੇਸ਼ ਕਰਦਾ ਇਹ ਨਾਵਲ ਪੇਂਡੂ ਕਿਸਾਨੀ ਜੀਵਨ ਤੋਂ ਲੈ ਕੇ ਸ਼ਹਿਰੀ ਜ਼ਿੰਦਗੀ ਵਿੱਚ ਵਿਚਰਨ ਸਮੇਂ ਵਾਪਰਨ ਵਾਲੀਆਂ ਘਟਨਾਵਾਂ ਦਾ ਮਿਸ਼ਰਣ ਹੈ ।ਨਾਵਲ ਵਿੱਚ ਜਿਸ ਤਰ੍ਹਾਂ ਸਾਰਾ ਬਿਰਤਾਂਤ ਸਿਰਜਿਆ ਗਿਆ ਹੈ ਉਸ ਨਾਲ ਨਾਵਲ ਵਿੱਚ ਜੋ ਰਸ ਪੈਦਾ ਹੁੰਦਾ ਹੈ ਉਹ ਤੁਹਾਨੂੰ ਇਹ ਨਾਵਲ ਜਲਦ ਤੋਂ ਜਲਦ ਪੜ੍ਹਨ ਲਈ ਮਜਬੂਰ ਕਰ ਦੇਵੇਗਾ, ਪੜ੍ਹਦੇ-ਪੜ੍ਹਦੇ ਜੇਕਰ ਨੀਂਦ ਵੀ ਆ ਜਾਵੇ ਤਾਂ ਸ਼ਾਇਦ ਤੁਸੀਂ ਵੀ ਨੀਂਦ ਵਿੱਚ ‘ਜੰਮੂ ਯੂਨੀਵਰਸਿਟੀ’ ਦੇ ਪੰਜਾਬੀ ਵਿਭਾਗ ਵਿੱਚ ਲੱਗੀ ਅੰਬਰ ਦੀ ਜਮਾਤ ਵਿੱਚ ਆਪਣੇ ਆਪ ਨੂੰ ਬੈਠਿਆ ਮਹਿਸੂਸ ਕਰੋਂਗੇ, ਜਦ ਤੱਕ ਮੈਂ ਇਹ ਨਾਵਲ ਪੂਰਾ ਪੜ੍ਹ ਨਹੀਂ ਲਿਆ ਮੇਰੇ ਨਾਲ ਤਾਂ ਇੰਝ ਹੀ ਹੋਇਆ।ਇੱਕ ਆਦਰਸ਼ਕ ਅਧਿਆਪਕ , ਇੱਕ ਸੁਲਝੇ ਹੋਏ ਇਨਸਾਨ ਅਤੇ ਅੱਜ ਦੀ ਭਾਸ਼ਾ ਵਿੱਚ ਕਹੋ ਤਾਂ ਇੱਕ ‘ਕੂਲ ਮੈਨ’ ਅੰਬਰ ਦਾ ਪਾਤਰ ਮੇਰੇ ਮਨ ਨੂੰ ਛੁਹਿਆ ਵੀ ਪਰ ਕਈ ਵਾਰ ਉਸਦੇ ਲਏ ਫੈਸਲਿਆਂ ਤੇ ਗੁੱਸਾ ਵੀ ਆਇਆ। ਪਰੀਆਂ ਦਾ ਖਿਆਲ ਉਸਦੇ ਅਵਚੇਤਨ ਮਨ ਵਿੱਚ ਕਿਤੇ ਨਾ ਕਿਤੇ ਚਲਦਾ ਹੀ ਰਹਿੰਦਾ ਸੀ।ਰੰਗ ਤੋਂ ਸਾਂਵਲਾ ਹੋਣ ਕਰਕੇ ਸ਼ਾਇਦ ਉਹ ਹੀਨ ਭਾਵਨਾ ਮਹਿਸੂਸ ਕਰਦਾ ਸੀ ਤਾਂਹੀਓਂ ਖੋਰੇ ਉਸਨੇ ਆਪਣੇ ਮਨ ਦੇ ਕਿਸੇ ਕੋਨੇ ਵਿੱਚ ਪਰੀਆਂ ਦਾ ਬਿੰਬ ਸਿਰਜ ਲਿਆ ਸੀ। ਜਿਸ ਕਰਕੇ ਸਕੂਲ ਪੜ੍ਹਦਿਆਂ ‘ਚਰਨੀ’, ‘ਅਧਿਆਪਕ ਨਾਦਿਰਾ’, ਬਾਰਵੀਂ ਦੀ ਜਮਾਤਣ ‘ਜਸਵੀਰ’, ਕਾਲਜ ਵਿੱਚ ਉਸਦੀ ਵਿਦਿਆਰਥਣ ‘ਰਾਬੀਆ’, ਕਾਲਜ ਵਿੱਚ ਹੀ ਉਸਦੀ ਸਹਿ-ਕਰਮੀ ‘ਅਵਨੀਤ: ਅਤੇ ਜੰਮੂ ਵਿਚ ਮਿਲੀ ‘ਜੋਇਆ’। ਪਰ ਕਾਲਪਨਿਕ ਜਗਤ ਵਿੱਚ ਉਸਦਾ ਜਿਸ ਪਰੀ ਨਾਲ ਮੇਲ ਹੁੰਦਾ ਹੈ ਉਹ ਉਸਦੀ ਜ਼ਿੰਦਗੀ ਨੂੰ ਕਿਸੇ ਹੋਰ ਮੋੜ ਵੱਲ ਲੈ ਜਾਂਦਾ ਹੈ ਅਤੇ ਉਸ ਕੋਲੋਂ ਆ ਕੇ ਅਬੰਰ ਇਕੱਲੇ ਰਹਿਣ ਦਾ ਫੈਸਲਾ ਕਰ ਲੈਂਦਾ ਹੈ।
ਛੋਟੀ ਉਮਰ ਤੋਂ ਹੀ ਅੰਬਰ ਨੂੰ ਕਿਤਾਬਾਂ ਪੜ੍ਹਨ ਦਾ ਚਸਕਾ ਲੱਗ ਗਿਆ ਅਤੇ ਜਿਸ ਦਾ ਪ੍ਰਭਾਵ ਉਸਦੇ ਗਿਆਨ, ਸੋਚ ਅਤੇ ਵਿਹਾਰ ਤੇ ਪਿਆ।ਉਸਦੀ ਮਿਹਨਤ ਉਸਨੂੰ ਪਿੰਡੋਂ ਚੁੱਕ ਕੇ ਕਾਲਜ ਦੇ ਪ੍ਰੋਫੈਸਰ ਤੋਂ ਯੂਨੀਵਰਸਿਟੀ ਦੇ ਅਧਿਆਪਕ ਤੱਕ ਲੈ ਗਈ। ਆਪਣੇ ਰੰਗ ਅਤੇ ਕਮਜ਼ੋਰ ਸਰੀਰ ਨੂੰ ਅੰਬਰ ਨੇ ਆਪਣੀ ਕਮਜ਼ੋਰੀ ਨਾ ਬਣਨ ਦਿੱਤਾ ਸਗੋਂ ਸਖ਼ਤ ਮਿਹਨਤ ਕਰਕੇ ਆਪਣੇ ਆਪ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਕੇ ਅੰਬਰ ਨੇ ਇਸ ਗੱਲ ਨੂੰ ਹੋਰ ਵੀ ਪੁਖਤਾ ਕਰ ਦਿੱਤਾ ਕਿ ਜਦੋਂ ਸੀਰਤਾਂ ਵਿੱਚ ਖ਼ੂਬਸੂਰਤੀ ਹੋਵੇ ਤਾਂ ਸੂਰਤਾਂ ਮੁਕਾਬਲਿਆਂ ਵਿੱਚ ਫਾਡੀ ਰਹਿ ਜਾਂਦੀਆਂ ਹਨ।ਅੰਬਰ ਆਪਣੇ ਵਿਦਿਆਰਥੀ ਰਮਨ ਨੂੰ ਵੀ ਇਹੋ ਸਮਝਾਉਂਦਾ ਹੈ ਕਿ, “ਇੱਕ ਉਮਰ ਤੋਂ ਬਾਅਦ ਬੰਦਾ ਆਪਣੀ ਖੂਬਸੂਰਤੀ ਲਈ ਖੁਦ ਜ਼ਿੰਮੇਵਾਰ ਹੁੰਦੇ।ਇੱਕ ਉਮਰ ਤੋਂ ਬਾਅਦ ਉਸਦੀ ਇਮਾਨਦਾਰੀ, ਸਿਆਣਪ,ਮਿਹਨਤੀਪੁਣਾ, ਗਿਆਨ , ਦਿਆਲਤਾ ਚਿਹਰੇ ਤੇ ਦਿਖਾਈ ਦੇਣ ਲੱਗ ਜਾਂਦੀ ਐ। ਸਿਆਣੇ ਬੰਦੇ ਚਿਹਰਾ ਪੜ੍ਹਕੇ ਸਿਆਣ ਲੈਂਦੇ ਨੇ।” ਉਸਦਾ ਸੁਭਾਅ ਸ਼ਾਂਤ , ਮਦਦਗਾਰ ਅਤੇ ਮਿਹਨਤੀ ਹੈ।ਉਸਦੇ ਪੜਾਉਣ ਦਾ ਤਰੀਕਾ ਸਭ ਤੋਂ ਅਲਗ ਹੈ। ਜਿਸ ਤੋਂ ਮੈਂ ਵੀ ਬਹੁਤ ਕੁਝ ਸਿੱਖਿਆ।ਅਬੰਰ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ ਉਹਨਾਂ ਦਾ ਪੂਰਾ ਧਿਆਨ ਰੱਖਦਾ ਹੈ।ਉਸ ਦਾ ਪੁੱਤਰ ਸ਼ੀਰੀ ਆਪਣੀ ਉਮਰ ਤੋਂ ਵੱਧ ਸਿਆਣੀਆਂ ਗੱਲਾਂ ਕਰਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸ਼ੀਰੀ ਤੇ ਅੰਬਰ ਦਾ ਪੂਰਾ ਪ੍ਰਭਾਵ ਪਿਆ ਹੈ। ਜੇਕਰ ਕਦੇ ਮੈਨੂੰ ਅੰਬਰ ਮਿਲੇ ਤਾਂ ਮੈ ਉਸ ਤੋਂ ਉਸਦੇ ਪੁੱਤਰ ਦਾ ਨਾਮ ‘ਸ਼ੀਰੀ’ ਰੱਖੇ ਜਾਣ ਬਾਰੇ ਜਰੂਰ ਪੁੱਛਣਾ ਚਾਹਾਂਗਾ। ਅੰਬਰ ਦੂਰ ਅੰਦੇਸ਼ੀ ਸੋਚ ਵਾਲਾ ਇਨਸਾਨ ਹੈ।
ਆਪਣੀ ਬੀ.ਏ. ਪਾਸ ਪਤਨੀ ਕਿਰਨਜੀਤ ਨੂੰ ਅੰਬਰ ਪੀ.ਐਚ.ਡੀ. ਵਰਗੀ ਉੱਚ ਡਿਗਰੀ ਕਰਾ ਕੇ ਕਿਸੇ ਕਾਲਜ ਵਿੱਚ ਨੌਕਰੀ ਕਰਾਉਣ ਬਾਰੇ ਸ਼ੁਰੂ ਤੋਂ ਹੀ ਸੋਚਦਾ ਸੀ ਜੋ ਕਿ ਉਸਨੇ ਕਰ ਵੀ ਵਿਖਾਇਆ। ਪਰ ਇਹ ਮੇਰੀ ਆਪਣੀ ਨਿੱਜੀ ਰਾਏ ਹੈ ਕਿ ਅੰਬਰ ਵਰਗਾ ਇੱਕ ਪੜਿਆ ਲਿਖਿਆ ਸੂਝਵਾਨ ਵਿਅਕਤੀ ਐਨਾ ਮਤਲਬੀ ਕਿਵੇਂ ਹੋ ਸਕਦਾ ਹੈ ਕਿ ਉਹ ਸਿਰਫ਼ ਆਪਣੇ ਬਾਰੇ ਹੀ ਸੋਚੇ। ਮੈਨੂੰ ਉਸਦਾ ਜੋਇਆ ਨਾਲ ਵਿਆਹ ਕਰਾਉਣ ਦਾ ਫੈਸਲਾ ਸਹੀ ਨਹੀਂ ਜਾਪਿਆ ਅਤੇ ਨਾਵਲ ਵਿੱਚ ਜਿਸ ਸਮੇਂ ਅੰਬਰ, ਕਿਰਨਜੀਤ, ਸ਼ੀਰੀ ਅਤੇ ਜੋਇਆ ਇੱਕੋ ਪ੍ਰਕਾਰ ਦੇ ਤਣਾਅ ਵਿੱਚੋਂ ਗੁਜ਼ਰ ਰਹੇ ਸਨ, ਉਸ ਸਮੇਂ ਮੈਂ ਆਪਣੇ ਆਪ ਨੂੰ ਵੀ ਉਹਨਾਂ ਨਾਲ ਖੜਿਆ ਪਾਇਆ। ਅੰਤ ਅੰਬਰ ਨੇ ਜੋਇਆ ਨਾਲ ਵਿਆਹ ਤਾਂ ਨਹੀਂ ਕਰਾਇਆ ਪਰ ਉਸਦਾ ਇਕੱਲੇ ਰਹਿਣ ਦਾ ਫੈਸਲਾ ਵੀ ਮੈਨੂੰ ਉਸ ਦੀ ਇਸ ਸੋਚ ਨਾਲ ਅਸਹਿਮਤ ਕਰਦਾ ਹੈ। ਬਾਕੀ ਇਸ ਨਾਵਲ ਵਿਚ ਨਵੀਂ ਜਾਣਕਾਰੀ ਬਹੁਤ ਹਾਸਿਲ ਹੋਈ। ਬਲਜਿੰਦਰ ਨਸਰਾਲੀ ਜੀ ਨੇ ਨਾਵਲ ਵਿੱਚ ਅੰਬਰ ਦੀ ਜ਼ਿੰਦਗੀ ਦੇ ਨਾਲ ਪਾਠਕਾਂ ਨੂੰ ਹੋਰ ਨਵੀਆਂ ਅਤੇ ਬਚਿੱਤਰ ਦਾਰਸ਼ਨਿਕ, ਇਤਿਹਾਸਕ, ਸੱਭਿਆਚਾਰਕ, ਭਾਸ਼ਾਵਾਂ ਨਾਲ ਸਬੰਧਤ ਅਤੇ ਸਮਾਜਿਕ ਜਾਣਕਾਰੀਆਂ ਵੀ ਦਿੱਤੀਆਂ। ਸ਼ੁਰੂਆਤ ਵਿੱਚ ਅੰਬਰ ਦੇ ਬਚਪਨ ਨਾਲ ਸਬੰਧਤ ਕਾਂਡ ਪੜਦਿਆਂ ਕਿਤੇ-ਕਿਤੇ ਮੈਨੂੰ ਅੰਬਰ ਵਿੱਚੋਂ ਮੈਂ ਦਿਸਿਆ ਅਤੇ ਕਦੇ ਕਾਲਜ-ਯੂਨੀਵਰਸਿਟੀ ਵਿੱਚ ਪੜਾਉਂਦੇ ਅੰਬਰ ਨੂੰ ਵੇਖ ਕੇ ਮਨ ਵੀ ਕਲਪਨਾ ਉਡਾਰੀ ਭਰਦਿਆਂ ਵੱਡੀਆਂ ਜਮਾਤਾਂ ਵਿੱਚ ਪੜਾਉਣ ਪਹੁੰਚ ਗਿਆ।ਬਲਜਿੰਦਰ ਨਸਰਾਲੀ ਜੀ ਵਧਾਈ ਦੇ ਪਾਤਰ ਹਨ ਕਿ ਉਹਨਾਂ ਨੇ ‘ਅੰਬਰ ਪਰੀਆਂ’ ਵਰਗਾ ਇੱਕ ‘ਲੀਹ ਤੋਂ ਹੱਟ ਕੇ’ ਵਿਸ਼ੇ ਤੇ ਨਾਵਲ ਲਿਖਣ ਦਾ ਹੌਸਲਾ ਕਰਿਆ।ਨਾਵਲ ਪੜ੍ਹਦਿਆਂ ਨਾਵਲ ਵਿੱਚ ਵਾਪਰਨ ਵਾਲੀ ਹਰ ਇੱਕ ਘਟਨਾ ਅੱਖਾਂ ਅੱਗੇ ਮੌਜੂਦ ਰਹਿੰਦੀ ਸੀ।ਇਸ ਨਾਵਲ ਨੇ ਬੋਰੀਅਤ ਬਿਲਕੁਲ ਮਹਿਸੂਸ ਨਹੀਂ ਹੋਣ ਦਿੱਤੀ। ਨਾਵਲ ਦਾ ਹਰ ਕਾਂਡ ਆਪਣੇ ਆਪ ਵਿੱਚ ਇੱਕ ਕਹਾਣੀ ਬਿਆਨ ਕਰਦਾ ਹੈ। ਪਰ ਜਦੋਂ ਨਾਵਲ ਸਾਰਾ ਪੜ੍ਹ ਲਿਆ ਤਾਂ ਮਨ ਵਿੱਚ ਕਈ ਖਿਆਲ ਅਜੇ ਵੀ ਖਿੱਚ-ਧੂਹ ਕਰ ਰਹੇ ਹਨ ਕਿ ਕਿਤੇ ਜੇ ਮੈਨੂੰ ਅੰਬਰ ਮਿਲ ਜਾਵੇ ਤਾਂ ਮੈਂ ਉਸਤੋਂ ਬਹੁਤ ਗੱਲਾਂ ਪੁੱਛਾ ਵੀ ਉਸਦੇ ਸਮੇਂ ਦੌਰਾਨ ਕਿੰਨੇ ਬੱਚਿਆਂ ਦਾ ਨੈੱਟ ਕਲੀਅਰ ਹੋਇਆ, ਕਿੰਨੇ ਪੀ.ਐੱਚ.ਡੀ. ਕਰਨ ਲੱਗੇ, ਯੂਨੀਵਰਸਿਟੀ ਵਾਲਿਆਂ ਨੇ ਉਸਦੀ ਪਿਛਲੀ ਨੌਕਰੀ ਦਾ ਕੋਈ ਹੱਲ ਕੀਤਾ ਜਾ ਨਹੀਂ। ਉਹ ਮੁੜ ਕਦੇ ਈਸੜੂ ਗਿਆ ਸੀ ਕਿ ਨਹੀਂ, ਓਹ ਹਰ ਪੰਦਰਾਂ ਦਿਨ ਬਾਦ ਆਪਣੇ ਬੱਚਿਆਂ ਨੂੰ ਮਿਲਣ ਜਾਂਦਾ ਹੈ ਕਿ ਨਹੀਂ ਅਤੇ ਅੰਤ ਵਿੱਚ ਮੈਂ ਅੰਬਰ ਤੋਂ ਪੁੱਛਣਾ ਚਾਹਾਂਗਾ ਕਿ ਉਹ ਐਨਾ ਮਤਲਬੀ ਕਿਵੇਂ ਹੋ ਸਕਦਾ ਹੈ। ਉਸਨੇ ਆਪ ਹੀ ਕਿਵੇਂ ਸੋਚ ਲਿਆ ਸੀ ਕਿ ਸੱਭ ਕੁੱਝ ਠੀਕ ਹੋ ਜਾਵੇਗਾ। ਉਹ ਆਪਣੇ ਵਿਦਿਆਰਥੀ ਰਮਨ ਨੂੰ ਦੱਸੀ ਇਹ ਗੱਲ ‘ਵੀ ਕਦੇ ਵੀ ਸੱਭ ਕੁੱਝ ਠੀਕ ਨਹੀਂ ਹੁੰਦਾ’, ਆਪ ਹੀ ਕਿਵੇਂ ਭੁੱਲ ਗਿਆ। ਨਾਵਲ ਬਹੁਤ ਕੁੱਝ ਸਿਖਾ ਗਿਆ । ਇੱਕ ਵਾਰ ਫਿਰ ਤੋਂ ਸਰ ਬਲਜਿੰਦਰ ਨਸਰਾਲੀ ਜੀ ਨੂੰ ‘ਅੰਬਰ ਪਰੀਆਂ’ ਨਾਵਲ ਲਈ ਬਹੁਤ-ਬਹੁਤ ਮੁਬਾਰਕਾਂ ਅਤੇ ਧੰਨਵਾਦ। ‘ਗਰੇਸ਼ੀਅਸ ਪਬਲੀਕੇਸ਼ਨਜ਼ ਪਟਿਆਲਾ’ ਵੱਲੋਂ ਛਾਪੇ ਇਸ ਨਾਵਲ ਦੇ ਕੁੱਲ 277 ਪੰਨੇ ਹਨ। ਇਹ ਨਾਵਲ 2019 ਵਿੱਚ ਛਪਿਆ ਹੈ ਜਿਸਦੀ ਕੀਮਤ 350 ਰੁਪਏ ਹੈ।
ਚਰਨਜੀਤ ਸਿੰਘ ਰਾਜੌਰ
+91 84279 29558