ਡੇਹਲੋਂ ਦੇ ਕੋਲ ਬੀਤੀ ਮੰਗਲਵਾਰ ਦੀ ਰਾਤ ਨੂੰ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਦੀ ਟੀਮ ਵੱਲੋਂ ਗ਼ੋਲੀ ਮਾਰ ਕੇ ਕਾਬੂ ਕੀਤੇ ਗੈਂਗਸਟਰ ਅਮਰਵੀਰ ਸਿੰਘ ਲਾਲੀ ਨੇ ਕਾਬੂ ਹੋਣ ਉਪਰੰਤ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣੇ ਕੋਲ ਰੱਖੇ ਮੋਬਾਈਲ ਫੋਨ ਨੂੰ ਮੂੰਹ ਨਾਲ ਬੁਰੀ ਤਰ੍ਹਾਂ ਚੱਬ ਦਿੱਤਾ। ਮੁਲਜ਼ਮ ਜ਼ਖਮੀ ਹੋਣ ’ਤੇ ਵੀ ਪੁਲੀਸ ਦੇ ਕਾਬੂ ’ਚ ਨਹੀਂ ਸੀ ਆ ਰਿਹਾ। ਇਸ ਕਾਰਨ ਪੁਲੀਸ ਤੇ ਮੁਲਜ਼ਮ ਵਿਚਕਾਰ ਹੱਥੋਪਾਈ ਵੀ ਹੋਈ। ਇਸ ਹੱਥੋਪਾਈ ’ਚ ਮੁਲਾਜ਼ਮਾਂ ਤੋਂ ਰਿਵਾਲਵਰ ਦਾ ਬੱਟ ਮੁਲਜ਼ਮ ਦੇ ਮੂੰਹ ’ਤੇ ਜਾ ਲੱਗਿਆ ਜਿਸ ਨਾਲ ਉਸ ਦਾ ਜਬਾੜਾ ਟੁੱਟ ਗਿਆ। ਉਸ ਤੋਂ ਬਾਅਦ ਜ਼ਖ਼ਮੀ ਲਾਲੀ ਨੂੰ ਇਲਾਜ ਲਈ ਸਿਵਿਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਪਤਾ ਲੱਗਿਆ ਕਿ ਲਾਲੀ ਦੀ ਲੱਤ ’ਚ ਵੀ ਲੱਗੀ ਗ਼ੋਲੀ ਆਰ ਪਾਰ ਹੋ ਚੁੱਕੀ ਹੈ ਤੇ ਉਸ ਦਾ ਜਬਾੜਾ ਟੁੱਟ ਚੁੱਕਿਆ ਹੈ। ਮੂੰਹ ਬੰਦ ਨਾ ਹੋਣ ਕਾਰਨ ਉਹ ਰਾਤ ਤੋਂ ਕੁਝ ਖਾਣ-ਪੀਣ ’ਚ ਅਸਮਰੱਥ ਹੈ। ਦੇਰ ਰਾਤ 10 ਵਜੇ ਦੇ ਕਰੀਬ ਪੁਲੀਸ ਮੁਲਾਜ਼ਮ ਗਾਰਡ ਰੂਮ ਦੇ ਬਾਹਰ ਖੜ੍ਹੇ ਕਰ ਦਿੱਤੇ ਗਏ। ਉਸ ਤੋਂ ਬਾਅਦ ਸਵੇਰੇ ਡਿਊਟੀ ਬਦਲਣ ਤੋਂ ਬਾਅਦ ਮੁਲਾਜ਼ਮ ਫਿਰ ਤਾਇਨਾਤ ਕਰ ਦਿੱਤੇ ਗਏ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਚੈੱਕ ਕਰਨ ਤੋਂ ਬਾਅਦ ਗੈਂਗਸਟਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਗੈਂਗਸਟਰ ਲਾਲੀ ਤੇ ਉਸ ਦੇ ਸਾਥੀ ਪਟਿਆਲਾ ਤੋਂ ਨਿਕਲ ਕੇ ਲੁਧਿਆਣਾ ਆ ਰਹੇ ਸਨ। ਡੇਹਲੋਂ ਦੇ ਕੋਲ ਉਹ ਕੁਝ ਖਾਣ ਲਈ ਰੁਕੇ, ਪਰ ਉਥੇ ਉਨ੍ਹਾਂ ਨੂੰ ਪੁਲੀਸ ਨੇ ਘੇਰ ਲਿਆ। ਪਤਾ ਲੱਗਿਆ ਕਿ ਮੁਲਜ਼ਮ ਗੈਂਗਸਟਰ ਲਾਲੀ ਤੇ ਉਸ ਦੇ ਸਾਥੀਆਂ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਮਾਨ ਸਿੰਘ ਵਾਲਾ ’ਚ ਦੋਸਤ ਦੇ ਘਰ ਰੁਕਣਾ ਸੀ। ਓਸੀਸੀਯੂ ਦੇ ਸਬ ਇੰਸਪੈਕਟਰ ਕਿਰਪਾਲ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡੇਹਲੋਂ ਦੀ ਪੁਲੀਸ ਨੇ ਗੈਂਗਸਟਰ ਲਾਲੀ, ਉਸ ਦੇ ਸਾਥੀ ਕਾਕਾ ਤੇ ਇੱਕ ਹੋਰ ਨੌਜਵਾਨ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਸਰਕਾਰੀ ਡਿਊਟੀ ’ਚ ਰੁਕਾਵਟ ਪਾਉਣ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਲਾਲੀ ਤੇ ਕਾਕਾ ਦਾ ਸਾਥੀ ਕਾਰ ਲੈ ਕੇ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ।
INDIA ਪੁਲੀਸ ਮੁਕਾਬਲਾ: ਗੈਂਗਸਟਰ ਲਾਲੀ ਦੀ ਲੱਤ ’ਚ ਗੋਲੀ ਲੱਗੀ ਤੇ ਜਬਾੜਾ ਟੁੱਟਿਆ