ਨਡਾਲਾ ਲੰਘੀ ਰਾਤ ਹਮੀਰਾ ਵਿੱਚ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਗਈ ਐਸ ਟੀ ਐਫ ਟੀਮ ’ਤੇ ਜਾਨ ਲੇਵਾ ਹਮਲਾ ਕਰਨ ਵਾਲੇ 6 ਕਥਿਤ ਦੋਸ਼ੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਮੁਖ ਮੁਲਜ਼ਮ, ਦੋ ਔਰਤਾਂ ਸਮੇਤ ਇੱਕ ਦਰਜਨ ਤੋਂ ਵੱਧ ਵਿਅਕਤੀ ਫਰਾਰ ਹੋ ਗਏ। ਨਡਾਲਾ ’ਚ ਕੀਤੀ ਪ੍ਰੈੱਸ ਕਾਨਫਰੰਸ ਸਮੇਂ ਐਸ ਪੀ ਡੀ ਮਨਪ੍ਰੀਤ ਸਿੰਘ ਢਿੱਲੋਂ, ਏਐਸਪੀ ਭੁਲੱਥ ਡਾ ਸਿਮਰਤ ਕੌਰ ਨੇ ਦੱਸਿਆ ਕਿ ਲੰਘੀ ਸ਼ਾਮ ਨਸ਼ਿਆਂ ਖਿਲਾਫ ਅਰੰਭੀ ਮੁਹਿੰਮ ਤਹਿਤ ਐਸਟੀਐਫ ਦੀ ਕਪੂਰਥਲਾ ਟੀਮ ਵੱਲੋਂ ਸਬ ਇੰਸਪੈਕਟਰ ਹਰਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਹਮੀਰਾ ਥਾਣਾ ਸੁਭਾਨਪੁਰ ਵਿੱਚ ਹਰਜਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਗਿਆ ਸੀ। ਇਸ ਦੌਰਾਨ ਘਰ ਵਿੱਚ ਮੌਜੂਦ 18/19 ਵਿਅਕਤੀਆਂ ਨੇ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਇੱਕ ਲੇਡੀ ਕਾਂਸਟੇਬਲ ਸਮੇਤ 4 ਪੁਲੀਸ ਮੁਲਾਜ਼ਮ ਜ਼ਖਮੀ ਹੋ ਗਏ। ਮੁਲਜ਼ਮਾਂ ਨੇ ਏਐਸਆਈ ਉਂਕਾਰ ਸ਼ਰਮਾਂ ਦਾ 9 ਐਮ ਐਮ ਦਾ ਪਿਸਤੌਲ ਵੀ ਖੋਹ ਲਿਆ ਤੇ ਸਾਰੇ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਥਾਣਾ ਸੁਭਾਨਪੁਰ ਤੋਂ ਭਾਰੀ ਫੋਰਸ ਮੌਕੇ ’ਤੇ ਪੁੱਜੀ, ਅਤੇ ਪੂਰੇ ਘਰ ਦੀ ਤਲਾਸ਼ੀ ਲੈਣ ਤੇ ਇੱਕ ਕਿਲੋ ਨਸ਼ੀਲਾ ਪਦਾਰਥ ਅਤੇ 13,50,260 ਰੁਪਏ ਵੀ ਬਰਾਮਦ ਕੀਤੇ। ਹੋਰ ਥਾਣਿਆਂ ਤੋ ਪੁਲੀਸ ਫੋਰਸ ਪੁੱਜਣ ’ਤੇ ਪਿੰਡ ਤੇ ਆਸ ਪਾਸ ਖੇਤਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਆਰੰਭੀ ਗਈ। ਇਸ ਦੌਰਾਨ ਸ਼ਮਸ਼ਾਨਘਾਟ ,ਚ ਛੁਪੇ 6 ਕਥਿਤ ਦੋਸ਼ੀਆਂ ਬੂਟਾ ਸਿੰਘ, ਸੁਖਦੇਵ ਸਿੰਘ ਸਰਪੰਚ, ਬਲਦੇਵ ਸਿੰਘ, ਸਾਰੇ ਨਵੀਂ ਅਬਾਦੀ ਮੁਰਾਰ, ਤਰਸੇਮ ਸਿੰਘ ਹਮੀਰਾ, ਸਤਨਾਮ ਸਿੰਘ ਵਾਸੀ ਮਾਡਲ ਟਾਊਨ ਥਾਣਾ ਭੁਲੱਥ, ਅਤੇ ਮੰਗਾ ਪੁੱਤਰ ਬੱਗਾ ਵਾਸੀ ਅਲੀਪੁਰ ਅਰਾਈਆਂ ਜ਼ਿਲ੍ਹਾ ਪਟਿਆਲਾ ਨੂੰ ਕਾਬੂ ਕਰ ਲਿਆ। ਮੁਖ ਮੁਲਜ਼ਮ ਹਰਜਿੰਦਰ ਸਿੰਘ, ਦੋ ਔਰਤਾਂ ਸਮੇਤ ਇੱਕ ਦਰਜਨ ਤੋ ਵੱਧ ਵਿਅਕਤੀ ਫਰਾਰ ਹਨ। ਪੁਲੀਸ ਨੇ ਦੋਸ਼ੀਆਂ ਵੱਲੋਂ ਵਰਤਿਆ ਇੱਕ ਮੋਟਰਸਾਈਕਲ ਤੋ ਥਾਣੇਦਾਰ ਦਾ ਖੋਹਿਆ ਪਿਸਤੌਲ ਵੀ ਬਰਾਮਦ ਕਰ ਲਏ ਹਨ। ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਖ ਮੁਲਜ਼ਮ ਹਰਜਿੰਦਰ ਸਿੰਘ ਪਹਿਲਾਂ ਵੀ ਦੋ ਵਾਰ ਪੁਲੀਸ ਟੀਮਾਂ ’ਤੇ ਹਮਲੇ ਕਰ ਚੁੱਕਾ ਹੈ। ਇਸਦੇ ਖਿਲਾਫ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਹਨ।