ਪੁਲੀਸ ਨੇ ਲੁਟੇਰਾ ਗਰੋਹ ਦੇ 9 ਮੈਂਬਰ ਕਾਬੂ ਕੀਤੇ

ਅੰਮ੍ਰਿਤਸਰ- ਇਥੋਂ ਦੀ ਪੁਲੀਸ ਨੇ ਲੁੱਟ-ਖੋਹ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਲੁਟੇਰਾ ਗਰੋਹ ਦੇ 9 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਵੱਡੀ ਗਿਣਤੀ ਵਿਚ ਮੋਟਰਸਾਈਕਲ, ਮੋਬਾਈਲ ਫੋਨ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਗਰੋਹ ਦੇ ਤਿੰਨ ਮੈਂਬਰ ਭੱਜਣ ਵਿਚ ਸਫ਼ਲ ਹੋ ਗਏ। ਪੁਲੀਸ ਨੇ ਇਨ੍ਹਾਂ ਕੋਲੋਂ 30 ਮੋਟਰਸਾਈਕਲ, 15 ਮੋਬਾਈਲ ਫੋਨ, ਦੋ ਮੋਟਰਸਾਈਕਲਾਂ ਦੇ ਇੰਜਣ ਅਤੇ 20 ਸਕੂਟਰ ਤੇ ਮੋਟਰਸਾਈਕਲਾਂ ਦੀਆਂ ਚੈਸੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਕੋਲੋਂ 6 ਤੇਜ਼ਧਾਰ ਹਥਿਆਰ ਅਤੇ ਖਿਡੌਣਾ ਪਿਸਤੌਲ ਵੀ ਬਰਾਮਦ ਕੀਤੀ ਹੈ। ਇਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 399, 402 ਹੇਠ ਕੇਸ ਦਰਜ ਕੀਤਾ ਹੈ ਅਤੇ ਪੁਲੀਸ ਨੂੰ ਇਨ੍ਹਾਂ ਕੋਲੋਂ ਹੋਰ ਵੀ ਬਰਾਮਦਗੀ ਦੀ ਉਮੀਦ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਹਰਸ਼ ਸ਼ਰਮਾ, ਸਫਲ ਨਈਅਰ, ਗਗਨ ਰਾਣਾ, ਸਿਕੰਦਰ ਸਿੰਘ, ਜਸਵਿੰਦਰ ਸਿੰਘ, ਰਾਜਾ ਸਿੰਘ, ਏਕਮਜੋਤ, ਹੀਰਾ ਸਿੰਘ ਅਤੇ ਚਰਨਜੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਹੀਰਾ ਸਿੰਘ ਕਬਾੜ ਦਾ ਦੁਕਾਨਦਾਰ ਅਤੇ ਚਰਨਜੀਤ ਸਿੰਘ ਦੀ ਮੋਬਾਈਲ ਰਿਪੇਅਰ ਦੀ ਦੁਕਾਨ ਹੈ। ਪੁਲੀਸ ਕਮਿਸ਼ਨਰ ਐਸਐਸ ਸ੍ਰੀਵਾਸਤਵ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਪੁਲੀਸ ਨੇ 55 ਲੁੱਟ ਖੋਹ ਦੇ ਕੇਸ ਹੱਲ ਕਰ ਲਏ ਹਨ। ਇਨ੍ਹਾਂ ਵਲੋਂ ਡੇਢ ਸਾਲ ਵਿਚ ਇਹ ਸਾਰੀਆਂ ਲੁੱਟਾਂ ਖੋਹਾਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਕਿਸੇ ਦਾ ਵੀ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ ਅਤੇ ਨਾ ਹੀ ਕੋਈ ਨਸ਼ੇੜੀ ਹੈ। ਇਨ੍ਹਾਂ ਵਲੋਂ ਸਿਰਫ ਐਸ਼ ਦੀ ਜ਼ਿੰਦਗੀ ਵਾਸਤੇ ਹੀ ਅਜਿਹੇ ਅਪਰਾਧ ਕੀਤੇ ਗਏ ਹਨ। ਹੀਰਾ ਸਿੰਘ ਚੋਰੀ ਅਤੇ ਲੁੱਟ ਖੋਹ ਕੀਤੇ ਸਕੂਟਰ ਮੋਟਰਸਾਈਕਲ ਖਰੀਦ ਲੈਂਦਾ ਸੀ ਅਤੇ ਉਨ੍ਹਾਂ ਨੂੰ ਮੁੜ ਕਬਾੜ ਵਜੋਂ ਵੇਚਦਾ ਸੀ। ਚਰਨਜੀਤ ਵੀ ਲੁੱਟ ਖੋਹ ਅਤੇ ਚੋਰੀ ਕਰਕੇ ਲਿਆਂਦੇ ਮੋਬਾਈਲ ਫੋਨ ਦੇ ਸਪੇਅਰ ਪਾਰਟ ਦੀ ਵਰਤੋਂ ਕਰਦਾ ਸੀ। ਇਨ੍ਹਾਂ ਦੇ ਲੁੱਟ ਖੋਹ ਦੇ ਤਰੀਕੇ ਬਾਰੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਮੋਟਰਸਾਈਕਲ ਤੇ ਸਕੂਟਰ ਸਵਾਰ ’ਤੇ ਅਚਨਚੇਤੀ ਹਮਲਾ ਕਰਦੇ, ਜਿਸ ਨਾਲ ਦੋ ਪਹੀਆ ਵਾਹਨ ਸਵਾਰ ਡਿੱਗ ਪੈਂਦਾ ਅਤੇ ਇਹ ਉਸ ਦਾ ਸਕੂਟਰ/ਮੋਟਰਸਾਈਕਲ ਅਤੇ ਮੋਬਾਈਲ ਫੋਨ ਖੋਹਣ ਮਗਰੋਂ ਫਰਾਰ ਹੋ ਜਾਂਦੇ। ਲੁੱਟ ਖੋਹ ਅਤੇ ਚੋਰੀ ਕੀਤੇ ਦੋ ਪਹੀਆ ਵਾਹਨ ਇਹ ਸਿਰਫ 2500 ਰੁਪਏ ਵਿਚ ਵੇਚ ਦਿੰਦੇ ਸਨ। ਇਹ ਸਾਰੇ ਹੀ ਨੌਜਵਾਨ 20 ਸਾਲ ਉਮਰ ਦੇ ਹਨ।

Previous articleਮਨੋਜ ਪਰੀਦਾ ਵੱਲੋਂ ਡੱਡੂਮਾਜਰਾ ਡੰਪਿੰਗ ਗਰਾਊਂਡ ਦਾ ਦੌਰਾ
Next articleਕੈਪਟਨ ਸਰਕਾਰ ਨੇ ਵਰਲਡ ਕਬੱਡੀ ਕੱਪ ਬੰਦ ਕਰਕੇ ਖਿਡਾਰੀਆਂ ਦਾ ਮਨੋਬਲ ਡੇਗਿਆ: ਸੁਖਬੀਰ