ਪੁਲੀਸ ਦੀ ਗੋਲੀਬਾਰੀ ਮਗਰੋਂ ਮੁੜ ਸੜਕਾਂ ’ਤੇ ਉੱਤਰੇ ਮੁਜ਼ਾਹਰਾਕਾਰੀ

ਯੈਂਗੌਨ (ਸਮਾਜ ਵੀਕਲੀ) : ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ’ਚ ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਗਈ ਗੋਲੀਬਾਰੀ ’ਚ ਦੋ ਜਣਿਆਂ ਦੀ ਮੌਤ ਹੋਣ ਤੋਂ ਇੱਕ ਦਿਨ ਬਾਅਦ ਅੱਜ ਮਿਆਂਮਾਰ ਦੇ ਕਈ ਸ਼ਹਿਰਾਂ ’ਚ ਮੁੜ ਤੋਂ ਪ੍ਰਦਰਸ਼ਨਕਾਰੀ ਇਕੱਠੇ ਹੋ ਗਏ। ਪੁਲੀਸ ਦੀ ਗੋਲੀ ਨਾਲ ਮਾਰੇ ਗਏ ਇਕ ਨੌਜਵਾਨ ਦਾ ਅੰਤਿਮ ਸੰਸਕਾਰ ਵੀ ਇਸੇ ਦੌਰਾਨ ਕੀਤਾ ਗਿਆ। ਆਂਗ ਸਾਂ ਸੂ ਕੀ ਦੀ ਸਰਕਾਰ ਦੇ ਪਹਿਲੀ ਫਰਵਰੀ ਨੂੰ ਹੋਏ ਰਾਜ ਪਲਟੇ ਤੋਂ ਬਾਅਦ ਦੇਸ਼ ਦੀਆਂ ਸੜਕਾਂ ’ਤੇ ਹੋ ਰਹੇ ਰੋਸ ਮੁਜ਼ਾਹਰਿਆਂ ’ਚ ਹਜ਼ਾਰਾਂ ਲੋਕ ਹਿੱਸਾ ਲੈ ਰਹੇ ਹਨ ਅਤੇ ਇਨ੍ਹਾਂ ਪ੍ਰਦਰਸ਼ਨਾਂ ’ਚ ਪਹਿਲੀ ਮੌਤ ਮਯਾ ਥਵੇਟ ਥਵੇਟ ਖਿਨੇ ਨਾਂ ਦੀ ਲੜਕੀ ਦੀ ਹੋਈ ਸੀ। ਇਸ ਲੜਕੀ ਨੂੰ ਉਸ ਦੇ 20ਵੇਂ ਜਨਮ ਦਿਨ ਤੋਂ ਦੋ ਦਿਨ ਪਹਿਲਾਂ ਨੌਂ ਫਰਵਰੀ ਨੂੰ ਗੋਲੀ ਵੱਜੀ ਸੀ। ਉਸ ਦੀ ਮੌਤ ਸ਼ੁੱਕਰਵਾਰ ਨੂੰ ਹੋਈ ਸੀ।

ਜਿਸ ਹਸਪਤਾਲ ’ਚ ਉਸ ਦੀ ਦੇਹ ਰੱਖੀ ਗਈ ਸੀ, ਉਸ ਦੇ ਬਾਹਰ ਕਰੀਬ ਇੱਕ ਹਜ਼ਾਰ ਲੋਕ ਗੱਡੀਆਂ ਤੇ ਮੋਟਰਸਾਈਕਲਾਂ ’ਤੇ ਇਕੱਠੇ ਹੋ ਗਏ। ਹਾਲਾਂਕਿ ਹਸਪਤਾਲ ’ਚ ਲੜਕੀ ਦੇ ਬਜ਼ੁਰਗ ਰਿਸ਼ਤੇਦਾਰਾਂ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ ਗਿਆ। ਜਦੋਂ ਉਸ ਦੀ ਲਾਸ਼ ਸੌਂਪੀ ਗਈ ਤਾਂ ਹਸਪਤਾਲ ਤੋਂ ਕਬਰਿਸਤਾਨ ਤੱਕ ਗੱਡੀਆਂ ਦਾ ਲੰਮਾ ਕਾਫਿਲਾ ਦੇਹ ਦੇ ਨਾਲ ਸੀ। ਤਕਰੀਬਨ ਇਕ ਹਜ਼ਾਰ ਲੋਕਾਂ ਨੇ ਸੜਕ ਕਿਨਾਰੇ ਖੜ੍ਹੇ ਹੋ ਕੇ ਮ੍ਰਿਤਕਾ ਨੂੰ ਸ਼ਰਧਾਂਜਲੀ ਭੇਟ ਕੀਤਾ। ਇਸੇ ਤਰ੍ਹਾਂ ਮਾਂਡਲੇ ’ਚ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਸ਼ਨਿਚਰਵਾਰ ਨੂੰ ਪੁਲੀਸ ਦੀ ਗੋਲੀ ਨਾਲ ਦੋ ਮੁਜ਼ਾਹਰਾਕਾਰੀ ਮਾਰੇ ਗਏ ਸਨ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਰਬੜ ਦੀਆਂ ਗੋਲੀਆਂ, ਜਲ ਤੋਪਾਂ ਤੇ ਗੁਲੇਲ ਦੀ ਵਰਤੋਂ ਤੋਂ ਇਲਾਵਾ ਗੋਲੀਆਂ ਵੀ ਚਲਾਈਆਂ ਹਨ।

Previous articleCovid-19 vaccination picks up speed in Austria
Next articleUK records another 9,834 Covid cases, 215 deaths