ਪੁਲੀਸ ਤੇ ਪ੍ਰਸ਼ਾਸਨ ਦੀਆਂ 125 ਟੀਮਾਂ ਸੜਕਾਂ ’ਤੇ ਹੋਣ ਦੇ ਬਾਵਜੂਦ ਕਰੋੜਾਂ ਦੀ ਲੁੱਟ

ਲੌਂਗੋਵਾਲ ’ਚ ਹੋਏ ਹਾਦਸੇ ਤੋਂ ਬਾਅਦ ਜ਼ਿਲ੍ਹਾ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਕੂਲੀ ਬੱਸਾਂ ਦੀ ਚੈਕਿੰਗ ਲਈ 125 ਟੀਮਾਂ ਬਣਾ ਕੇ ਸੜਕਾਂ ’ਤੇ ਉਤਾਰੀਆਂ ਗਈਆਂ ਸਨ ਤੇ ਇਹ ਟੀਮਾਂ ਸੜਕਾਂ ’ਤੇ ਸਕੂਲੀ ਵਾਹਨਾਂ ਦੀ ਚੈਕਿੰਗ ਕਰ ਰਹੀਆਂ ਸਨ। ਕਈ ਥਾਵਾਂ ’ਤੇ ਪੁਲੀਸ ਨੇ ਨਾਕੇ ਲਾਏ ਹੋਏ ਸਨ ਤੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਸ਼ਹਿਰ ਦੀਆਂ ਸੜਕਾਂ ’ਤੇ ਐਨੀ ਵੱਡੀ ਗਿਣਤੀ ’ਚ ਪੁਲੀਸ ਤੇ ਪ੍ਰਸ਼ਾਸਨ ਦਾ ਅਮਲਾ ਤਾਇਨਾਤ ਹੋਣ ਦੇ ਬਾਵਜੂਦ ਲੁਟੇਰੇ ਆਈਆਈਐੱਫ਼ਐੱਲ ਗੋਲਡ ਲੋਨ ਕੰਪਨੀ ’ਚੋਂ ਦਿਨ‘ਦਿਹਾੜੇ 30 ਕਿੱਲੋ ਸੋਨਾ ਲੁੱਟ ਕੇ ਫ਼ਰਾਰ ਹੋ ਗਏ। ਲੁਟੇਰੇ 20 ਮਿੰਟ ਤੱਕ ਕੰਪਨੀ ਦੇ ਦਫ਼ਤਰ ਦੇ ਅੰਦਰ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਲੁੱਟ ਕਰਦੇ ਰਹੇ, ਪਰ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ। ਲੁਟੇਰਿਆਂ ਨੇ ਐਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਬਾਹਰ ਨਿਕਲ ਕੇ ਤਿੰਨ ਲੁੇਟੇਰੇ ਗੱਡੀ ’ਚ ਸਵਾਰ ਹੋ ਗਏ ਤੇ ਚੌਥੇ ਲੁਟੇਰੇ ਨੇ ਆਰਾਮ ਨਾਲ ਗੇਟ ਨੂੰ ਤਾਲਾ ਲਗਾ ਦਿੱਤਾ। ਕੰਪਨੀ ਦੇ ਦਫ਼ਤਰ ਦੇ ਸਾਹਮਣੇ ਸੀਆਈਏ-3 ਦੇ ਦਫ਼ਤਰ ਦੇ ਬਾਹਰ ਵੀ ਪੁਲੀਸ ਮੁਲਾਜ਼ਮ ਖੜ੍ਹੇ ਸਨ, ਪਰ ਉਹ ਘਟਨਾ ਦਾ ਅੰਦਾਜ਼ਾ ਨਹੀਂ ਲਗਾ ਸਕੇ। ਮੁਲਜ਼ਮਾਂ ਨੂੰ ਦਫ਼ਤਰ ਦੇ ਅੰਦਰ ਦੀ ਵੀ ਹਰ ਜਾਣਕਾਰੀ ਸੀ। ਮੁਲਜ਼ਮਾਂ ਨੇ ਇੱਥੋਂ ਤੱਕ ਯੋਜਨਾ ਬਣਾ ਕੇ ਰੱਖੀ ਸੀ ਕਿ ਕਾਰ ਕਿੱਥੇ ਰੋਕਣੀ ਹੈ ਤਾਂ ਜੋ ਬਾਹਰ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਨਾ ਹੋ ਸਕਣ। ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਾਰ ਕੁਝ ਦੂਰੀ ’ਤੇ ਰੋਕੀ ਤੇ ਦੋ ਲੁਟੇਰੇ ਸਾਹਮਣੇ ਸਾਈਡ ਤੋਂ ਤੇ ਦੋ ਲੁਟੇਰੇ ਫੁਟਪਾਥ ਤੋਂ ਅੰਦਰ ਦਾਖਲ ਹੋਏ। ਉਨ੍ਹਾਂ ਦਫ਼ਤਰ ’ਚ ਵੜਦੇ ਹੀ ਹਥਿਆਰ ਕੱਢ ਲਏ ਅਤੇ ਸਟਾਫ਼ ਤੇ ਮੈਨੇਜਰ ਨੂੰ ਧਮਕਾ ਕੇ ਬੰਦ ਬਣਾਉਣ ਤੋਂ ਬਾਅਦ ਲੁੱਟ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਲੁਟੇਰੇ ਨੇ ਸੀਸੀਟੀਵੀ ਕੈਮਰੇ ਤੋੜੇ ਤੇ ਡੀਵੀਆਰ ਬਾਹਰ ਕੱਢ ਲਿਆ। ਉਹ ਸਾਰਿਆਂ ਨੂੰ ਇੱਕ ਕੈਬਿਨ ਵਿੱਚ ਬੰਦ ਕਰ ਕੇ ਫ਼ਰਾਰ ਹੋ ਗਏ। ਕਿਸੇ ਤਰ੍ਹਾਂ ਖੁਦ ਨੂੰ ਛੁਡਵਾ ਕੇ ਕਰਮਚਾਰੀਆਂ ਨੇ ਫੋਨ ਕੀਤੇ ਤੇ ਰੌਲਾ ਪਾਇਆ।

Previous articleUP Board exams begin for 56 lakh students
Next articleਦੇਸ਼ਧ੍ਰੋਹ ਕੇਸ: ਕਸ਼ਮੀਰ ਦੇ ਤਿੰਨ ਇੰਜਨੀਅਰਿੰਗ ਵਿਦਿਆਰਥੀ ਮੁੜ ਗ੍ਰਿਫ਼ਤਾਰ